ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ

ਉਹ ਅੱਗ ਵਰਗੀ ਤੀਵੀਂ ਸੀ। ਨੇੜੇ ਜਾਓ ਤਾਂ ਸੇਕ ਮਾਰਦਾ, ਦੂਰੋਂ ਖਿੱਚਾਂ ਪਾਉਂਦੀ। ਇੱਕ ਵਾਰ ਤਾਂ ਹਰਨੇਕ ਨੇ ਤਹੱਈਆ ਹੀ ਕਰ ਲਿਆ ਕਿ ਉਹ ਇਸ ਅੱਗ ਨੂੰ ਆਪਣੀ ਮੁੱਠੀ ਵਿੱਚ ਘੁੱਟ ਲਵੇਗਾ, ਚਾਹੇ ਉਹਦਾ ਹੱਥ ਸੜ ਹੀ ਕਿਉਂ ਨਾ ਜਾਵੇ। ਉਹਦੇ ਨੇੜੇ ਹੋਣ ਲਈ ਉਹ ਕੱਟੇ ਵੱਛੇ ਜਿਹੇ ਬੰਨ੍ਹਣ ਲੱਗਦਾ ਤਾਂ ਮ੍ਹਿੰਦਰੋਂ ਹੱਸ ਕੇ ਆਖਦੀ,'ਜਿਹੜੀ ਗੱਲ ਤੂੰ ਭਾਲਦੈਂ, ਖ਼ੁਸ਼ੀ ਆਸ ਰੱਖ। ਤੂੰ ਕੱਲ੍ਹ ਦਾ ਮੁੰਡਾ, ਤੇਰੀ ਸਾਰੀ ਉਮਰ ਪਈ ਐ। ਬਥੇਰੀਆਂ ਮਿਲ ਜਾਣਗੀਆਂ ਮੇਰੇ ਵਰਗੀਆਂ-ਇੱਕ ਤੋਂ ਇੱਕ ਚੜ੍ਹਦੀ। ਮੈਥੋਂ ਵੀ ਬਹੁਤੀ ਸੋਹਣੀ ਕੋਈ।

ਹਰਨੇਕ ਹਥਿਆਰ ਸੁੱਟ ਬੈਠਦਾ ਤੇ ਨਿੰਮੋਝੂਣਾ ਹੋ ਕੇ ਆਖਣ ਲੱਗਦਾ, 'ਬੱਸ ਊਈਂ ਮੈਨੂੰ ਤਾਂ ਤੇਰਾ ਮੋਹ ਜਿਹਾ ਆਉਂਦੈ। ਬੱਸ ਐਨੀ ਗੱਲ ਈ ਐ।'

'ਤੇਰੇ ਮੋਹ ਨੂੰ ਸਭ ਜਾਣਦੀ ਆਂ ਮੈਂ। ਤੇਰੀਆਂ ਅੱਖਾਂ ਦੱਸਦੀਆਂ ਨੇ। ਤੇਰੀ ਨੀਤ ਮਾੜੀ ਐ।'

'ਲੈ ਭਾਬੀ, ਤੂੰ ਤਾਂ ਗੁੱਸਾ ਮੰਨ ਜਾਨੀ ਐ।' ਹਰਨੇਕ ਜਮਾਂ ਹੀ ਭੁੰਜੇ ਲਹਿ ਜਾਂਦਾ।

ਪਰ ਉਹ ਬੇਚੈਨ ਰਹਿੰਦਾ। ਨਿੱਕੀਆਂ-ਨਿੱਕੀਆਂ ਹਰਕਤਾਂ ਕਰਨੋਂ ਹਟਦਾ ਨਹੀਂ ਸੀ।

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਹਰਨੇਕ ਬੀ.ਏ. ਕਰਕੇ ਘਰ ਆ ਬੈਠਾ ਤੇ ਬੇਰੋਜ਼ਗਾਰ ਸੀ। ਵਿਹਲਾ ਰਹਿੰਦਾ। ਘਰਦਿਆਂ ਨਾਲ ਐਸਾ-ਵੈਸਾ ਹੀ ਕੰਮ ਕਰਾਉਂਦਾ। ਉਹ ਤਿੰਨ ਭਾਈ ਸਨ। ਦੋ ਵੱਡੇ ਉਹਤੋਂ ਕਾਫ਼ੀ ਵੱਡੇ ਸਨ ਤੇ ਵਿਆਹੇ-ਵਰ੍ਹੇ। ਉਨ੍ਹਾਂ ਤੋਂ ਛੋਟੀਆਂ ਦੋ ਭੈਣਾਂ, ਉਹ ਵੀ ਆਪਣੇ ਘਰੀਂ ਵਸਦੀਆਂ-ਰਸਦੀਆਂ। ਹਰਨੇਕ ਸਭ ਤੋਂ ਛੋਟਾ ਹੋਣ ਕਰਕੇ ਮਾਂ ਦਾ ਲਾਡਲਾ ਸੀ। ਪਿਉ ਨਹੀਂ ਸੀ। ਭਰਜਾਈਆਂ ਉਹਨੂੰ ਕੰਮ ਨੂੰ ਆਖਦੀਆਂ ਤਾਂ ਮਾਂ ਬੁਰਾ ਮਨਾਉਂਦੀ। ਆਖਦੀ, 'ਜਦੋਂ ਇਹਨੇ ਪਹਿਲੇ ਦਿਨੋ ਕੰਮ ਨ੍ਹੀ ਕੀਤਾ, ਹੁਣ ਕਿਵੇਂ ਕਰ ਲੂ? ਨਾਲੇ ਇਹਨੇ ਕਿਹੜਾ ਖੇਤੀ ਕਰਨੀ ਐਂ। ਚੌਦਾਂ ਪਾਸ ਐ। ਨੌਕਰੀ ਕਰੂ ਕੋਈ। ਜੇ ਹਲ ਈ ਵਾਹੁਣਾ ਸੀ ਤਾਂ ਪੜ੍ਹਦਾ ਕਾਹਨੂੰ, ਕਾਹਨੂੰ ਕਿਤਾਬਾਂ ਨਾਲ ਮੱਥਾ ਮਾਰਦਾ।'

ਤੇ ਅੱਜ ਵਰ੍ਹਿਆਂ ਬਾਅਦ ਉਹ ਮ੍ਹਿੰਦਰੋਂ ਭਾਬੀ ਦੇ ਪਿੰਡ ਜਾ ਰਿਹਾ ਸੀ। ਮਨ ਵਿੱਚ ਤਿੱਖੀ ਉਮੰਗ ਕਿ ਉਹ ਮ੍ਹਿੰਦਰੋਂ ਨੂੰ ਦੇਖੇਗਾ, ਉਹਦੇ ਨਾਲ ਗੱਲਾਂ ਕਰੇਗਾ ਤਾਂ ਉਹਦੀ ਬੇਸੁਰ ਤਬੀਅਤ ਨੂੰ ਕੁਝ ਰਾਹਤ ਮਿਲੇਗੀ। ਉਹ ਹਾਲੇ ਤੱਕ ਵੀ ਉਹਦੇ ਧੁਰ ਅੰਦਰ ਕਿਤੇ

164

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ