ਕੈਲੋ ਨੇ ਜਿਸ ਸਾਲ ਦਸਵੀਂ ਪਾਸ ਕੀਤੀ, ਮੇਰੀ ਬਦਲੀ ਕਿਸੇ ਹੋਰ ਪਿੰਡ ਦੀ ਹੋ ਗਈ।
ਅੱਜ ਉਹ ਦਸ ਜਾਂ ਸ਼ਾਇਦ ਗਿਆਰਾਂ ਸਾਲਾਂ ਬਾਅਦ ਮੈਨੂੰ ਮਿਲੀ ਸੀ।
ਉਹ ਕੈਲੋ ਤਾਂ ਇਹ ਹੈ ਹੀ ਨਹੀਂ ਸੀ। ਓਦੋਂ ਤਾਂ ਉਸ ਦਾ ਸਰੀਰ ਪਤਲਾ ਜਿਹਾ ਸੀ-ਨਿਰੀ ਛੱਮਕ ਦੀ ਛੱਮਕ। ਹੁਣ ਤਾਂ ਲੱਗਦਾ ਹੀ ਨਹੀਂ ਸੀ ਕਿ ਇਹ ਓਹੀ ਕੈਲੋ ਹੈ। ਇਸ ਦੀਆਂ ਤਾਂ ਭਾਵੇਂ ਤਿੰਨ ਕੈਲੋਆਂ ਬਣਾ ਲਵੇ ਕੋਈ। ਭਰਵਾਂ ਗੁੰਦਵਾਂ ਸਰੀਰ। ਗੱਲ੍ਹਾਂ 'ਤੇ ਚੜ੍ਹਿਆ ਹੋਇਆ ਮਾਸ। ਅੱਖਾਂ ਦੀ ਚਮਕ ਦਿਲ ਚੀਰਵੀਂ, ਕੱਦ ਵੀ ਜਿਵੇਂ ਓਦੋਂ ਨਾਲੋਂ ਗਿੱਠ ਉੱਚੀ ਹੋਵੇ। ਬੈਂਚ ਉੱਤੇ ਉਸ ਕੋਲ ਬੈਠਾ ਮੈਂ ਕਿੰਨਾ ਕੁਝ ਸੋਚ ਰਿਹਾ ਸਾਂ।
'ਅੱਜ ਭਾਈ, ਕਿਧਰੋਂ ਆਈ ਐਂ ਤੂੰ?' ਮੈਂ ਉਸਨੂੰ ਪੁੱਛਿਆ। ਨਾਲ ਦੀ ਨਾਲ ਮੈਂ ਸੋਚਿਆ, 'ਭਾਈਂ ਦੀ ਥਾਂ 'ਬੱਚੂ' ਕਹਿ ਦਿੰਦਾ-ਫਿਰ? ਪਰ ਨਹੀਂ। ਉਹ ਸਮਾਂ ਤਾਂ ਬਹੁਤ ਦੂਰ ਲੰਘ ਗਿਆ ਸੀ।
'ਪਿੰਡੋਂ, ਮਾਸਟਰ ਜੀ।' ਉਹਨੇ ਕਿਹਾ ਤੇ ਮੇਰੀ ਦਾੜ੍ਹੀ ਨੂੰ ਹੱਥ ਪਾ ਰਹੇ ਆਪਣੇ ਮੁੰਡੇ ਨੂੰ ਮੇਰੀ ਗੋਦੀ 'ਚੋਂ ਚੁੱਕ ਲਿਆ।
'ਹੁਣ?' ਮੇਰਾ ਭਾਵ ਸੀ ਕਿ ਉਹ ਗੱਡੀ ਚੜ੍ਹ ਕੇ ਕਿੱਥੇ ਨੂੰ ਜਾਵੇਗੀ?
ਪਟਿਆਲੇ, ਮਾਸਟਰ ਜੀ।'
ਫਿਰ ਉਸ ਨੇ ਮੇਰੀ ਘਰ ਵਾਲੀ ਦਾ ਹਾਲ ਚਾਲ ਪੁੱਛਿਆ ਤੇ ਫਿਰ ਸਾਡੇ ਮੁੰਡੇ ਦਾ ਤੇ ਉਸ ਤੋਂ ਛੋਟੀ ਕੁੜੀ ਦਾ। ਮੈਂ ਪੁੱਛਣਾ ਚਾਹਿਆ ਕਿ ਉਹ ਪਟਿਆਲੇ ਕਿਉ ਜਾ ਰਹੀ ਹੈ? ਮੇਰੇ ਮਨ ਵਿੱਚ ਆਪ ਹੀ ਜਵਾਬ ਆਇਆ ਕਿ ਪਟਿਆਲੇ ਉਹ ਵਿਆਹੀ ਹੋਈ ਹੋਵੇਗੀ। ਨਹੀਂ ਤਾਂ ਉਸ ਦਾ ਹਸਬੈਂਡ ਉੱਥੇ ਰਹਿੰਦਾ ਹੋਵੇਗਾ।
'ਨਾਲ ਕੌਣ ਐ?' ਮੈਂ ਪੁੱਛਿਆ।
'ਟਿਕਟ ਲੈਣ ਗਏ ਨੇ। ਰਸ਼ ਈ ਬੜਾ ਲੱਗਦੈ।'
ਮੈਂ ਉੱਠ ਕੇ ਦੇਖਿਆ, ਸਿਗਨਲ ਡਾਊਨ ਹੋ ਚੁੱਕਿਆ ਸੀ। ਮੇਰਾ ਦੋਸਤ ਤਾਂ ਮੁੱਢ ਤੋਂ ਹੀ ਨਹੀਂ ਸੀ ਬੋਲ ਰਿਹਾ। ਸ਼ਾਇਦ ਉਹ ਬੋਰ ਹੋ ਗਿਆ ਹੋਵੇ।
ਚਾਹ ਦੀ ਰੇੜ੍ਹੀ ਕੋਲ ਹੀ ਸੀ। ਨੇੜੇ ਜਾ ਕੇ ਰੇੜ੍ਹੀ ਵਾਲੇ ਨੂੰ ਮੈਂ ਹੌਲੀ ਦੇ ਕੇ ਸਮਝਾਇਆ ਕਿ ਉਹ ਚਾਰ ਕੱਪ ਚਾਹ ਕੇ ਵਧੀਆ ਜਿਹੇ-ਥੋੜ੍ਹੇ ਥੋੜ੍ਹੇ ਪਾਣੀ ਵਾਲੇ, ਹੁਣੇ ਬਣਾ ਕੇ ਦੇਵੇ। ਰੇੜ੍ਹੀ ਵਾਲੇ ਕੋਲ ਮੈਂ ਅਜੇ ਖੜ੍ਹਾ ਹੀ ਸਾਂ ਕਿ ਜਸਵੰਤ ਨੇ ਮੇਰੇ ਗੋਡੇ ਨੂੰ ਹੱਥ ਲਾ ਕੇ ਸਤਿ ਸ੍ਰੀ ਅਕਾਲ ਕਹੀ। ਮੈਂ ਉਸਨੂੰ ਜੱਫੀ ਪਾ ਲਈ। ਪੁੱਛਿਆ-ਕਿਥੇ ਹੁੰਨੈ ਬੱਚੂ ਹੁਣ?
'ਪਟਿਆਲੇ ਆਂ, ਗੁਰੂ ਜੀ, ਸਪੋਰਟਸ ਆਫੀਸਰ। ਆਓ ਕਦੇ, ਉਸਨੇ ਬੜੇ ਆਦਰ ਭਾਵ ਨਾਲ ਕਿਹਾ ਤੇ ਆਪਣੀ ਪੁਰਾਣੀ ਆਦਤ ਅਨੁਸਾਰ ਹੱਥ ਜੋੜੇ।
'ਹੱਛਾ ਜ਼ਰੂਰ ਆਵਾਂਗਾ।' ਮੈਂ ਕਿਹਾ, ਜਿਵੇਂ ਉਹਨੂੰ ਗਲੋਂ ਲਾਹੁਣਾ ਹੋਵੇ।
ਜਸਵੰਤ ਮੇਰਾ ਸਟੂਡੈਂਟ ਸੀ। ਦਸਵੀਂ ਪਾਸ ਕਰੀ ਨੂੰ ਤਾਂ ਉਸ ਨੂੰ ਦਸ ਬਾਰਾਂ ਸਾਲ ਹੋ ਗਏ ਸਨ। ਹੁਣ ਵੀ ਉਹ ਮੈਨੂੰ ਚਾਰ ਪੰਜ ਸਾਲਾਂ ਬਾਅਦ ਮਿਲਿਆ ਸੀ। ਇਸ ਤੋਂ ਪਹਿਲਾਂ ਉਹ ਉਦੋਂ ਮਿਲਿਆ ਜਦੋਂ ਉਹ ਮਦਰਾਸੋਂ ਡੀ.ਪੀ.ਈ. ਦਾ ਕੋਰਸ ਕਰ ਕੇ ਆਇਆ ਸੀ।
ਬਹੁਤਾ ਬੋਲਣ ਵਾਲੀ
151