ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/156

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਕੁਰਸੀ ਉੱਤੇ ਬਿਠਾ ਲਿਆ। ਆਪ ਇੱਕ ਸਟੂਲ 'ਤੇ ਬੈਠ ਗਿਆ। ਕਾਊਂਟਰ ਦੇ ਦਰਾਜ਼ ਵਿਚੋਂ ਉਹਨੇ ਇੱਕ ਮਸ਼ੀਨ ਜਿਹੀ ਕੱਢੀ, ਫੇਰ ਉਹਦੇ ਵਿੱਚ ਦੋ ਬੈਟਰੀ-ਸੈੱਲ ਪਾਏ ਤੇ ਮਸ਼ੀਨ ਦੀਆਂ ਟੂਟੀਆਂ ਕੰਨਾਂ ਨੂੰ ਲਾ ਲਈਆਂ।ਕਹਿੰਦਾ-'ਹੁਣ ਕਰੋ ਗੱਲ। ਮੈਨੂੰ ਪੂਰਾ ਸੁਣਦੈ ਹੁਣ।' ਫੇਰ ਪੁੱਛਣ ਲੱਗਿਆ-'ਕੀ ਪੀਓਗੇ? ਚਾਹ ਜਾਂ ਠੰਡਾ?'

ਉਹਦੀ ਦੁਕਾਨ ਵਿੱਚ ਚਾਰ ਖੁੱਲ੍ਹੀਆਂ ਅਲਮਾਰੀਆਂ ਸਨ-ਸ਼ੈਲਫ਼ਾਂ ਵਾਲੀਆਂ। ਕਿਤਾਬਾਂ ਤੇ ਕਾਪੀਆਂ ਨਾਲ ਭਰੀਆਂ ਹੋਈਆਂ। ਕਈ ਮੇਜ਼ਾਂ ਤੇ ਬੈਂਚਾਂ ਉੱਤੇ ਹੋਰ ਬਹੁਤ ਸਾਮਾਨ ਪਿਆ ਸੀ।

ਮੈਨੂੰ ਪ੍ਰਸੰਨਤਾ ਹੋਈ ਕਿ ਵਿਦਿਆ ਚਰਨ ਐਨੀ ਤਰੱਕੀ ਕਰ ਗਿਆ ਹੈ। ਮੈਂ ਕਿਹਾ-'ਹੁਣ ਤਾਂ ਪੂਰੀ ਚੜ੍ਹਤ ਐ ਵਿਦਿਆ ਚਰਨ ਤੇਰੀ।'

ਹਾਂ ਜੀ, ਥੋਡੀ ਕਿਰਪਾ ਐ, ਮਾਸਟਰ ਜੀ।'

ਹੁਣ ਮੈਂ ਉਸ ਨਾਲ ਬਹੁਤ ਗੱਲਾਂ ਕਰ ਸਕਦਾ ਸਾਂ। ਨਹੀਂ ਤਾਂ ਪਹਿਲਾਂ ਜਦੋਂ ਮੈਂ ਏਥੇ ਹੁੰਦਾ, ਉਹਦੇ ਕੋਲ ਉਹ ਸੁਣਨ ਵਾਲਾ ਯੰਤਰ ਨਹੀਂ ਸੀ, ਮੈਨੂੰ ਬਹੁਤ ਉੱਚੀ ਬੋਲਣਾ ਪੈਂਦਾ। ਇਸ਼ਾਰਿਆਂ ਨਾਲ, ਕਿੰਨੀਆਂ ਕੁ ਤੇ ਕੀ ਗੱਲਾਂ ਕੀਤੀਆਂ ਜਾ ਸਕਦੀਆਂ ਸਨ। ਉੱਚਾ ਬੋਲ-ਬੋਲ ਮੈਂ ਥੱਕ ਜਾਂਦਾ।

ਦੁਕਾਨ ਦੀਆਂ ਗੱਲਾਂ ਮੁਕਾ ਕੇ ਫੇਰ ਮੈਂ ਉਹਨੂੰ ਕਿਤਾਬਾਂ ਪੜ੍ਹਨ ਬਾਰੇ ਪੁੱਛਿਆ। ਉਹ ਕਹਿੰਦਾ-'ਥੋਡੇ ਵੇਲੇ ਤਾਂ ਇਹ ਸਕੂਲ ਵਾਲੇ ਕਿਤਾਬਾਂ ਦੇ ਦਿੰਦੇ ਸੀ, ਹੁਣ ਮੇਰੀ ਕੁਝ ਨਫ਼ਰਤ ਜੀ ਮੰਨਦੇ ਐ, ਮਾਸਟਰ ਜੀ। ਭੈਣ ਜੀ, ਜੀਹਦੇ ਕੋਲ ਲਾਇਬਰੇਰੀ ਐ, ਆਖੂਗੀ-ਮੈਂ ਤਾਂ ਚਾਬੀਆਂ ਘਰੇ ਭੁੱਲ ਆਈ ਅਲਮਾਰੀ ਦੀਆਂ। ਕਦੇ ਕਹੂਗੀ-ਕੱਲ੍ਹ ਨੂੰ ਆਈਂ। ਇੱਕ ਦਿਨ ਕਹਿੰਦੀ-ਤੈਨੂੰ ਨ੍ਹੀ ਮਿਲ ਸਕਦੀਆਂ ਇਹ ਕਿਤਾਬਾਂ, ਤੂੰ ਕਿਹੜਾ ਸਕੂਲ ਦਾ ਆਦਮੀ ਐਂ।'

ਮੈਨੂੰ ਸਕੂਲ ਲਾਇਬ੍ਰੇਰੀਅਨ ਉੱਤੇ ਹਾਸਾ ਆਇਆ। ਮਾਸਟਰ ਤੇ ਮੁੰਡੇ-ਕੁੜੀਆਂ ਕਿਤਾਬਾਂ ਪੜ੍ਹਦੇ ਨਹੀਂ, ਜਿਹੜਾ ਕੋਈ ਪੜ੍ਹਦੈ, ਉਹਦੇ ਵਾਸਤੇ ਕਾਨੂੰਨ ਸਾਹਮਣੇ ਅੜ ਗਿਆ। ਕਿਤਾਬਾਂ ਨਾਲ ਸਿਉਂਕ ਦਾ ਰਿਸ਼ਤਾ ਪੱਕਾ।

ਮੈਂ ਉਹਨੂੰ ਪੁੱਛਿਆ-ਫੇਰ ਕਿਵੇਂ ਕਰਦੈ ਤੂੰ? ਕਿਤਾਬਾਂ ਕਿੱਥੋਂ ਲੈਨੈਂ ਹੁਣ?'

'ਮੈਂ ਹੁਣ ਮੁੱਲ ਮੰਗਵਾ ਲੈਨਾਂ, ਮਾਸਟਰ ਜੀ, ਸ਼ਹਿਰੋਂ, ਕੋਈ ਆਉਂਦਾ-ਜਾਂਦਾ ਲਿਆ ਦਿੰਦੈ। ਮੈਂ ਆਪ ਵੀ ਜਾਂਦਾ ਰਹਿਨਾਂ। ਸ਼ਹਿਰੋਂ ਮਿਲ ਜਾਂਦੀਆਂ ਨੇ। ਪਰ ਮੈਂ ਹੁਣ ਪੜ੍ਹਨਾ ਘੱਟ ਕਰ 'ਤਾ। ਦੁਕਾਨ ਦਾ ਕੰਮ ਬਹੁਤ ਰਹਿੰਦੈ, ਮ੍ਹੀਨੇ 'ਚ ਇੱਕ ਕਿਤਾਬ ਪੜ੍ਹਦਾਂ। ਇੱਕ ਕਿਤਾਬ ਦੇ ਹਿੱਸੇ ਦੀ ਰਕਮ ਮੈਂ ਅੱਡ ਕਰਕੇ ਰੱਖ ਲੈਨਾਂ, ਹਰ ਮ੍ਹੀਨੇ।'

ਇੱਕ ਕਿਤਾਬ ਤੈਨੂੰ ਹੁਣ ਥੋੜ੍ਹੀ ਨੀ ਲੱਗਦੀ?'

ਇਹ ਕਿਤਾਬਾਂ ਤਾਂ, ਮਾਸਟਰ ਜੀ, ਕਈ ਕਈ ਪੜ੍ਹਦਾਂ ਮੈਂ। ਪੁਰਾਣੀਆਂ ਸਭ ਮੇਰੇ ਕੋਲ ਪਈਆਂ ਨੇ। ਹੁਣ ਤਾਂ ਘਰੇ ਈ ਲਾਇਬਰੇਰੀ ਬਣਦੀ ਜਾਂਦੀ ਐ।'

ਉਸ ਦਿਨ ਬਹੁਤ ਵਧੀਆ ਅਹਿਸਾਸ ਲੈ ਕੇ ਮੈਂ ਉੱਥੋਂ ਆਇਆ। ਵਿਦਿਆ ਚਰਨ ਦੀ ਦੁਕਾਨ ਵੀ ਸਿਰੇ ਦੀ ਚੱਲ ਪਈ ਤੇ ਇਹ ਕਿ ਉਹ ਸਾਹਿਤ ਪੜ੍ਹਨ ਦੇ ਅਸਲ ਰਾਹ 'ਤੇ ਤੁਰਿਆ ਹੋਇਆ ਹੈ।

156

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ