ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਹਰਨੇਕ ਲਈ ਲੂਣ ਵਾਲੀ। ਐਨੇ ਵਰ੍ਹਿਆਂ ਬਾਅਦ ਵੀ ਮ੍ਹਿੰਦਰੋ ਨੂੰ ਯਾਦ ਸੀ ਕਿ ਉਹ ਮਿੱਠੇ ਵਾਲੀ ਸ਼ਕੰਜਵੀ ਨਹੀਂ ਪੀਂਦਾ। ਉਨ੍ਹਾਂ ਦੇ ਪਿੰਡ ਜਦੋਂ ਮਾਂ ਸ਼ਕੰਜਵੀ ਬਣਾਉਂਦੀ, ਜੇ ਮਿੱਠੇ ਵਾਲੀ ਹੁੰਦੀ ਤਾਂ ਹਰਨੇਕ ਘੁੱਟ ਭਰ ਕੇ ਛੱਡ ਦਿੰਦਾ। ਜੂਠੀ ਸ਼ਕੰਜਵੀ ਬਣਾਉਂਦੀ, ਜੇ ਮਿੱਠੇ ਵਾਲੀ ਹੁੰਦੀ ਤਾਂ ਹਰਨੇਕ ਘੁੱਟ ਭਰ ਕੇ ਛੱਡ ਦਿੰਦਾ। ਜੂਠੀ ਸ਼ਕੰਜਵੀ ਮਾਂ ਨੂੰ ਪੀਣੀ ਪੈਂਦੀ। ਉਹ ਮਾਂ ਨਾਲ ਲੜਦਾ ਕਿ ਉਹਨੂੰ ਲੂਣ ਵਾਲੀ ਕਿਉਂ ਨਹੀਂ ਬਣਾ ਕੇ ਦਿੱਤੀ?

ਸ਼ਕੰਜਵੀ ਪੀ ਕੇ ਉਹ ਬੈਠਕ ਵਿੱਚ ਪੱਖੇ ਥੱਲੇ ਬੈਠ ਗਏ। ਕਰਮ ਸਿੰਘ ਕਹਿੰਦਾ, 'ਗਰਮੀ ਬਹੁਤ ਐ। ਪਹਿਲਾਂ ਨ੍ਹਾ ਲੈ, ਹਰਨੇਕ। ਮੈਂ ਵੀ ਨ੍ਹਾ ਲੂੰ ਪਿਛੋਂ। ਫੇਰ ਬਹਿਨੇ ਆਂ।'

ਪੈਂਟ ਬੁਸ਼ਰਟ ਉਤਾਰ ਕੇ ਹਰਨੇਕ ਨੇ ਕੁੜਤਾ ਪਜਾਮਾ ਪਾ ਲਿਆ ਤੇ ਗੁਸਲਖਾਨਾ ਪੁੱਛਿਆ। ਨ੍ਹਾ ਕੇ ਜਿਵੇਂ ਸੁਰਤ ਆ ਗਈ ਹੋਵੇ। ਕੁੜਤਾ ਪਜਾਮਾ ਪਾ ਕੇ ਬੈਠਾ ਹਰਨੇਕ ਹੌਲਾ-ਫੁੱਲ ਮਹਿਸੂਸ ਕਰ ਰਿਹਾ ਸੀ। ਐਨੇ ਨੂੰ ਉਨ੍ਹਾਂ ਦੇ ਤਿੰਨੇ ਜੁਆਕ ਬਾਹਰੋ ਕਿਧਰੋਂ ਆਏ ਤੇ ਵਾਰੀ-ਵਾਰੀ ਉਹਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਚਲੇ ਗਏ। ਕਰਮ ਸਿੰਘ ਵੀ ਨ੍ਹਾ ਕੇ ਉਹਦੇ ਕੋਲ ਆ ਬੈਠਾ। ਹਰਨੇਕ ਨੇ ਦੇਖਿਆ, ਬੈਠਕ ਦੇ ਹੈਂਗਰ ਉੱਤੇ ਉਹਦੀ ਪੈਂਟ-ਬੁਸ਼ਰਟ ਨਹੀਂ ਸੀ। ਮੇਜ ਉੱਤੇ ਉਹਦਾ ਬਟੂਆ, ਪੈਨ ਤੇ ਰੁਮਾਲ ਰੱਖੇ ਪਏ ਸਨ। ਉਹ ਪਹਿਲਾਂ ਆਪਣੀਆਂ ਚੀਜ਼ਾਂ ਵੱਲ ਝਾਕਦਾ ਰਿਹਾ ਤੇ ਫੇਰ ਕਰਮ ਸਿੰਘ ਵੱਲ ਦੇਖਿਆ। ਕਰਮ ਸਿੰਘ ਬੋਲਿਆ, 'ਇਹ ਤਾਂ ਤੇਰੀ ਭਾਬੀ ਲੈ ਗੀ, ਮੇਰੀ ਸਮਝ 'ਚ। ਧੋ ਦੂ ਗੀ। ਤੜਕੇ ਜਾਣ ਵੇਲੇ ਨੂੰ ਸੁੱਕ ਜਾਣਗੇ। ਗਰਮੀ ਤਾਂ ਮੇਰੇ ਸਾਲੇ ਦੀ, ਬੱਸ ਪੁੱਛ ਨਾ। ਘੰਟੇ 'ਚ ਕੱਪੜਾ ਮੈਲ਼ਾ ਹੋ ਜਾਂਦੈ, ਮੁੜ੍ਹਕੇ ਨਾਲ।'

ਪਿੰਡ ਜਦੋਂ ਉਹ ਹੁੰਦਾ ਤਾਂ ਉਹਦਾ ਹਾਲੇ ਵਿਆਹ ਨਹੀਂ ਹੋਇਆ ਸੀ ਤਾਂ ਗਰਮੀ ਦੇ ਦਿਨਾਂ ਵਿੱਚ ਉਹ ਮਾਂ ਨੂੰ ਆਖਦਾ ਕਿ ਉਹ ਉਹਦਾ ਸ਼ਰਟ ਸਰਫ ਦੇ ਪਾਣੀ ਵਿੱਚ ਝੰਜੋਲ ਕੇ ਪਾ ਦੇਵੇ, ਤੜਕੇ ਨੂੰ ਸੁੱਕ ਜਾਵੇਗਾ। ਮਾਂ ਜਵਾਬ ਦਿੰਦੀ, 'ਤੜਕੇ ਕੀ ਦਿਨ ਨਹੀਂ ਚੜ੍ਹੂਗਾ। ਤੜਕੇ ਧੋ ਦੂੰ ਗੀ। ਜਾਂ ਦੇਹਾਂ ਘਰ ਵੜਦਾ।

ਕਰਮ ਸਿੰਘ ਘਰ ਦੀ ਕੱਢੀ ਦਾ ਅਧੀਆ ਲੈ ਆਇਆ। ਬਰਫ ਤੇ ਸਲੂਣਾ ਵੀ। ਉਹ ਕੋਠੇ ਦੀ ਛੱਤ ਉੱਤੇ ਬੈਠ ਗਏ ਤੇ ਪੀਣ ਲੱਗੇ। ਕਰਮ ਸਿੰਘ ਥੋੜ੍ਹੀ ਪੀਂਦਾ ਸੀ। ਹਰਨੇਕ ਨੂੰ ਵੀ ਕੋਈ ਖ਼ਾਸ ਸ਼ੌਕ ਨਹੀਂ ਸੀ ਪੀਣ ਦਾ। ਦੋਵੇਂ ਹੀ ਚੁਸਕੀਆਂ ਭਰਦੇ ਤੇ ਹਰਨੇਕ ਦੇ ਪਿੰਡ ਦੀਆਂ ਗੱਲਾਂ ਕਰਨ ਲੱਗਦੇ। ਕਰਮ ਸਿੰਘ ਨੇ ਇਕੱਲੇ-ਇਕੱਲੇ ਜਾਣਕਾਰ ਘਰ ਦਾ ਹਾਲ-ਚਾਲ ਪੁੱਛਿਆ। ਜਿਵੇਂ ਉਹ ਉਹਦਾ ਆਪਣਾ ਪਿੰਡ ਹੋਵੇ। ਦੋ ਸਾਲਾਂ ਵਿੱਚ ਹੀ ਉਹਨੇ ਉਥੇ ਖਾਸੀ ਜਾਣਕਾਰੀ ਬਣਾ ਲਈ ਸੀ। ਪ੍ਰਾਈਮਰੀ ਜਮਾਤਾਂ ਵਿੱਚ ਉਹਦੇ ਪੜ੍ਹਾਏ ਮੁੰਡੇ ਹੁਣ ਚੰਗੇ-ਚੰਗੇ ਕੰਮਾਂ ਉੱਤੇ ਸਨ ਤੇ ਆਪਣੀ ਸੋਹਣੀ ਗੁਜ਼ਰ ਬਸਰ ਕਰ ਰਹੇ ਸਨ। ਦੋਵਾਂ ਨੂੰ ਵਾਹਵਾ ਸਰੂਰ ਆ ਗਿਆ ਤਾਂ ਚੁੰਨੀ ਦੇ ਪੱਲੇ ਨਾਲ ਮੂੰਹ ਪੂੰਝਦੀ ਮ੍ਹਿੰਦਰੋ ਕੋਠੇ ਉੱਤੇ ਉਨ੍ਹਾਂ ਕੋਲ ਆ ਬੈਠੀ। ਉਹ ਰੋਟੀ ਪਕਾ ਕੇ ਆਈ ਸੀ ਤੇ ਗਰਮੀ ਮੰਨ ਰਹੀ ਸੀ। ਦੋ ਮੰਜੇ ਸਨ, ਉਹ ਹਰਨੇਕ ਵਾਲੇ ਮੰਜੇ ਉੱਤੇ ਪਾਸਾ ਜਿਹਾ ਮਾਰ ਕੇ ਬੈਠ ਗਈ। ਹੱਸਣ ਲੱਗੀ, 'ਹਰਨੇਕ ਉਦੋਂ ਤਾਂ ਤੂੰ ਪੀਂਦਾ ਨ੍ਹੀ ਸੀ ਹੁੰਦਾ, ਹੁਣ ਕਦੋਂ ਤੋਂ ਸ਼ੁਰੂ ਕਰ 'ਤੀ?'

ਮਾਂ

167