ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੜਬ ਦੇ ਟਾਂਡੇ

ਅੱਖਾਂ ਦੇ ਹੇਠਲੇ ਪਾਸੇ ਅਰਧ-ਚੰਦ ਆਕਾਰ ਦੇ ਕਾਲੇ ਨਿਸ਼ਾਨ, ਸੁੱਕੀਆਂ ਜਾਭਾਂ, ਦੰਦਾਂ ਦਾ ਮਾਸ ਖੁਰਿਆ ਹੋਇਆ ਤੇ ਉਨ੍ਹਾਂ ਦੀਆਂ ਵਿਰਲਾਂ ਵਿੱਚ ਪੀਲਕ ਜੰਮੀ ਹੋਈ। ਛਾਤੀ ਢਿਲਕੀ ਹੋਈ, ਅੱਖਾਂ ਦੀ ਝਾਕਣੀ ਵਿੱਚ ਘੋਰ-ਉਦਾਸੀ, ਤੋਰ ਵਿੱਚ ਕੋਈ ਖਿੱਚ ਨਹੀਂ। ਗੱਲ ਕਰਦੀ, ਜਿਵੇਂ ਘਰੋਂ ਹੀ ਅੱਕੀ ਅਕਾਈ ਆਈ ਹੋਵੇ। ਡਰਾਈਵਰ-ਕੱਟ ਦਾੜ੍ਹੀ-ਮੁੱਛਾਂ ਵਾਲੇ ਇੱਕ ਮਾਸਟਰ ਨੇ ਮਲਕੀਤ ਕੌਰ ਦਾ ਨਾਉਂ ਬਾਲਣ ਕੌਰ ਧਰ ਦਿੱਤਾ।

ਸੁੱਕੀ ਸੜੀ, ਮਰੀ ਖਪੀ, ਵਾਧੂ ਜਿਹੀ ਤੀਵੀਂ, ਨਿਰਾ ਚੁੱਲੇ ਦਾ ਬਾਲਣ-ਹੁਣ ਮੱਚੀ, ਹੁਣ ਮੱਚੀ।

ਓਦਣ ਉਹ ਵਿਆਹ ਕਰਵਾ ਕੇ ਪਹਿਲੇ ਦਿਨ ਸਕੂਲ ਆਈ ਸੀ। ਸਾਂਝੀ-ਵਿਦਿਆ ਦੇ ਸਕੂਲ ਵਿੱਚ ਹੋਰ ਵੀ ਕਈ ਅਧਿਆਪਕਾਵਾਂ ਸਨ ਤੇ ਉਹ ਸਾਰੀਆਂ ਖੁਸ਼ ਹੀ ਨਹੀਂ, ਸਗੋਂ ਚਾਂਭੜਾਂ ਪਾਉਂਦੀਆਂ ਕਿ ਮਲਕੀਤ ਕੌਰ ਦਾ ਵਿਆਹ ਹੋ ਗਿਆ ਹੈ। ਮਾਸਟਰ ਉਹਦੇ ਵਿਆਹ ਦੀਆਂ ਗੱਲਾਂ ਕਰਦੇ।

'ਮੂੰਹ ਦੇਖ ਬਾਲਣ ਕੁਰ ਦਾ, ਜਿਵੇਂ ਹੱਡਾ-ਰੋੜੀ 'ਚੋਂ ਕੁੱਤੀ ਨਿੱਕਲ ਕੇ ਆਈ ਹੁੰਦੀ ਐ!" ਉਸ ਦੇ ਬੁੱਲ੍ਹਾਂ ਉੱਤੇ ਲੱਗੀ ਗੂੜ੍ਹੀ ਸੁਰਖੀ ਨੂੰ ਦੇਖ ਕੇ, ਤਿੱਖੀਆਂ ਅੱਖਾਂ ਤੇ ਕੱਟੀ ਹੋਈ ਦਾੜ੍ਹੀ ਵਾਲੇ ਸ਼ੂਕੇ ਜਿਹੇ ਮਾਸਟਰ ਨੇ ਤਨਜ਼ ਕਸੀ। ਮਾਸਟਰਾਂ ਦੀ ਢਾਣੀ ਵਿੱਚ ਹਾਸਾ ਅਸਮਾਨ ਜਾ ਚੜ੍ਹਿਆ।

'ਓਏ ਚੱਲ ਇਹਦਾ ਵੀ ਬਚਾਰੀ ਦਾ ਜੱਗ 'ਚ ਸੀਰ ਹੋ ਗਿਐ।' ਖੁੱਲ੍ਹੀ ਦਾੜ੍ਹੀ ਤੇ ਢਿਲਕੀ ਪੱਗ ਵਾਲੇ ਗਿਆਨੀ ਨੇ ਹਮਦਰਦੀ ਪ੍ਰਗਟ ਕੀਤੀ।

'ਏਦੂੰ ਤਾਂ ਸਾਲਾ ਬੱਕਰੀ ਨਾਲ ਵਿਆਹ ਕਰਵਾ ਲੈਂਦਾ। ਦੋ ਸੇਰ ਧਾਰਾਂ ਤਾਂ ਦਿੰਦੀ!' ਓਸੇ ਡਰਾਈਵਰ-ਕੱਟ ਦਾੜ੍ਹੀ-ਮੁੱਛਾਂ ਵਾਲੇ ਮਾਸਟਰ ਨੇ ਉਸਦੀਆਂ ਢਿਲਕੀਆਂ ਛਾਤੀਆਂ ਉੱਤੇ ਚੋਟ ਕੀਤੀ।

'ਫੇਰ ਕੀ ਲੂਲ੍ਹਾਂ ਆਲੇ ਖੇਡਣਗੇ? ਬੱਤੀ-ਤੇਤੀ ਸਾਲ ਮਗਰੋਂ ਕੌਲ ਇਹਦਾ ਮੱਚ ਨੀ ਗਿਆ ਹੋਊਂ?' ਉਹੀ ਸ਼ੂਕਾ ਮਾਸਟਰ ਬੁੜ੍ਹਕ ਬੁੜ੍ਹਕ ਹੱਸਿਆ।

ਓਧਰ ਉਹਦੀਆਂ ਸਾਥੀ-ਅਧਿਆਪਕਾਵਾਂ- ਕੋਈ ਉਹਦੇ ਕੰਨਾਂ ਦੀਆਂ ਬਾਲੀਆਂ ਨੂੰ ਦੇਖਦੀ, ਕੋਈ ਉਸਦੀਆਂ ਚਿੱਟੀਆਂ ਚਪਲੀਆਂ ਨੂੰ ਉਸਦੇ ਪੈਰਾਂ ਵਿਚੋਂ ਲੁਹਾ ਕੇ ਆਪਣੇ ਪੈਰਾਂ ਵਿੱਚ ਪਾ-ਪਾ। ਕੋਈ ਉਸਦੇ ਸੂਟ ਦਾ ਕੱਪੜਾ ਉਂਗਲਾਂ ਵਿੱਚ ਮਲ-ਮਲ ਦੇਖਦੀ ਸੀ, ਤੇ ਕਿਸੇ ਦੀ ਨਿਗਾਅ ਉਸਦੇ ਮੂੰਹ ਉੱਤੇ ਫਿਰ ਰਹੀ ਸੀ।

ਕੜਬ ਦੇ ਟਾਂਡੇ

141