ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/148

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਿਤੇ ਦੇਖਿਆ ਹੋਇਆ ਜ਼ਰੂਰ ਹੈ। ਉਸ ਦੇ 'ਮਾਸਟਰ ਜੀ' ਕਹਿ ਕੇ ਬੁਲਾਉਣ ਤੋਂ ਇਹ ਤਾਂ ਸ਼ਾਇਦ ਸਾਫ਼ ਹੀ ਸੀ ਕਿ ਉਹ ਕਿਸੇ ਸਕੂਲ ਵਿੱਚ ਮੇਰੀ ਸਟਡੈਂਟ ਰਹੀ ਹੋਵੇਗੀ। ਮੇਰਾ ਦੋਸਤ ਕਦੇ ਮੇਰੇ ਵੱਲ ਤੇ ਕਦੇ ਉਸ ਕੁੜੀ ਵੱਲ ਤੱਕ ਰਿਹਾ ਸੀ। ਮੇਰੇ ਵੱਲ ਦੇਖ ਕੇ ਉਹ ਦੋ ਵਾਰੀ ਹੱਸਿਆ ਵੀ।

'ਬੱਸ ਮਾਸਟਰ ਜੀ, ਐਡੀ ਛੇਤੀ ਭੁੱਲ 'ਗੇ?' ਕਹਿ ਕੇ ਉਸ ਨੇ ਮੈਨੂੰ ਨਿਮੋਝੂਣਾ ਕਰ ਦਿੱਤਾ। ਕਦੇ ਮੈਂ ਉਹਦੇ ਚਿਹਰੇ ਵੱਲ ਝਾਕ ਲੈਂਦਾ, ਕਦੇ ਧਰਤੀ ਵੱਲ ਤੇ ਕਦੇ ਆਪਦੇ ਦੋਸਤ ਵੱਲ। ਪਰ ਬਹੁਤੀ ਨਿਗਾਹ ਮੇਰੀ ਧਰਤੀ ਉੱਤੇ ਹੀ ਗੱਡੀ ਹੋਈ ਸੀ। ਦਿਮਾਗ ਉੱਤੇ ਜ਼ੋਰ ਪੈ ਰਿਹਾ ਸੀ।

'ਮੈਂ ਕਰਨੈਲ ਆਂ, ਮਾਸਟਰ ਜੀ, ਕੈਲੋ।' ਤੇ ਫਿਰ ਉਸ ਨੇ ਪਿੰਡ ਦਾ ਨਾਉਂ ਲਿਆ ਜਿੱਥੋਂ ਦੇ ਹਾਈ ਸਕੂਲ ਵਿੱਚ ਉਹ ਮੇਰੀ ਸਟੂਡੈਂਟ ਰਹੀ ਸੀ।

'ਅੱਛਾ, ਅੱਛਾ' ਕਹਿ ਕੇ ਮੈਂ ਉਸ ਵੱਲ ਵਧਿਆ ਤੇ ਪਿਆਰ ਨਾਲ ਉਸ ਦੇ ਸਿਰ ਉੱਤੇ ਹੱਥ ਧਰਿਆ। ਪਰ੍ਹੇ ਖੇਡਦਾ ਢਾਈ ਕੁ ਸਾਲ ਦਾ ਉਹਦਾ ਮੁੰਡਾ ਉਹਦੀਆਂ ਲੱਤਾਂ ਨੂੰ ਆ ਚਿੰਬੜਿਆ। ਮੁੰਡੇ ਨੂੰ ਗੋਦੀ ਚੁੱਕ ਕੇ ਮੈਂ ਚੁੰਮਿਆ। ਅਸੀਂ ਉਸੇ ਬੈਂਚ ਉੱਤੇ ਬੈਠ ਗਏ।

ਉਸ ਪਿੰਡ ਜਦ ਮੈਂ ਬਦਲ ਕੇ ਗਿਆ ਸਾਂ, ਕੈਲੋ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ। ਅੱਠਵੀਂ ਦਾ ਇੱਕ ਸਬਜੈਕਟ ਮੈਂ ਵੀ ਪੜ੍ਹਾਉਂਦਾ ਸਾਂ। ਹਾਈ ਸਕੂਲ ਕਈ ਸਾਲਾਂ ਤੋਂ ਉਹ ਬਣਿਆ ਹੋਇਆ ਸੀ। ਪਿੰਡ ਵੀ ਕਾਫ਼ੀ ਵੱਡਾ ਸੀ। ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਮੁੰਡੇ ਕੁੜੀਆਂ ਵੀ ਓਥੇ ਪੜ੍ਹਦੇ ਸਨ। ਸੋ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਮੁੰਡਿਆਂ ਦੀ ਵੀ, ਕੁੜੀਆਂ ਦੀ ਵੀ। ਹਰ ਜਮਾਤ ਵਿੱਚ ਹੀ ਜਿੰਨੇ ਮੁੰਡੇ ਪੜ੍ਹਦੇ ਸਨ, ਉਨੀਆਂ ਹੀ ਕੁੜੀਆਂ। ਇਸ ਲਈ ਨਿਰੋਲ ਮੁੰਡੇ ਤੇ ਨਿਰੋਲ ਕੁੜੀਆਂ ਦੀਆਂ ਸੈਕਸ਼ਨਾਂ ਅਲੱਗ-ਅਲੱਗ ਸਨ। ਮੈਂ ਅੱਠਵੀਂ ਜਮਾਤ ਦੀਆਂ ਕੁੜੀਆਂ ਦੀ ਸੈਕਸ਼ਨ ਨੂੰ ਪੜ੍ਹਾਉਂਦਾ। ਕੈਲੋਂ ਬਹੁਤ ਸ਼ਰਾਰਤੀ ਲੜਕੀ ਸੀ। ਸਾਰੀਆਂ ਕੁੜੀਆਂ ਨਾਲੋਂ ਹੀ ਵੱਧ ਸ਼ਰਾਰਤਣ। ਦਿਨ ਵਿੱਚ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਉਹ ਕੜੀਆਂ ਨਾਲ ਲੜਦੀ। ਜਮਾਤ ਵਿੱਚ ਟੀਚਰ ਵੀ ਜੇ ਬੈਠਾ ਹੁੰਦਾ ਤਾਂ ਵੀ ਉਹ ਟੱਪਦੀ ਰਹਿੰਦੀ। ਇੱਕ ਥਾਂ ਟਿਕ ਕੇ ਹੀ ਨਾ ਬੈਠਦੀ। ਕਦੇ ਔਸ ਕੁੜੀ ਕੋਲ, ਕਦੇ ਔਸ ਕੋਲ। ਕਦੀ ਇਸ ਖੂੰਜੇ, ਕਦੀ ਉਸ ਖੂੰਜੇ। ਪਰ ਪੜ੍ਹਨ 'ਚ ਬੜੀ ਹੁਸ਼ਿਆਰ। ਇਮਿਤਿਹਾਨ ਹੋਇਆ, ਨਤੀਜਾ ਨਿੱਕਲਿਆ, ਕੈਲੋ ਸਾਰੀ ਜਮਾਤ ਵਿਚੋਂ ਫਸਟ ਆਈ।

ਉਨ੍ਹਾਂ ਦਿਨਾਂ ਵਿੱਚ ਵਿਦਿਆਰਥੀਆਂ ਨੂੰ 'ਬੱਚੂ' ਕਹਿ ਕੇ ਬੁਲਾਉਣ ਦੀ ਮੈਨੂੰ ਆਦਤ ਸੀ। 'ਬੱਚੂ' ਸ਼ਬਦ ਮੇਰੇ ਮੂੰਹ ਚੜ੍ਹਿਆ ਹੋਇਆ ਸੀ। ਕੋਈ ਹੋਵੇ, ਮੁੰਡਾ ਹੋਵੇ ਕੁੜੀ ਹੋਵੇ, ਮੇਰੀ ਜ਼ਬਾਨੋਂ 'ਬੱਚੂ' ਹੀ ਨਿੱਕਲਦਾ। ਓਦੋਂ ਤਾਂ ਮੇਰੀ ਉਮਰ ਵੀ ਤੀਹਾਂ ਤੋਂ ਥੱਲੇ ਸੀ। ਸੋ ਜਦ ਮੈਂ ਕਿਸੇ ਵੱਡੇ ਮੁੰਡੇ ਜਾਂ ਕੁੜੀ ਨੂੰ 'ਬੱਚੂ' ਕਹਿੰਦਾ ਤਾਂ ਉਹਨਾਂ ਦਾ ਹਾਸਾ ਨਿਕਲ ਜਾਂਦਾ। ਕੈਲੋ ਆਕੜਦੀ 'ਮੈਨੂੰ ਨਾ ਕਹਿਆ ਕਰੋਂ ਬੱਚੂ ਬੱਚੂ, ਬੱਸ ਸਿੱਧਾ ਨਾ ਲਿਆ ਕਰੋ।'

'ਚੰਗਾ ਪੁੱਤ, ਆਪ ਦੇ ਨੰਬਰ 'ਤੇ ਜਾ ਕੇ ਬੈਠ।' ਮੈਂ ਸਗੋਂ ਹੋਰ ਚਿੜ੍ਹਾਉਂਦਾ।

'ਹਾਏ ਰੱਬਾ' ਕਹਿ ਕੇ ਉਹ ਰੋਣ ਵਰਗਾ ਮੂੰਹ ਬਣਾਉਂਦੀ ਤੇ ਆਪਣੀ ਸੀਟ 'ਤੇ ਜਾ ਕੇ ਗੋਡਿਆਂ ਵਿਚਾਲੇ ਸਿਰ ਦੇ ਬੈਠ ਜਾਂਦੀ। ਫਿਰ ਤਾਂ ਉਹ ਬੋਲੇ ਕੰਧ ਬੋਲੇ। ਪਰ ਚਾਣਚੱਕ ਹੀ ਉਹ ਫਿਰ ਖੜ੍ਹੀ ਹੋ ਜਾਂਦੀ ਤੇ ਕਹਿੰਦੀ-'ਜੇ ਥੋਨੂੰ ਕਹੇ ਕੋਈ ਪੁੱਤ?'

148
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ