ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਵੇਲੇ ਮੈਨੂੰ ਗੁੱਸਾ ਆਉਂਦਾ। ਮੈਂ ਕੜਕ ਕੇ ਬੋਲਦਾ-'ਚੁੱਪ ਕਰਕੇ ਬੈਠੀ ਰਹਿ, ਵੱਡੀ ਆਗੀ ਇਹ ਬਹੁਤਾ ਬੋਲਣ ਵਾਲੀ ਤੇ ਫਿਰ ਸ਼ਾਂਤੀ ਬੀਤ ਜਾਂਦੀ। ਨਿੱਤ ਦੀ ਤਰ੍ਹਾਂ ਜਮਾਤ ਦਾ ਕੰਮ ਹੋਣ ਲੱਗਦਾ।

ਇੱਕ ਦਿਨ ਮੈਂ ਜਮਾਤ ਵਿੱਚ ਦੇਰ ਨਾਲ ਪਹੁੰਚਿਆ। ਕੈਲੋ ਕੁਰਸੀ ਉੱਤੇ ਬੈਠੀ ਸਾਰੀਆਂ ਕੁੜੀਆਂ ਨੂੰ ਡੰਡਾ ਦਿਖਾ ਕੇ ਡਾਂਟ ਰਹੀ ਸੀ। ਮੈਨੂੰ ਦੇਖਣ ਸਾਰ ਉਹ ਕੁਰਸੀ ਤੋਂ ਉੱਠ ਕੇ ਆਪਣੀ ਸੀਟ ਵੱਲ ਭੱਜੀ। ਕੁੜੀਆਂ ਹੱਸਣ ਲੱਗੀਆਂ।

'ਕੁਰਸੀ 'ਤੇ ਬੈਠਣ ਦਾ ਕੀ ਮਤਲਬ ਸੀ ਤੇਰਾ?' ਮੈਂ ਤਾੜ ਕੇ ਪੁੱਛਿਆ।

'ਫੇਰ ਕੀ ਹੋ ਗਿਆ, ਮਾਸਟਰ ਜੀ, ਕੁਰਸੀ ਨੀ ਦੇਖੀ ਕਦੇ।' ਉਹ ਭੱਜ ਕੇ ਪਈ। ਮੈਂ ਚੁੱਪ ਕਰ ਗਿਆ। ਪਰ ਕੈਲੋ ਨੂੰ ਮੈਂ ਫਿਰ ਪੰਦਰਾਂ ਦਿਨ ਉੱਕਾ ਹੀ ਨਾ ਬੁਲਾਇਆ। ਉਸ ਨੇ ਵੀ ਮੈਨੂੰ ਨਹੀਂ ਬੁਲਾਇਆ। ਇੱਕ ਦਿਨ ਫਿਰ ਉਹ ਇੱਕ ਪੀਚੀ ਜਿਹੀ ਕੁੜੀ ਨੂੰ ਨਾਲ ਲੈ ਕੇ ਮੇਰੇ ਕੋਲ ਆਈ ਤੇ ਅੱਖਾਂ ਵਿੱਚ ਪਾਣੀ ਭਰਕੇ ਆਖਿਆ 'ਮਾਸਟਰ ਜੀ, ਮਾਫ਼ ਕਰ ਦਿਓ ਮੈਨੂੰ।' ਮੇਰੀ ਹਾਸੀ ਨਿਕਲ ਗਈ। ਉਹ ਹੱਸ ਕੇ ਦੌੜ ਗਈ।

ਉਸ ਪਿੰਡ, ਜਿਸ ਮਕਾਨ ਵਿੱਚ ਅਸੀਂ ਕਿਰਾਏ 'ਤੇ ਰਹਿੰਦੇ ਹੁੰਦੇ, ਸਾਡੇ ਨੇੜੇ ਹੀ ਕੈਲੋ ਦਾ ਘਰ ਸੀ। ਉਹ ਤੇ ਹੋਰ ਕੁੜੀਆਂ, ਮੇਰੀ ਘਰ ਵਾਲੀ ਕੋਲ ਆਉਣ ਲੱਗ ਪਈਆਂ। ਉਦੋਂ ਆਉਂਦੀਆਂ, ਜਦ ਮੈਂ ਘਰ ਨਹੀਂ ਸੀ ਹੁੰਦਾ। ਉਹਨਾਂ ਦੇ ਬੈਠੀਆਂ ਅਤੇ ਮੜ੍ਹੱਕ ਮੜ੍ਹੱਕ ਗੱਲਾਂ ਮਾਰਦੀਆਂ 'ਤੇ ਜੇ ਕਦੇ ਮੈਂ ਆ ਜਾਂਦਾ ਤਾਂ ਉਹ ਓਸੇ ਵੇਲੇ ਭੱਜ ਜਾਂਦੀਆ। ਮੈਂ ਹੈਰਾਨ ਸਾਂ ਕਿ ਉਹ ਮੇਰੇ ਹੁੰਦੇ ਸਾਡੇ ਘਰ ਕਿਉਂ ਨਹੀਂ ਆਉਂਦੀਆਂ? ਤੇ ਜਦ ਮੈਂ ਆਉਂਦਾ ਹਾਂ, ਉਹ ਭੱਜ ਕਿਉਂ ਜਾਂਦੀਆਂ ਨੇ? ਸਕੂਲ ਵਿੱਚ ਤਾਂ ਉਹ ਮੇਰੇ ਨਾਲ ਬਥੇਰਾ ਮਗਜ਼ ਮਾਰ ਲੈਂਦੀਆਂ ਨੇ, ਮੇਰੀ ਘਰ ਵਾਲੀ ਦੇ ਸਾਹਮਣੇ ਮੈਥੋਂ ਪਾਸਾ ਵੱਟਦੀਆਂ ਨੇ? ਆਪਣੀ ਘਰ ਵਾਲੀ ਤੋਂ ਵੀ ਕਦੇ ਕਦੇ ਮੈਂ ਪੁੱਛਦਾ ਕਿ ਉਹ ਮੈਥੋਂ ਐਨਾ ਕਿਉਂ ਸੰਗਦੀਆਂ ਨੇ? ਘਰ ਵਾਲੀ ਇਹ ਕਹਿ ਕੇ ਮੈਨੂੰ ਚੁੱਪ ਕਰਾ ਦਿੰਦੀ-'ਸ਼ਰਮ ਹਜ਼ੂਰ ਨੇ।' ਜਿੰਨੀਆਂ ਗੱਲਾਂ ਵੀ ਉਹ ਕਰਕੇ ਜਾਂਦੀਆਂ ਇੱਕ ਇੱਕ ਕਰਕੇ ਸਾਰੀਆ ਘਰ ਵਾਲੀ ਮੈਨੂੰ ਦੱਸ ਦਿੰਦੀ। ਸਕੂਲ ਦੀਆਂ ਗੱਲਾਂ, ਪਿੰਡ ਦੀਆਂ ਗੱਲਾਂ, ਮੁੰਡਿਆਂ ਦੀਆਂ ਗੱਲਾਂ, ਕੁੜੀਆਂ ਦੀਆਂ ਗੱਲਾਂ।

ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਕੈਲੋ ਮੰਗੀ ਹੋਈ ਹੈ। ਕੈਲੋ ਦੀ ਭੂਆ ਆਪਣੇ ਦਿਉਰ ਨੂੰ ਕੈਲੋ ਦੀ ਵੱਡੀ ਭੈਣ ਦਾ ਸਾਕ ਲੈ ਗਈ ਸੀ। ਤੇ ਫਿਰ ਉਸ ਦੀ ਵੱਡੀ ਭੈਣ ਨੇ ਆਪਣੇ ਪ੍ਰਾਹੁਣੇ ਤੋਂ ਛੋਟੇ ਮੁੰਡੇ ਲਈ ਕੈਲੋ ਦਾ ਸਾਕ ਮੰਗ ਲਿਆ। ਕੈਲੋ ਜਦੋਂ ਮੰਗੀ ਗਈ ਉਦੋਂ ਉਹ ਦੂਜੀ ਜਾਂ ਤੀਜੀ ਜਮਾਤ ਵਿੱਚ ਪੜ੍ਹਦੀ ਸੀ। ਉਹਨਾਂ ਦੇ ਘਰ ਵਿੱਚ ਹੋਰ ਕੋਈ ਪੜ੍ਹਿਆ ਹੋਇਆ ਨਹੀਂ ਸੀ। ਹੁਣ ਜਦ ਉਹ ਨੌਵੀਂ ਜਮਾਤ 'ਚ ਪੜ੍ਹਦੀ ਸੀ ਤੇ ਖਾਸੀ ਉਡਾਰ ਸੀ, ਉਸ ਦੀਆਂ ਸਹੇਲੀਆਂ ਉਸ ਨੂੰ ਖਿਝਾਉਂਦੀਆਂ ਸਨ-'ਤੇਰਾ ਤਾਂ ਅਣਪੜ੍ਹ ਐ ਕੁੜੇ।'

ਘਰ ਵਾਲੀ ਨੇ ਮੈਨੂੰ ਦੱਸਿਆ, ਕੈਲੋ ਉਸ ਮੁੰਡੇ ਨਾਲ ਵਿਆਹ ਕਰਵਾ ਕੇ ਰਾਜ਼ੀ ਨਹੀਂ। ਕੀ ਹੋਇਆ ਜੇ ਚਾਰ ਡਲੇ ਵਾਹਣ ਦੇ ਨੇ ਕੋਲ, ਹੈ ਤਾਂ ਅਨਪੜ੍ਹ ਡੰਗਰ। ਆਪਣੀ ਮਾਂ ਨਾਲ ਲੜਦੀ ਰਹਿੰਦੀ ਹੈ। ਵੱਡੀ ਭੈਣ ਜਦ ਕਦੇ ਏਥੇ ਆਉਂਦੀ ਹੈ, ਕੈਲੋ ਉਸ ਨੂੰ ਤੇਰ੍ਹਵੀਆਂ ਸੁਣਾਉਂਦੀ ਹੈ। ਕਹਿੰਦੀ ਹੈ, 'ਅਨਪੜ੍ਹ ਫੂਕਣੈ ਮੈਂ।

ਬਹੁਤਾ ਬੋਲਣ ਵਾਲੀ

149