ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਕਾਇਤ ਨਾ ਲਾਉਂਦੀ, ਤਾਂ ਉਹ ਵੀ ਸ਼ਾਇਦ ਉਸ ਦੇ ਨੇੜੇ ਹੋ ਜਾਂਦਾ। ਸ਼ਰਨਪਾਲ ਵਾਂਗ ਉਹ ਵੀ ਸ਼ਾਇਦ ਉਸ ਮੁੰਡੇ ਨਾਲ ਮੰਗੀ ਜਾਂਦੀ। ਜੇ ਮੰਗੀ ਜਾਂਦੀ, ਤਾਂ ਉਸ ਉਮਰ ਵਿੱਚ ਉਹਦੇ ਨਾਲ ਵਿਆਹ ਕਰਵਾਉਣ ਦਾ ਸੁਆਦ ਆ ਜਾਂਦਾ।

ਹੁਣ ਜਦੋਂ ਮਲਕੀਤ ਦਾ ਵਿਆਹ ਹੋਇਆ, ਤਾਂ ਓਧਰ ਸ਼ਰਨਪਾਲ ਦੀ ਗੋਦੀ ਗਲ੍ਹੋਟ ਵਰਗਾ ਮੁੰਡਾ ਸੀ। ਇੱਕ ਕੁੜੀ ਵੀ ਮੁੰਡੇ ਤੋਂ ਵੱਡੀ ਸੀ।

ਮਲਕੀਤ ਨੂੰ ਸਾਰੀਆਂ ਗੱਲਾਂ ਯਾਦ ਆਉਂਦੀਆਂ ਤਾਂ ਉਹ ਸੁੰਨ ਜਿਹੀ ਹੋ ਜਾਂਦੀ। ਉਸ ਨੂੰ ਮਹਿਸੂਸ ਹੁੰਦਾ ਕਿ ਉਸ ਦਾ ਸਰੀਰ ਵਿਆਹ ਕਰਵਾਉਣ ਤੋਂ ਪਿੱਛੋਂ ਇੱਕ ਸਾਲ ਵਿੱਚ ਹੀ ਜਿਵੇਂ ਦਸ ਸਾਲਾਂ ਜਿੰਨਾ ਪੁਰਾਣਾ ਹੋ ਗਿਆ ਹੈ। ਉਹ ਆਪਣੇ ਬੁਲ੍ਹਾਂ ਉੱਤੇ ਉਂਗਲ ਫੇਰ ਕੇ ਦੇਖਦੀ, ਸਿੱਕਰੀ ਜੰਮੀ ਪਈ ਹੁੰਦੀ। ਆਪਣੇ ਮੱਥੇ ਉੱਤੇ ਹੱਥ ਫੇਰਦੀ, ਡੂੰਘੀਆਂ ਦੋ ਤਿੰਨ ਵੱਟਾਂ ਉਸਨੂੰ ਰੜਕਦੀਆਂ। ਉਹ ਆਪਣੇ ਹੱਥਾਂ ਦੀਆਂ ਉਂਗਲਾਂ ਮਰੋੜ ਕੇ ਦੇਖਦੀ, ਉਨ੍ਹਾਂ ਵਿੱਚ ਲਚਕ ਕਿਤੇ ਵੀ ਨਹੀਂ। ਉਸ ਦੀਆਂ ਪਿੰਜਣੀਆਂ ਦਾ ਮਾਸ ਢਿਲਕ ਗਿਆ ਸੀ।

ਹੁਣ ਉਹ ਇੱਕ ਹਫ਼ਤਾ ਸਹੁਰੇ-ਘਰ ਰਹਿੰਦੀ ਤੇ ਦੋ ਹਫ਼ਤੇ ਪਿਓ ਦੇ ਘਰ। ਉਹਦਾ ਸਕੂਲ ਉਹਦੇ ਪੇਕੇ ਤੇ ਸਹੁਰਿਆਂ ਤੋਂ ਇਕੋ ਜਿੰਨੀ ਦੂਰ ਸੀ। ਦੋਵੇਂ ਪਿੰਡਾਂ ਤੋਂ ਉਹ ਸ਼ਾਮ ਨੂੰ ਜਦ ਆਪਣੇ ਪੇਕੀਂ ਆਈ, ਤਾਂ ਸਾਰੀ ਦੀ ਸਾਰੀ ਤਨਖ਼ਾਹ ਲਿਆ ਕੇ ਉਸ ਨੇ ਆਪਣੇ ਪਿਉਂ ਦੇ ਪੈਰਾਂ ਵਿੱਚ ਮਾਰੀ। ਉਸ ਦਾ ਰੋਣ ਥੰਮਦਾ ਨਹੀਂ ਸੀ। ਉਸ ਨੇ ਟੁੱਟੇ ਜਿਹੇ ਸ਼ਬਦਾਂ ਵਿੱਚ ਆਖਿਆ, 'ਬਾਪੂ ਜੀ, ਮੈਂ ਥੋਡੀ ਕਮਾਊ ਧੀ ਆਂ। ਮੇਰੀ ਕਮਾਈ ਹੁਣ ਸਾਰੀ ਉਮਰ ਥੋੜ੍ਹੀ ਐ।' ਐਨੀ ਗੱਲ ਕਹਿ ਕੇ ਮਲਕੀਤ ਪੀਹੜੀ ਉੱਤੇ ਬੈਠ ਕੇ ਪਿਓ ਦੇ ਗੋਡਿਆਂ ਨਾਲ ਚਿੰਬੜ ਗਈ।♦

146

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ