ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਲਕੀਤ ਕੌਰ ਰਾਣੀ ਬਣੀ ਬਾਹਾਂ ਵਾਲੀ ਕੁਰਸੀ ਉੱਤੇ ਜਚੀ ਬੈਠੀ ਸੀ। ਕੋਈ ਅਧਿਆਪਕਾ ਉਸ ਤੋਂ ਕੋਈ ਗੱਲ ਪੁੱਛਦੀ ਤਾਂ ਉਹ ਸਿਆਣੀ ਜਿਹੀ ਬਣਕੇ, ਪੋਲਾ ਜਿਹਾ ਬੋਲ ਕੇ ਜਵਾਬ ਦਿੰਦੀ। ਚੁੰਨੀ ਦੀ ਬੁੱਕਲ ਮਾਰੀ ਓਦਣ ਉਹ ਬੜੀ ਹੀ ਸਾਊ ਲੱਗ ਰਹੀ ਸੀ, ਬੜੀ ਹੀ ਚੰਗੀ।

ਉਸਦਾ ਪਿਓ ਇੱਕ ਰਿਟਾਇਰਡ ਫੌਜੀ ਸੀ। ਉਸਦੇ ਦੋ ਮੁੰਡੇ ਤੇ ਦੋ ਕੁੜੀਆਂ ਸਨ। ਮੁੰਡੇ ਦੋਵੇਂ ਵੱਡੇ ਸਨ। ਦੋਵੇਂ ਮੁੰਡੇ ਵਿਆਹੇ ਹੋਏ ਸਨ ਤੇ ਪਿਓ ਦੇ ਫੌਜੀ-ਰੋਹਬ ਤੋਂ ਤੰਗ ਆ ਕੇ ਅੱਡ ਹੋ ਗਏ। ਵੱਡੀ ਕੁੜੀ ਅਣਪੜ੍ਹ ਰਹਿ ਗਈ ਤੇ ਉਹ ਉਸਨੇ ਮੁੰਡਿਆਂ ਦੇ ਅੱਡ ਹੋਣ ਤੋਂ ਪਹਿਲਾਂ ਕਦੋਂ ਦੀ ਵਿਆਹ ਦਿੱਤੀ। ਮਲਕੀਤ ਜਦ ਉਡਾਰ ਹੋਈ ਤਾਂ ਉਸਨੂੰ ਪੜ੍ਹਨ ਲਾ ਦਿੱਤਾ ਤੇ ਉਹ ਦਸਵੀਂ ਪਾਸ ਕਰਕੇ ਵੀਹ ਬਾਈ ਸਾਲ ਦੀ ਉਮਰ ਵਿੱਚ ਜੇ.ਬੀ.ਟੀ. ਕਰ ਗਈ। ਉਸ ਤੋਂ ਪਿੱਛੋਂ ਅਧਿਆਪਕਾ ਵੀ ਲੱਗ ਗਈ। ਜਦ ਉਸਦਾ ਵਿਆਹ ਹੋਇਆ, ਉਸਦੀ ਸਰਵਿਸ ਸੱਤ-ਅੱਠ ਸਾਲ ਹੋ ਚੁੱਕੀ ਸੀ।

ਉਹਦਾ ਪਿਓ ਚਾਹੁੰਦਾ ਸੀ ਕਿ ਉਹ ਉਸਨੂੰ ਕਿਸੇ ਵੱਡੇ ਘਰ ਵਿਆਹੇਗਾ ਅਤੇ ਚੰਗਾ ਮੁੰਡਾ ਭਾਲੇਗਾ। ਉਹ ਜਦ ਜੇ.ਬੀ.ਟੀ. ਕਰ ਗਈ ਤੇ ਫਿਰ ਨੌਕਰ ਹੋ ਕੇ ਤਨਖ਼ਾਹ ਪਾਉਣ ਲੱਗ ਪਈ, ਫਿਰ ਤਾਂ ਉਸਦੇ ਪਿਓ ਨੂੰ ਹੌਸਲਾ ਹੋ ਗਿਆ ਕਿ ਉਹ ਕਮਾਉ ਵੀ ਹੋ ਗਈ ਹੈ। ਹੁਣ ਤਾਂ ਵੀਹ ਜੱਟਾਂ ਦੇ ਪੁੱਤ ਉਸ ਵੱਲ ਹੱਥ ਅੱਡਣਗੇ।

ਉਹ ਕਈ ਥਾਂ ਮੁੰਡਾ ਦੇਖਣ ਗਿਆ। ਜ਼ਮੀਨ ਚੰਗੀ ਹੁੰਦੀ ਤਾਂ ਮੁੰਡਾ ਪਸੰਦ ਨਹੀਂ ਸੀ ਆਉਂਦਾ। ਜ਼ਮੀਨ ਵੀ ਚੰਗੀ ਹੁੰਦੀ, ਮੁੰਡਾ ਵੀ ਪਸੰਦ ਆ ਜਾਂਦਾ ਤਾਂ ਮੁੰਡਾ ਅਣਪੜ੍ਹ ਨਿੱਕਲ ਜਾਂਦਾ। ਮੁੰਡਾ ਪਸੰਦ ਵੀ ਆ ਜਾਂਦਾ ਤੇ ਪੜ੍ਹਿਆ ਲਿਖਿਆ ਵੀ ਹੁੰਦਾ ਤਾਂ ਜ਼ਮੀਨ ਦਾ ਖੁੱਡ ਨਾ ਹੁੰਦਾ। ਕਈ ਥਾਂ ਸਭ ਕੁਝ ਜਚ ਜਾਂਦਾ, ਪਰ ਫੌਜੀ ਪੱਧਰ ਗੱਲਾਂ ਕਰਨ ਲੱਗ ਪੈਂਦਾ, 'ਸਾਡੀ ਕੁੜੀ ਨੇ ਗੋਹਾ ਕੂੜਾ ਤਾਂ ਸਿੱਟਣਾ ਨੀ। ਸਾਡੀ ਕੁੜੀ ਨੇ ਸੱਸ ਦਾ ਮੰਦਾ ਬੋਲ ਨੀ ਸਹਾਰਾਨਾ। ਸਾਡੀ ਕੁੜੀ ਨੇ ਨੌਕਰੀ ਤਾਂ ਛੱਡਣੀ ਨੀ। ਸਾਡੀ ਕੁੜੀ ਮਨ ਭੌਂਦਾ ਹੰਢਾਊ, ਮਨ ਭਾਉਂਦਾ ਖਾਊ। ਸਾਡੀ ਕੁੜੀ....।' ਇਸ ਤਰ੍ਹਾਂ ਹੀ ਉਸਦੇ ਪਿਓ ਨੇ ਚਾਰ ਪੰਜ ਸਾਲ ਲੰਘਾ ਦਿੱਤੇ।

ਹਰ ਮਹੀਨੇ ਤਨਖ਼ਾਹ ਲਿਆ ਕੇ ਮਲਕੀਤ ਆਪਣੇ ਪਿਓ ਨੂੰ ਫੜਾ ਦਿੰਦੀ। ਹਰ ਮਹੀਨੇ ਉਹਦਾ ਪਿਓ ਡਾਕਖ਼ਾਨੇ ਦੀ ਕਾਪੀ ਵਿੱਚ ਇੱਕ ਸੌ ਰੁਪਈਆ ਮਲਕੀਤ ਦੇ ਨਾਉਂ ਜਮ੍ਹਾ ਕਰਵਾ ਦਿੰਦਾ। ਇਸ ਤਰ੍ਹਾਂ ਪੰਜ ਹਜ਼ਾਰ ਰੁਪਏ ਤੋਂ ਉੱਤੇ ਨਾਮਾ ਉਸਦੀ ਕਾਪੀ ਵਿੱਚ ਜਮ੍ਹਾ ਹੋ ਚੁੱਕਿਆ ਸੀ।

ਮਲਕੀਤ ਕੁੜੀਆਂ ਵਰਗੀ ਕੁੜੀ ਨਹੀਂ ਸੀ। ਉਹ ਹਮੇਸ਼ਾ ਆਪਣੇ ਪਿਓ ਦੀ ਆਗਿਆ ਵਿੱਚ ਰਹਿੰਦੀ। ਜਿੱਥੇ ਕਹਿੰਦਾ ਬੈਠਦੀ ਉਠਦੀ। ਜਿਹੜਾ ਕੱਪੜਾ ਦਿੰਦਾ ਪਹਿਨਦੀ ਤੇ ਜਿਹੜਾ ਕੰਮ ਆਖਦਾ ਕਰਦੀ। ਬਹੁਤ ਨਰਮ। ਮੂੰਹ ਵਿੱਚ ਬੋਲ ਨਹੀਂ ਸੀ। ਉਹ ਦਿਨੋ ਦਿਨ ਵੱਡੀ ਹੋ ਰਹੀ ਸੀ। ਉਹਦੇ ਪਿਓ ਨੂੰ ਮੁੰਡਾ ਨਹੀਂ ਸੀ ਲੱਭਦਾ। ਕੋਈ ਕਣ ਵਾਲੀ ਕੁੜੀ ਹੁੰਦੀ ਤਾਂ ਕਿਸੇ ਹਾਣੀ ਨਾਲ ਸਬੰਧ ਪੈਦਾ ਕਰ ਲੈਂਦੀ ਤੇ ਆ ਕੇ ਪਿਓ ਨੂੰ ਕਹਿ ਦਿੰਦੀ-'ਬਾਪੂ ਜੀ ਮੈਂ ਆਪਣਾ ਸਾਥੀ ਭਾਲ ਲਿਆਂਦਾ।' ਪਰ ਉਹ ਇਸ ਤਰ੍ਹਾਂ ਦੀ ਕੁੜੀ ਨਹੀਂ ਸੀ। ਉਹ ਤਾਂ ਗਊ ਸੀ ਤੇ ਸਮਝਦੀ ਸੀ ਕਿ ਉਹਦਾ ਪਿਓ ਉਹਦਾ ਰੱਸਾ

142

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ