ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤਾ ਬੋਲਣ ਵਾਲੀ

ਉਸ ਦਿਨ ਆਪਣੇ ਇੱਕ ਦੋਸਤ ਨੂੰ ਦੁਪਹਿਰ ਦੀ ਗੱਡੀ ਚੜ੍ਹਾਉਣ ਗਿਆ ਹੋਇਆ ਸਾਂ। ਗੱਡੀ ਆਉਣ ਤੋਂ ਅੱਧਾਂ ਘੰਟਾ ਪਹਿਲਾਂ ਅਸੀਂ ਓਥੇ ਪਹੁੰਚ ਗਏ। ਟਿਕਟ ਲਈ ਤੇ ਪਲੇਟ ਫਾਰਮ 'ਤੇ ਏਧਰੋਂ ਓਧਰ ਤੇ ਓਧਰੋਂ ਏਧਰ ਗੇੜੇ ਕੱਢ ਰਹੇ ਸਾਂ। ਨਾਲ ਦੀ ਨਾਲ ਗੱਲਾਂ ਵੀ ਚੱਲ ਰਹੀਆਂ ਸਨ। ਇੱਕ ਗੇੜਾ ਲਾਉਂਦੇ ਤਾਂ ਦੂਜੇ ਨੂੰ ਪਲੇਟਫਾਰਮ 'ਤੇ ਨਵੇਂ ਚਿਹਰਿਆਂ ਦਾ ਵਾਧਾ ਹੋ ਜਾਂਦਾ।

ਗੋਡੇ ਉੱਤੋਂ ਦੀ ਲੱਤ ਕੱਢ ਕੇ ਉਹ ਲੱਕੜ ਦੇ ਬੈਂਚ 'ਤੇ ਢੋਹ ਲਾਈ ਬੈਠੀ ਸੀ ਤੇ ਉਤਲੀ ਲੱਤ ਵਾਲੇ ਪੈਰ ਦੀ ਜੁੱਤੀ ਨੂੰ ਬੇ-ਫ਼ਾਇਦਾ ਜਿਹਾ ਹਿਲਾ ਰਹੀ ਸੀ। ਜੁੱਤੀ ਵੱਲ ਕਦੇ ਕਦੇ ਗਹੁ ਨਾਲ ਵੇਖਦੀ ਸੀ। ਮੈਂ ਉਸ ਵੱਲ ਝਾਕਿਆ ਤਾਂ ਉਹ ਖੜ੍ਹੀ ਹੋ ਗਈ। ਮੈਨੂੰ ਭੁਲੇਖਾ ਪਿਆ ਜਿਵੇਂ ਉਹ ਮੈਨੂੰ ਜਾਣਦੀ ਹੋਵੇ। ਦੂਜੀ ਵਾਰ ਮੈਂ ਪਲਕਾਂ ਉਠਾਈਆਂ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਉਸਨੂੰ ਪਹਿਲਾਂ ਵੀ ਕਦੇ ਦੇਖਿਆ ਹੋਵੇ। ਇੱਕ ਛਿਣ ਮੈਂ ਸੋਚਿਆ, ਕੌਣ ਹੋਈ ਇਹ ਕੁੜੀ? ਮੇਰੇ ਦਿਮਾਗ਼ ਨੇ ਕੋਈ ਵੀ ਗਵਾਹੀ ਨਾ ਦਿੱਤੀ। ਐਨੇ ਚਿਰ ਨੂੰ ਅਸੀਂ ਉਸ ਦੇ ਕੁਝ ਨਜ਼ਦੀਕ ਚਲੇ ਗਏ। ਉਹ ਵੀ ਬੈਂਚ ਤੋਂ ਇੱਕ ਦੋ ਕਦਮ ਅਗਾਂਹ ਹੋ ਕੇ ਸਾਡੇ ਵੱਲ ਹੀ ਅਹੁਲੀ ਹੋਈ ਸੀ। ਉਸ ਵੱਲ ਫਿਰ ਦੇਖਿਆ ਤਾਂ ਉਸ ਨੇ ਮੁਸਕਰਾ ਕੇ ਮੈਨੂੰ 'ਸਤਿ ਸ੍ਰੀ ਅਕਾਲ' ਕਹੀ। ਮੇਰੇ ਦੋਸਤ ਨੂੰ ਵੀ। 'ਸਤਿ ਸ੍ਰੀ ਅਕਾਲ' ਮੰਨ ਕੇ ਮੈਂ ਥਾਏਂ ਖੜ੍ਹ ਗਿਆ ਤੇ ਉਸ ਵੱਲ ਗਹੁ ਨਾਲ ਵੇਖਣ ਲੱਗਿਆ। ਮੈਥੋਂ ਤਾਂ ਕੁਝ ਵੀ ਨਹੀਂ ਸੀ ਬੋਲਿਆ ਜਾ ਰਿਹਾ। ਉਹ ਸ਼ਾਇਦ ਭਾਂਪ ਵੀ ਗਈ ਕਿ ਮੈਂ ਉਸ ਨੂੰ ਪਹਿਚਾਣ ਨਹੀਂ ਸਕਿਆ।

'ਸਿਆਣਿਆ ਨੀ, ਮਾਸਟਰ ਜੀ ਮੈਨੂੰ?'

'ਕੁੜੀਏ, ਸਿਆਣਦਾ ਤਾਂ ਹਾਂ, ਪਰ ਨਾਂਅ ਭੁੱਲ ਗਿਆ ਤੇਰਾ।' ਮੈਂ ਕਿਹਾ ਤੇ ਬਨਾਵਟੀ ਜਿਹੀ ਮੁਸਕਰਾਹਟ ਚਿਹਰੇ 'ਤੇ ਲਿਆਂਦੀ।

'ਨਹੀਂ, ਮਾਸਟਰ ਜੀ, ਸਿਆਣਿਆ ਵੀ ਨੀ।' ਚੁੰਨੀ ਦੇ ਲੜ ਨੂੰ ਮੋਢੇ ਉੱਤੋਂ ਦੀ ਪਿੱਠ ਵੱਲ ਸੁੱਟ ਕੇ ਉਹ ਖੁੱਲ੍ਹ ਕੇ ਹੱਸੀ। ਉਸ ਦੀ ਇਸ ਤਰ੍ਹਾਂ ਦੀ ਹਾਸੀ ਤੋਂ ਮੈਨੂੰ ਥੋੜ੍ਹੀ ਜਿਹੀ ਕੋਈ ਸਮਝ ਪਈ, ਪਰ ਮੇਰੇ ਦਿਲ ਉੱਤੇ ਫਿਰਦੀ ਕਿਸੇ ਕੁੜੀ ਦੀ ਨੁਹਾਰ ਫਿਰ ਉੱਤਰ ਗਈ। ਕੁਝ ਪਤਾ ਨਾ ਲੱਗੇ।

'ਦੇਖਿਆ ਤਾਂ ਹੈ...ਕਿਤੇ.... ਉਂ। ਮੈਂ ਆਪਣੀ ਦਾੜ੍ਹੀ ਨੂੰ ਖੁਰਚਣਾ ਸ਼ੁਰੂ ਕੀਤਾ। ਮੈਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਉਹ ਕੁੜੀ ਕੌਣ ਹੈ। ਐਨਾ ਕੁ ਹੀ ਅਹਿਸਾਸ ਸੀ ਕਿ ਮੈਂ ਉਸ ਨੂੰ

ਬਹੁਤਾ ਬੋਲਣ ਵਾਲੀ

147