ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਕੀ ਭੁੱਖ

ਸਕੂਲ ਦੇ ਪਿਛਲੇ ਗੇਟ ਵੱਲ ਕਾਹਲ ਨਾਲ ਜਾ ਰਿਹਾ ਸਾਂ, ਲੱਗਿਆ ਜਿਵੇਂ ਪਿੱਛੋਂ ਕਿਸੇ ਨੇ ਹਾਕ ਮਾਰੀ ਹੋਵੇ-'ਮਾਸਟਰ ਜੀ' ਕਹਿਕੇ। ਆਵਾਜ਼ ਉੱਚੀ ਸੀ, ਨਹੀਂ ਤਾਂ ਜੁਆਕਾਂ ਦੇ ਰੌਲੇ ਵਿੱਚ ਮੈਨੂੰ ਉਹਦੀ ਹਾਕ ਸੁਣਨੀ ਹੀ ਨਹੀਂ ਸੀ।

ਇਸ ਤਿਕੋਨੀ ਸੜਕ ਉੱਤੇ ਤਿੰਨ ਸਕੂਲਾਂ ਦੇ ਬੱਚਿਆਂ ਦਾ ਇਕੱਠ ਹਮੇਸ਼ਾਂ ਰਹਿੰਦਾ ਹੈ। ਸਵੇਰੇ-ਸਵੇਰੇ ਸ਼ੁਰੂ ਹੋਣ ਵੇਲੇ ਤੋਂ ਲੈ ਕੇ ਸ਼ਾਮ ਸਕੂਲਾਂ ਦੇ ਬੰਦ ਹੋਣ ਤੱਕ। ਇੱਕ ਸਾਡਾ ਸਰਕਾਰੀ ਸਕੂਲ ਤੇ ਦੋ ਮਾਡਲ ਸਕੂਲ। ਤਿਕੋਨੀ ਉੱਤੇ ਸਕੂਲੀ-ਬੱਚਿਆਂ ਦੀ ਗਾਹਕੀ ਭੁਗਤਾਉਂਦੀਆਂ ਛੇ-ਸੱਤ ਦੁਕਾਨਾਂ ਹਨ। ਇਹਨਾਂ ਦੁਕਾਨਾਂ ਤੋਂ ਕਾਪੀਆਂ-ਕਿਤਾਬਾਂ ਤੇ ਹੋਰ ਕਾਗਜ਼ਾਂ-ਪੈਨਸਿਲਾਂ ਤੋਂ ਇਲਾਵਾ ਟਾਫੀਆਂ, ਬਿਸਕੁਟ, ਇਮਲੀ ਆਦਿ ਸਭ ਮਿਲਦਾ ਹੈ। ਸਰਕਾਰੀ ਸਕੂਲ ਦੇ ਗੇਟ ਅੱਗੇ ਰੇੜ੍ਹੀਆਂ ਖੜ੍ਹਦੀਆਂ ਹਨ, ਜਿਨ੍ਹਾਂ ਤੋਂ ਮੂੰਗਫ਼ਲੀਆਂ, ਨਮਕੀਨ ਤੇ ਮਿੱਠੀਆਂ ਚੀਜ਼ਾਂ ਬੱਚੇ ਖਰੀਦਦੇ ਹਨ। ਇੱਕ ਪਾਸੇ ਝਾੜ੍ਹੀਆਂ ਦੇ ਬੇਰਾਂ ਦੀ ਰੇੜ੍ਹੀ ਹੈ। ਸੜਕ ਉੱਤੇ ਭੁੰਜੇ ਹੀ ਦੋ ਔਰਤਾਂ ਬੇਰੀ ਦੇ ਕੱਚੇ ਬੇਰਾਂ ਦੀਆਂ ਢੇਰੀਆਂ ਲਾਈ ਬੈਠੀਆਂ ਹਨ-ਬੱਚੇ ਖੱਟੇ ਬੇਰਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ। ਕਾਰਕ ਦੀ ਗੋਲੀ ਵਾਲੇ ਪਿਸਤੌਲ ਦਾ ਨਿਸ਼ਾਨਾ ਲਵਾਉਣ ਵਾਲਾ ਬੁੱਢਾ ਫੌਜੀ ਵੀ ਖੜ੍ਹਾ ਹੈ। ਇੱਕ ਹੋਰ ਹੈ, ਨਕਸ਼ਾ ਜਿਹਾ ਵਿਛਾਕੇ ਬੈਠਾ ਹੋਇਆ, ਮੁੰਡੇ ਇੱਥੋਂ ਪੁੜੀਆਂ ਖਿੱਚ ਕੇ ਆਪਣੀ ਕਿਸਮਤ ਅਜ਼ਮਾਈ ਕਰਦੇ ਹਨ।

ਇਹ ਨਹੀਂ ਕਿ ਸਕੂਲ ਲੱਗਣ ਵਾਲੇ, ਅੱਧੀ ਛੁੱਟੀ ਵਕਤ ਜਾਂ ਸਾਰੀ ਛੁੱਟੀ ਹੋਣ 'ਤੇ ਤਿਕੋਨੀ ਦਾ ਕਾਰੋਬਾਰ ਚੱਲਦਾ ਹੋਵੇ। ਤਿੰਨਾਂ ਸਕੂਲਾਂ ਦੇ ਬੱਚੇ ਹਰ ਵੇਲੇ ਹੀ ਆਉਂਦੇ-ਜਾਂਦੇ ਰਹਿੰਦੇ ਹਨ। ਉਹ ਤਾਂ ਇੱਕ ਨੰਬਰ, ਦੋ ਨੰਬਰ ਦੀ ਛੁੱਟੀ ਲੈ ਕੇ ਏਧਰ ਆ ਵੜਦੇ ਹਨ ਜਾਂ ਉਂਜ ਹੀ ਕਲਾਸਾਂ ਛੱਡ ਕੇ ਭੱਜੇ ਜੀਭ ਦੇ ਚਟੂਰੇ।

ਉਹ ਕਿਤਾਬਾਂ ਦੀ ਦੁਕਾਨ ਅੱਗੇ ਰਿਕਸ਼ਾ ਵਿੱਚ ਬੈਠਾ ਸੀ। ਪਿਛਾਂਹ ਮੁੜਕੇ ਮੈਂ ਝਾਕਿਆ ਤਾਂ ਉਹਨੇ ਆਪਣੀ ਬਾਂਹ ਖੜ੍ਹੀ ਕਰ ਦਿੱਤੀ। ਇਹ ਤਾਂ ਵਿਦਿਆ ਚਰਨ ਹੈ। ਮੈਂ ਉਹਨੂੰ ਝੱਟ ਪਹਿਚਾਣ ਲਿਆ ਤੇ ਆਪਣਾ ਸਾਈਕਲ ਮੋੜ ਕੇ ਉਹਦੇ ਕੋਲ ਚਲਿਆ ਗਿਆ। ਉਹਨੇ ਮੈਨੂੰ ਨਮਸਕਾਰ ਕੀਤਾ। ਉਹ ਮੂੰਹੋਂ ਨਹੀਂ ਬੋਲਿਆ, ਬੱਸ ਆਪਣਾ ਹੱਥ ਤੇਜ਼ੀ ਨਾਲ ਮੱਥੇ ਨੂੰ ਲਾਇਆ। ਨਮਸਕਾਰ ਕਰਨ ਦਾ ਉਹਦਾ ਇਹ ਪੁਰਾਣਾ ਅੰਦਾਜ਼ ਸੀ।

ਉਹਨਾਂ ਦੇ ਪਿੰਡ ਜਦੋਂ ਮੈਂ ਸਕੂਲ-ਮਾਸਟਰ ਸਾਂ, ਸਕੂਲ ਸਾਹਮਣੇ ਹੀ ਉਹਦੀ ਦੁਕਾਨ ਸੀ। ਨਿੱਕੀ ਜਿਹੀ ਦੁਕਾਨ, ਉਸ ਵਿੱਚ ਬਹੁਤ ਥੋੜ੍ਹਾ ਸੌਦਾ ਹੁੰਦਾ। ਸਸਤੀ

ਬਾਕੀ ਭੁੱਖ

153