ਬਾਰਾਂ ਵਜੇ ਤੋਂ ਬਾਅਦ ਖੁੱਲ੍ਹਦੀ ਹੈ। ਫਿਰ ਵੀ ਮੈਨੂੰ ਅੱਚਵੀ ਲੱਗੀ ਹੋਈ ਸੀ। ਉਡੀਕ ਰਿਹਾ ਸਾਂ, ਖਿੜਕੀ ਹੁਣ ਖੁੱਲ੍ਹੀ, ਹੁਣ ਖੁੱਲ੍ਹੀ। ਖਿੜਕੀ ਅੱਗੇ ਮੁਸਾਫ਼ਰਾਂ ਦੀ ਕਤਾਰ ਹੁਣ ਤੋਂ ਹੀ ਲੱਗਦੀ ਜਾ ਰਹੀ ਸੀ। ਪਰ ਇਹ ਮੁਸਾਫ਼ਰ ਬਹੁਤੇ ਨਹੀਂ ਸਨ। ਬਸ ਗਿਣਤੀ ਦੇ ਦਸ ਬਾਰਾਂ ਹੀ। ਮੈਂ ਬੈਂਚ ਉੱਤੇ ਹੀ ਬੈਠਾ ਰਿਹਾ ਸਾਂ। ਖਿੜਕੀ ਖੁੱਲ੍ਹੇਗੀ, ਟਿਕਟ ਮਿਲਣ ਲੱਗਣਗੇ, ਆਪੇ ਪਤਾ ਲੱਗ ਜਾਵੇਗਾ।
ਉਹ ਮੇਰੇ ਵਾਲੇ ਬੈਂਚ ਉੱਤੇ ਮੇਰੇ ਕੋਲ ਹੀ ਬੈਠ ਗਿਆ। ਕਾਫ਼ੀ ਨਜ਼ਦੀਕ ਜਿਹਾ ਹੋ ਕੇ। ਮੈਨੂੰ ਉਸ ਵਿੱਚੋਂ ਮੁਸ਼ਕ ਆਇਆ। ਮੈਂ ਉਸ ਵੱਲ ਘ੍ਰਿਣਾ ਭਰੀਆਂ ਨਜ਼ਰਾਂ ਨਾਲ ਝਾਕਿਆ। ਉਹ ਗਹੁ ਨਾਲ ਮੇਰੀ ਅਖ਼ਬਾਰ ਵੱਲ ਝਾਕ ਰਿਹਾ ਸੀ। ਉਸ ਦੀ ਇੱਕ ਅੱਖ ਕਾਣੀ ਸੀ। ਦੂਜੀ ਅੱਖ ਦਾ ਆਂਡਾ ਜ਼ਰਦ ਜਿਹਾ ਸੀ। ਇਸ ਜ਼ਰਦ ਆਂਡੇ ਵਾਲੀ ਅੱਖ ਨਾਲ ਹੀ ਉਸ ਨੂੰ ਦਿਸਦਾ ਹੋਵੇਗਾ। ਕਾਣੀ ਅੱਖ ਤਾਂ ਬਸ ਨਾਉਂ ਨੂੰ ਹੀ ਅੱਖ ਲੱਗਦੀ ਸੀ। ਨਹੀਂ ਤਾਂ ਕੋਈ ਜਾਨ ਨਹੀਂ ਦਿਸਦੀ ਸੀ ਉਸ ਵਿੱਚ। ਉਸ ਦੀ ਕਰੜ ਬਰੜੀ ਦਾੜ੍ਹੀ ਤੇ ਮੁੱਛਾਂ ਬਹੁਤ ਛੋਟੀਆਂ ਸਨ। ਉਹ ਕੱਟੀਆਂ ਹੋਈਆਂ ਵੀ ਨਹੀਂ ਦਿਸਦੀਆਂ ਸਨ। ਇਉਂ ਲੱਗਦਾ ਸੀ, ਜਿਵੇਂ ਘਸਦੀਆਂ-ਘਸਦੀਆਂ ਹੀ ਐਡੀਆਂ ਕੁ ਰਹਿ ਗਈਆਂ ਹੋਣ। ਖੱਬੀ ਬਾਂਹ ਸਾਬਤ, ਜਿਸ ਵਿੱਚ ਲੋਹੇ ਦਾ ਕੜਾ ਤੇ ਸੱਜੀ ਬਾਂਹ ਡੌਲੇ ਕੋਲੋਂ ਵੱਢੀ ਹੋਈ ਸੀ। ਉਸ ਦਾ ਟੁੰਡ ਮੱਝ ਦੀ ਟੁੱਟੀ ਪੂਛ ਵਾਂਗ ਹਿੱਲਦਾ ਬਹੁਤ ਬੁਰਾ ਲੱਗ ਰਿਹਾ ਸੀ। ਸੱਚੀ ਗੱਲ ਹੈ, ਮੈਨੂੰ ਤਾਂ ਉਸ ਆਦਮੀ ਦੇ ਮੇਰੇ ਬਹੁਤ ਨਜ਼ਦੀਕ ਆ ਕੇ ਬੈਠਣ 'ਤੇ ਗ਼ੁੱਸਾ ਆਇਆ। ਓਧਰ ਬੈਂਚ ਖ਼ਾਲੀ ਪਿਆ ਸੀ। ਓਥੇ ਜਾ ਬੈਠਦਾ। ਜੇ ਏਸੇ ਬੈਂਚ ਉੱਤੇ ਬੈਠਣਾ ਸੀ ਤਾਂ ਕਿਸੇ ਦੇ ਐਨਾ ਨਜ਼ਦੀਕ ਹੋ ਕੇ ਬੈਠਣ ਦਾ ਕੀ ਮਤਲਬ? ਕਿੰਨੇ ਗਵਾਰ ਹਨ ਇਹ ਲੋਕ। ਨ੍ਹਾਉਣਾ ਨਹੀਂ, ਧੋਣਾ ਨਹੀਂ, ਪਸ਼ੂਆਂ ਵਾਂਗ ਤੁਰੇ ਫਿਰਦੇ ਹਨ। ਤੇ ਫਿਰ ਦੇਖੋ, ਅਖ਼ਬਾਰ ਵੱਲ ਕਿਵੇਂ ਝਾਕੀ ਜਾ ਰਿਹਾ ਹੈ, ਜਿਵੇਂ ਪੜ੍ਹਨ ਜਾਣਦਾ ਹੋਵੇ। ਭਲਿਆ-ਮਾਣਸਾ, ਪੜ੍ਹਨਾ ਤਾਂ ਆਉਂਦਾ ਨਹੀਂ, ਅੱਖਰਾਂ ਵੱਲ ਝਾਕਣ ਦਾ ਕੀ ਲਾਭ? ਪੈਂਟ-ਬੁਰਸ਼ਟ ਪਾ ਛੱਡੀ ਹੈ। ਪੱਗ ਦੇਖੋ ਕਿਵੇਂ ਘੋਟ-ਘੋਟ ਬੰਨ੍ਹੀ ਹੈ। ਆਉਂਦਾ ਤਾਂ ਇੱਲ੍ਹ ਤੋਂ ਕੁੱਕੜ ਨਹੀਂ ਹੋਣਾ।
ਵਿਚਕਾਰਲਾ ਸਫ਼ਾ ਤਾਂ ਦੇਣਾ ਜ਼ਰਾ, ਭਾਈ ਸਾਹਬ।' ਕਹਿ ਕੇ ਉਸ ਨੇ ਮੇਰੇ ਫ਼ਜ਼ੂਲ ਵਿਚਾਰਾਂ ਦੀ ਲੜੀ ਤੋੜ ਦਿੱਤੀ ਹੈ। ਹੈਂ, ਇਹ ਤਾਂ ਪੜ੍ਹਨਾ ਜਾਣਦਾ ਹੈ। ਸੁਰਖ਼ੀਆਂ ਦੇਖ ਕੇ ਉਹ ਖ਼ਬਰਾਂ ਨੂੰ ਡਿਟੇਲ ਵਿੱਚ ਪੜ੍ਹਨ ਲੱਗਿਆ।
'ਮੋਗੇ ਵਿੱਚ ਸਟੂਡੈਂਟਾਂ 'ਤੇ ਚੱਲੀ ਗੋਲੀ ਦੀ ਅਸਲੀਅਤ ਅਖ਼ਬਾਰਾਂ ਵਾਲੇ ਘੱਟ ਹੀ ਪੇਸ਼ ਕਰਦੇ ਹਨ।' ਉਸ ਨੇ ਸਹਿਜ ਸੁਭਾਅ ਹੀ ਆਖਿਆ, ਜਿਵੇਂ ਆਪਣੇ ਆਪ ਨੂੰ ਹੀ ਕਿਹਾ ਹੋਵੇ। ਪਰ ਮੈਨੂੰ ਵੀ ਹੁੰਗਾਰਾ ਭਰਨਾ ਬਣਦਾ ਸੀ।
'ਕੁਝ ਕਹਿ ਨਹੀਂ ਸਕਦੇ।' ਮੈਂ ਸਿਰਫ਼ ਐਨਾ ਹੀ ਕਹਿ ਸਕਿਆ। ਜਦ ਉਹ ਬੋਲਿਆ ਸੀ, ਮੈਨੂੰ ਉਸ ਦੇ ਦੰਦ ਬਹੁਤ ਮੈਲੇ ਦਿਸੇ ਸਨ। ਪੀਲੇ ਪੀਲੇ ਜਿਵੇਂ ਮੱਕੀ ਦਾ ਆਟਾ ਜੰਮਿਆ ਹੋਇਆ ਹੋਵੇ। ਅਨੁਮਾਨ ਸੀ, ਦਾਤਣ ਜਾਂ ਬੁਰਸ਼ ਜੰਮ ਕੇ ਵੀ ਨਹੀਂ ਕੀਤਾ ਹੋਵੇਗਾ, ਪਰ ਇਸ ਵਾਰ ਮੈਂ ਇਸ ਗੱਲ ਨੂੰ ਜ਼ਿਆਦਾ ਮਹਿਸੂਸ ਨਹੀਂ ਕੀਤਾ। ਮੈਨੂੰ ਉਹ ਮਨੁੱਖ ਵਿੱਚ ਕੁਝ-ਕੁਝ ਦਿਲਚਸਪੀ ਹੋ ਗਈ। ਪੜ੍ਹਿਆ ਹੋਇਆ ਵੀ ਹੈ ਅਤੇ
14
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ