ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/144

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਜ਼ਾਰ ਵਿਚੋਂ ਕੁਝ ਕੱਪੜੇ ਤੇ ਹੋਰ ਸਮਾਨ ਖਰੀਦਣਾ ਸੀ। ਜਿੰਨਾ ਚਿਰ ਉਹ ਮੀਟਿੰਗ ਵਿੱਚ ਰਿਹਾ, ਓਨਾ ਚਿਰ ਉਹ ਆਪਣੀ ਕਿਸੇ ਸਹੇਲੀ ਦੇ ਘਰ ਬੈਠੀ ਰਹੀ। ਮੀਟਿੰਗ ਖ਼ਤਮ ਹੋਈ ਤਾਂ ਉਹ ਦੋਵੇਂ ਬਾਜ਼ਾਰ ਵਿੱਚ ਲੋੜੀਂਦੀਆਂ ਚੀਜ਼ਾਂ ਖਰੀਦਣ ਲਈ ਆ ਗਏ। ਤਨਖ਼ਾਹ ਤਾਜ਼ੀ-ਤਾਜ਼ੀ ਮਿਲੀ ਸੀ। ਬਾਜ਼ਾਰ ਵਿੱਚ ਦੂਜੇ ਗਰਾਮ-ਸੇਵਕਾਂ ਦੀ ਜੁੰਡਲੀ ਵੀ ਨਿੱਕ-ਸੁੱਕ ਖਰੀਦਦੀ ਫਿਰਦੀ ਸੀ। ਉਸ ਗਰਾਮ-ਸੇਵਕ ਦੀ ਵਹੁਟੀ ਨੂੰ ਜਦ ਉਨ੍ਹਾਂ ਨੇ ਦੇਖਿਆ, ਤਾਂ ਉਨ੍ਹਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਢਿਲਕੇ ਸਰੀਰ ਤੇ ਲਹੇ ਹੋਏ ਚਿਹਰੇ ਵਾਲੀ ਮਲਕੀਤ ਵੱਲ ਦੇਖ ਕੇ ਪਹਿਲਾਂ ਤਾਂ ਉਹ ਸਾਰੇ ਹੈਰਾਨ ਹੋਏ ਤੇ ਫੇਰ ਤਾੜੀ ਮਾਰ ਕੇ ਹੱਸ ਪਏ।

ਅਗਲੀ ਮੀਟਿੰਗ ਉੱਤੇ ਜਦ ਉਹ ਫੇਰ ਇਕੱਠੇ ਹੋਏ, ਤਾਂ ਗਰਾਮ-ਸੇਵਕ ਮੁੰਡੇ ਦੀ ਸਮਝੋ ਸ਼ਾਮਤ ਹੀ ਆ ਗਈ।

'ਓਏ ਤੇਰੀ ਤਾਂ ਉਹ 'ਮਾਂ' ਜੀ ਲੱਗਦੀ ਸੀ।' ਇੱਕ ਗਰਾਮ-ਸੇਵਕ ਨੇ ਉਸਦੇ ਮੂੰਹ ਉੱਤੇ ਹੀ ਇੱਟ ਵਾਂਗ ਗੱਲ ਕੱਢ ਮਾਰੀ।

'ਓਏ ਤੂੰ ਉਹਦੀ ਤਨਖ਼ਾਹ ਈ ਦੇਖ ਲੀ, ਹੋਰ ਕੁਸ਼ ਤਾਂ ਨਾ ਦੇਖਿਆ।' ਇੱਕ ਹੋਰ ਗਰਾਮ-ਸੇਵਕ ਨੇ ਉਸ ਦਾ ਮੋਢਾ ਫੜਕੇ ਪੁੱਛਿਆ।

'ਆਹ ਜਿਹੜਾ ਗੇਲੀ ਅਰਗਾ ਸਰੀਰ ਲਈ ਫਿਰਦੈਂ, ਦਿਨਾਂ 'ਚ ਈ ਨੇਂਬੂ ਆਂਗੂੰ ਨਚੋੜ ਦੂ। ਤੂੰ ਵੀ ਉਹਦੇ ਅਰਗਾ ਫਿੜਕਾ ਜਾ ਬਣ ਜੇਂਗਾ ਇੱਕ ਦਿਨ।' ਇੱਕ ਬਜ਼ੁਰਗ ਜਿਹੇ ਗਰਾਮ-ਸੇਵਕ ਨੇ ਉਨ੍ਹਾਂ ਦੀ ਉਮਰ ਦੇ ਫ਼ਰਕ ਉੱਤੇ ਝੋਰਾ ਪ੍ਰਗਟ ਕੀਤਾ।

ਸਾਰੀਆਂ ਗੱਲਾਂ ਉੱਤੇ ਨੀਵੀਂ ਪਾ ਕੇ ਸੁਣਦਾ ਰਿਹਾ ਤੇ ਗਿਣ-ਮਿਣ ਕਰਦਾ ਰਿਹਾ। ਇੱਕ ਮੌਕੇ ਤਾਂ ਉਸ ਨੂੰ ਤ੍ਰੇਲੀ ਆ ਗਈ, ਜਦ ਖਚਰੀਆਂ ਅੱਖਾਂ ਵਾਲਾ ਇੱਕ ਗਰਾਮ-ਸੇਵਕ ਉਸਨੂੰ ਪੁੱਛ ਬੈਠਾ-'ਬਾਈ ਸਿਆਂ, ਉਹ ਕੜਬ ਦੇ ਟਾਂਡੇ ਕਿੱਥੋਂ ਖ਼ਰੀਦ ਕੇ ਲਿਆਂਦੇ ਨੇ?'

ਗਰਾਮ-ਸੇਵਕ ਮੁੰਡਾ ਉਸ ਦਿਨ ਘਰ ਆਇਆ ਤਾਂ ਮਲਕੀਤ ਦੇ ਸਰੀਰ ਵਿਚੋਂ ਉਸ ਨੂੰ ਸੜੇਹਾਣ ਮਾਰਨ ਲੱਗ ਪਈ। ਉਸ ਦੇ ਹੱਥ ਉਸ ਦੀਆਂ ਬਾਹਾਂ ਉਸਨੂੰ ਬਿਲਕੁਲ ਹੀ ਬੁੜ੍ਹੀ ਤੀਵੀਂ ਵਰਗੀਆਂ ਲੱਗਦੀਆਂ। ਉਸ ਦੇ ਢਿਲਕੇ ਤੇ ਸੁੱਕੇ ਚਿੱਬੇ ਚਿਹਰੇ ਨੂੰ ਦੇਖ ਕੇ ਲੱਗਦਾ ਜਿਵੇਂ ਉਹ ਉਸ ਦੀ ਮਾਂ ਹੋਵੇ। ਉਸ ਰਾਤ ਉਸ ਨੇ ਉਸ ਦੇ ਕੋਲ ਮੰਜੀ ਨਾ ਡਾਹੀ ਤੇ ਬਾਹਰਲੇ ਘਰ ਜਾ ਸੁੱਤਾ।

ਦਿਨ ਲੰਘ ਰਹੇ ਸਨ।

ਮਲਕੀਤ ਨੂੰ ਆਪਣੇ ਵਿਚੋਂ ਮਰੇ ਚੂਹੇ ਵਰਗਾ ਮੁਸ਼ਕ ਆਉਂਦਾ। ਉਸਨੂੰ ਅਹਿਸਾਸ ਹੁੰਦਾ, ਜਿਵੇਂ ਉਸਦਾ ਸਰੀਰ ਕਿਸੇ ਮੱਝ ਦਾ ਸੁੱਕਿਆ ਖੱਲੜ ਹੋਵੇ। ਉਸ ਦਾ ਮਨ ਗਵਾਹੀ ਦਿੰਦਾ ਕਿ ਉਸ ਦੇ ਪਤੀ ਨੇ ਉਸ ਦੇ ਸਰੀਰ ਨਾਲ ਵਿਆਹ ਨਹੀਂ ਕਰਵਾਇਆ, ਉਸ ਦੀ ਡਾਕਖ਼ਾਨੇ ਵਾਲੀ ਕਾਪੀ ਨਾਲ ਵਿਆਹ ਕਰਵਾਇਆ ਹੋਇਆ ਹੈ ਤੇ ਹਰ ਮਹੀਨੇ ਆਉਂਦੀ ਤਨਖ਼ਾਹ ਨਾਲ ਵਿਆਹ ਕਰਵਾਇਆ ਹੋਇਆ ਹੈ।

ਉਹ ਆਪਣੇ ਸਹੁਰੇ-ਪਿੰਡੋਂ ਹਰ ਰੋਜ਼ ਸਾਈਕਲ ਉੱਤੇ ਸਕੂਲ ਆਉਂਦੀ ਤੇ ਮੱਚੀ ਬੁਝੀ ਮੁੜ ਜਾਂਦੀ। ਨਵੇਂ-ਨਵੇਂ ਵਿਆਹ ਵਾਲੀ ਤਾਂ ਉਸ ਵਿੱਚ ਹੁਣ ਮੜਕ ਹੀ ਨਹੀਂ

144

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ