ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/158

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਚਾਲਾਕ ਬਿੱਲੀ ਵਾਂਗ ਮੇਰੇ ਵੱਲ ਝਾਕ ਰਿਹਾ ਸੀ। ਉਹਦੀ ਨਜ਼ਰ ਵਿੱਚ ਥੋੜ੍ਹੀ ਗੁਸਤਾਖੀ ਵੀ ਦਿਸੀ ਮੈਨੂੰ। 'ਮੈਂ ਤਾਂ ਥੋਡੇ ਕੋਲ ਈ ਆਇਆਂ।' ਉਹਨੇ ਅਧੀਨਗੀ ਜਿਹੀ ਦਿਖਾਈ।

'ਹਾਂ, ਸੇਵਾ ਦੱਸ।' ਮੈਂ ਕਿਹਾ।

'ਤੁਸੀਂ ਹੋਰ ਸ਼ਾਦੀ ਕਰਵਾ ਲੀ?' ਉਹਨੇ ਰਿਕਸ਼ੇ ਵਿੱਚ ਬੈਠੇ ਹੀ ਗੱਲ ਛੇੜੀ।

'ਹਾਂ, ਉਹ ਤਾਂ ਕਈ ਸਾਲ ਹੋਗੇ। ਹੁਣ ਤਾਂ ਇੱਕ ਬੱਚਾ ਵੀ ਐ। ਉਹਦੇ ਕੋਲ। ਮੇਰੀ ਪਹਿਲੀ ਘਰ ਵਾਲੀ ਮਰ 'ਗੀ ਸੀ ਨਾ। ਫੇਰ ਇਹ ਸ਼ਾਦੀ ਕਰਾ ਲੀ ਸੀ। ਰੋਟੀ-ਟੁੱਕ ਦਾ ਬੜਾ ਔਖਾ ਸੀ।'

'ਮੈਂ ਸੁਣਿਆ, ਤੁਸੀਂ ਉਹਨੂੰ ਕਿਸੇ ਯਤੀਮ ਖਾਨਿਓਂ ਲਿਆਂਦਾ ਸੀ। ਵਿਦਿਆ ਚਰਨ ਦੀ ਗੱਲ ਉੱਤੇ ਪਹਿਲਾਂ ਤਾਂ ਮੈਨੂੰ ਹਾਸੀ ਆਈ, ਫੇਰ ਗੁੱਸਾ। ਤੇ ਮੈਂ ਤਿੜਕ ਕੇ ਉਹਨੂੰ ਕਿਹਾ- 'ਤੈਨੂੰ ਕੀਹਨੇ ਦੱਸਿਐ?'

'ਮੈਨੂੰ ਕਿਤੋਂ ਪਤਾ ਲੱਗਿਆ, ਏਸੇ ਕਰਕੇ ਤਾਂ ਮੈਂ ਆਇਆ ਥੋਡੇ ਕੋਲ, ਮਾਸਟਰ ਜੀ।' ਉਹ ਮੁਸਕਰਾ ਰਿਹਾ ਸੀ।

'ਨਾ, ਇਹ ਗੱਲ ਤੈਨੂੰ ਕਹੀ ਕੀਹਨੇ?' ਮੇਰੇ ਤਨ-ਬਦਨ ਨੂੰ ਅੱਗ ਲੱਗੀ ਹੋਈ ਸੀ। 'ਸਾਰੇ ਲੋਕ-ਪਹਿਲਾਂ ਤਾਂ ਕੋਈ ਮੁੱਲ ਦੀ ਕਹਿੰਦਾ ਸੀ, ਕੋਈ ਛੁੱਟੜ ਤੇ ਕੋਈ ਵਿਧਵਾ, ਹੁਣ ਇਹ ਕਿਸੇ ਨੂੰ ਯਤੀਮ ਖਾਨੇ ਦੀ ਬਣਾ ਧਰੀ, ਧੀ ਦੇ ਯਾਰ ਨੇ।'

ਖ਼ੈਰ .... ਮੈਨੂੰ ਵਿਦਿਆ ਚਰਨ ਦੀ ਅਗਲੀ ਗੱਲ ਜਾਣਨ ਦੀ ਉਤਸੁਕਤਾ ਸੀ।

'ਮੈਨੂੰ ਤਾਂ ਜੀ ਇੱਕ ਪੱਕੇ ਬੰਦੇ ਨੇ ਥੋਡੇ ਕੋਲ ਭੇਜਿਐ। ਮੈਂ ਕਿਹਾ-ਲਓ, ਉਹ ਮਾਸਟਰ ਜੀ ਤਾਂ ਆਪਣੇ ਮਿੱਤਰ-ਬੇਲੀ ਨੇ। ਸੱਚ ਪੁੱਛੇਂ, ਮੇਰੀ ਦੁਕਾਨ ਤਾਂ ਉਹਨਾਂ ਨੇ ਈ ਚਲਾਵਾਈ ਸੀ। ਮੈਨੂੰ ਐਨੀਆਂ ਚੰਗੀਆਂ-ਚੰਗੀਆਂ ਕਿਤਾਬਾਂ ਪੜ੍ਹਨ ਨੂੰ ਦਿੰਦੇ ਹੁੰਦੇ। ਮੈਂ ਤਾਂ ਉਹਨਾਂ ਦਾ ਗੁਣ ਨ੍ਹੀ ਭੁਲਾ ਸਕਦਾ। ਹੈਂ ਜੀ। ਉਹਦਾ ਸਾਰਾ ਸਰੀਰ ਜਿਵੇਂ ਪੰਘਰਿਆਂ ਪਿਆ ਹੋਵੇ। ਫੇਰ ਉਹ ਅੱਧ ਕੁ ਦਾ ਹੋ ਕੇ ਕਹਿਣ ਲੱਗਿਆ-'ਓਥੇ ਮੈਨੂੰ ਲੈ ਚੱਲੋ, ਮਾਸਟਰ ਜੀ।'

'ਕਿੱਥੇ?'

'ਓਸ ਯਤੀਮ ਖਾਨੇ। ਤੁਸੀਂ ਤਾਂ ਸਭ ਵਾਕਫ ਓਂ। ਮੈਂ ਪੈਸੇ ਖਰਚ ਕਰ ਸਕਦਾਂ। ਮੇਰੇ ਕੋਲ ਦਸ ਹਜ਼ਾਰ ਰੁਪਈਆਂ ਤਾਂ ਜਮ੍ਹਾ ਕੀਤਾ ਹੋਇਐ, ਬੈਂਕ 'ਚ ਪਿਐ। ਆਪਾਂ ਪੂਰਾ ਖਰਚ ਕਰ ਸਕਦੇ ਆਂ, ਮਾਸਟਰ ਜੀ। ਐਸੀ ਗੱਲ ਨ੍ਹੀਂ।

ਵਿਦਿਆ ਚਰਨ ਦੀ ਉਮਰ ਮੈਂ ਕਦੇ ਪੁੱਛੀ ਨਹੀਂ ਸੀ। ਪਰ ਦੇਖਣ ਤੋਂ ਹੁਣ ਉਹ ਮੈਨੂੰ ਲੱਗਦਾ ਸੀ, ਪੰਤਾਲੀ ਤੋਂ ਪੰਜਾਹ ਦੇ ਵਿਚਕਾਰ ਜ਼ਰੂਰ ਹੋਵੇਗਾ। ਉਹਦੇ ਕੰਨ ਬੰਦ ਸਨ। ਲੱਤਾਂ ਖੜ੍ਹ ਚੁੱਕੀਆਂ ਸਨ। ਬੰਦਾ ਨਾ ਬੰਦੇ ਦੀ ਸ਼ਕਲ। ਬਾਂਦਰ ਨਿਰਾ। ਪਹਿਲਾਂ ਮੈਨੂੰ ਉਹਦੀ ਏਸ ਗੱਲ ਉੱਤੇ ਗੁੱਸਾ ਆਇਆ-ਸਾਲਾ ਦੇਖ, ਇਹ ਵੀ ਹੁਣ ਤੀਮੀਂ ਭਾਲਦੈ।' ਫੇਰ ਤਰਸ-'ਇੱਕ ਬੱਸ ਤੀਮੀਂ ਦੀ ਭੁੱਖ ਬਾਕੀ ਰਹਿ 'ਗੀ ਵਿਚਾਰੇ ਨੂੰ।'

ਮੈਂ ਉਹਨੂੰ ਪਿਆਰ ਨਾਲ ਸਮਝਾਇਆ-'ਵਿਦਿਆ ਚਰਨ ਸੇਠ, 'ਤੈਨੂੰ ਕਿਸੇ ਨੇ ਗਲਤ ਆਖਿਐ। ਕਿਸੇ ਨੇ ਮਜ਼ਾਕ ਕੀਤਾ ਹੋਣੈ। ਮੈਂ ਕਿਸੇ ਯਤੀਮਖਾਨੇ ਨੂੰ ਨ੍ਹੀ ਜਾਣਦਾ, ਮੇਰੀ ਇਸ ਘਰ ਵਾਲੀ ਦੇ ਮਾਂ-ਬਾਪ, ਭੈਣ-ਭਰਾ ਰਿਸ਼ਤੇਦਾਰ ਸਭ ਨੇ।' ਮੈਂ ਉਹਨੂੰ

158

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ