ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/170

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੱਲਾ-ਕਹਿਰਾ ਆਦਮੀ

ਸਵੇਰ ਦੀ ਚਾਹ ਪੀ ਕੇ ਉਹ ਅਜੇ ਬਿਸਤਰੇ ਵਿੱਚ ਹੀ ਪਿਆ ਸੀ। ਉਹਦੀ ਪਤਨੀ ਬਾਹਰੋਂ ਗਲੀ ਵਿਚੋਂ ਆਈ ਤੇ ਦੱਸਿਆ ਕਿ ਗੁਆਂਢੀਆਂ ਦਾ ਕੁੱਤਾ ਮਰ ਗਿਆ ਹੈ। ਜਮਾਦਾਰਨੀ ਦੱਸਦੀ ਹੈ, ਕੁੱਤੇ ਨੂੰ ਸੱਪ ਨੇ ਡੰਗ ਮਾਰਿਆ ਸੀ।

ਸ਼ਕੁੰਤਲਾ ਦਾ ਇੱਕ ਹੱਥ ਆਪਣੀ ਵੱਖੀ ਉੱਤੇ ਹੈ ਤੇ ਉਹਦਾ ਸਾਹ ਨਾਲ ਸਾਹ ਨਹੀਂ ਰਲਦਾ। ਉਹ ਖ਼ੁਸ਼ ਹੈ ਕਿ ਗੁਆਂਢੀਆਂ ਦਾ ਕੁੱਤਾ ਮਰ ਗਿਆ। ਉਹਦੇ ਚਿਹਰੇ ਉੱਤੇ ਪੀੜ੍ਹ ਦੇ ਚਿੰਨ੍ਹ ਹਨ, ਅੱਖਾਂ ਡੁੱਬ ਰਹੀਆਂ ਹਨ। ਗਲੀ ਵਿਚੋਂ ਕਾਹਲ ਨਾਲ ਆਉਣ ਕਰਕੇ ਢਿੱਡ ਦੀ ਰਸੌਲੀ ਹਿੱਲ ਗਈ ਹੈ ਤੇ ਤਿੱਖਾ ਦਰਦ ਹੈ।

ਜੋਗਿੰਦਰਪਾਲ ਬੇਹੱਦ ਪ੍ਰਸੰਨ ਹੈ ਤੇ ਮੰਜੇ ਉੱਤੇ ਬੈਠੇ ਦਾ ਬੈਠਾ ਰਹਿ ਗਿਆ ਹੈ। ਉਹਦੇ ਮੂੰਹੋਂ ਬੋਲ ਨਹੀਂ ਸਕਿਆ। ਅੱਖਾਂ ਵਿੱਚ ਪੂਰੀ ਚਮਕ ਹੈ। ਜਿਵੇਂ ਕੋਈ ਵੱਡਾ ਚਮਤਕਾਰ ਹੋ ਗਿਆ ਹੋਵੇ। ਜਿਵੇਂ ਇਹ ਤਾਂ ਬੱਸ ਕਮਾਲ ਹੀ ਹੋ ਗਿਆ। ਜੋਗਿੰਦਰਪਾਲ ਨੇ ਸਾਰੀ ਉਮਰ ਸਕੂਲਾਂ ਵਿੱਚ ਕਲਰਕੀ ਕੀਤੀ। ਪੁੱਜ ਕੇ ਸ਼ਰੀਫ ਆਦਮੀ ਹੈ। ਸਕੂਲ ਦੇ ਕਲਰਕ ਨੂੰ ਰਿਸ਼ਵਤ ਵੀ ਕਿੱਥੇ? ਤਨਖ਼ਾਹ ਸਹਾਰੇ ਹੀ ਨੌਕਰੀ ਪੂਰੀ ਕਰ ਲਈ। ਇੱਕ ਬੱਸ ਮੁੰਡਾ ਪੜ੍ਹਾ ਲਿਆ, ਜੋ ਹੁਣ ਸਕੂਲ-ਮਾਸਟਰ ਹੈ। ਵਿਆਹ ਲਿਆ ਸੀ। ਹੁਣ ਦੂਰ ਕਿਸੇ ਪਿੰਡ ਦੇ ਹਾਈ ਸਕੂਲ ਵਿੱਚ ਹੈ। ਦੋ ਕੁੜੀਆਂ ਸਨ, ਦਸਵੀਂ-ਦਸਵੀਂ ਪੜ੍ਹਾ ਕੇ ਵਿਆਹ ਦਿੱਤੀਆਂ। ਹੁਣ ਆਪਣੇ ਘਰੀਂ ਵਸਦੀਆਂ-ਰਸਦੀਆਂ ਹਨ।

ਜੋਗਿੰਦਰਪਾਲ ਬਹੁਤ ਵਰ੍ਹੇ ਆਪਣੇ ਪਿੰਡ ਰਿਹਾ। ਰਿਟਾਇਰ ਹੋਣ ਤੋਂ ਦਸ ਕੁ ਸਾਲ ਪਹਿਲਾਂ ਏਧਰੋਂ-ਓਧਰੋਂ ਕੁਝ ਪੈਸਾ ਇਕੱਠਾ ਕੀਤਾ ਤੇ ਸ਼ਹਿਰ ਵਿੱਚ ਪਲਾਟ ਲੈ ਲਿਆ। ਫੇਰ ਸਰਕਾਰੀ ਕਰਜ਼ਾ ਲੈ ਕੇ ਮਕਾਨ ਬਣਾ ਲਿਆ। ਛੋਟਾ ਹੀ ਮਕਾਨ ਹੈ-ਬੱਸ ਦੋ ਕਮਰੇ। ਕਮਰਿਆਂ ਸਾਹਮਣੇ ਵਰਾਂਢਾ। ਇੱਕ ਪਾਸੇ ਰਸੋਈ-ਗੁਸਲਖਾਨੇ ਤੇ ਇੱਕ ਗੇਟ ਪਾਸੇ ਵਿਹੜਾ। ਗਲੀ ਵਿੱਚ ਖੁੱਲ੍ਹਦਾ ਉੱਚੀ ਦੇਹਲੀ ਵਾਲਾ ਛੋਟੇ ਆਕਾਰ ਦਾ ਲੋਹੇ ਦਾ ਗੇਟ।

ਮਕਾਨ ਚਾਹੇ ਛੋਟਾ ਹੈ, ਪਰ ਫ਼ਰਸ਼ ਪੱਕੇ-ਪੱਥਰ ਦੀਆਂ ਟੁਕੜੀਆਂ ਵਾਲੇ। ਵਿਹੜੇ ਵਿੱਚ ਵੀ ਚਿੱਟੇ-ਕਾਲ਼ੇ ਪੱਥਰ ਦੀਆਂ ਚੌਰਸ ਟੁਕੜੀਆਂ ਹਨ। ਕਮਰਿਆਂ ਦੀਆਂ ਕੰਧਾਂ ਤੇ ਛੱਤਾਂ ਉੱਤੇ ਚਿੱਟਾ ਪੇਂਟ।

ਸ਼ਕੁੰਤਲਾ ਬੜੀ ਸਫ਼ਾਈ-ਪਸੰਦ ਔਰਤ ਹੈ। ਕਮਰਿਆਂ ਤੇ ਵਰਾਂਢੇ ਵਿੱਚ ਨਿੱਤ ਪੋਚਾ ਲਾਵੇਗੀ। ਵਿਹੜਾ ਨਿੱਤ ਧੋਂਦੀ ਹੈ। ਜਿੰਨੀ ਦੇਰ ਤੱਕ ਘਰ ਸੰਭਰਿਆ-ਸੰਵਾਰਿਆ

170

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ