ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/172

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਤੀਵੀਂ-ਮਾਨੀ ਨਾਲ ਕੀ ਆਢਾ ਲਾਉਂਦਾ ਤੇ ਫੇਰ ਤੀਵੀਂ ਕੀ ਪਤਾ ਉਹਨੂੰ ਕੀ ਬੋਲ ਉੱਠਦੀ। ਉਹ ਵਿਚਾਰ ਕਰਦਾ, ਬੰਦੇ ਦਾ ਤੀਵੀਂ ਨਾਲ ਕੀ ਬੋਲਣ ਬਣਦਾ ਹੈ? ਉਹ ਗੱਲ ਕਰੇ ਤਾਂ ਵਿਰਸਾ ਸਿੰਘ ਨਾਲ ਕਰੇ। ਪਰ ਉਹ ਤਾਂ ਸੰਦੇਹਾਂ ਹੀ ਢਾਠੀ ਬੰਨ੍ਹ ਕੇ ਘਰੋਂ ਨਿਕਲ ਜਾਂਦਾ ਹੈ ਤੇ ਸ਼ਰਾਬ ਪੀ ਕੇ ਹਨੇਰੇ ਹੋਏ ਘਰ ਵੜਦਾ ਹੈ। ਸ਼ਰਾਬੀ ਬੰਦੇ ਨਾਲ ਰਾਤ ਨੂੰ ਕੀ ਗੱਲ ਕਰਨੀ ਹੋਈ ਤੇ ਸਵੇਰੇ-ਸਵੇਰੇ ਕੁੱਤੇ ਦੇ ਪਿਸ਼ਾਬ ਦੀ ਗੱਲ, ਉਈਂ ਸਾਲੀ ਬਦਬੂ ਜਿਹੀ ਫ਼ੈਲਦੀ ਹੈ। ਜੋਗਿੰਦਰਪਾਲ ਜਿੱਚ ਰਹਿੰਦਾ।

ਉਹਦਾ ਜੀਅ ਕਰਦਾ, ਉਹ ਗੁਆਂਢੀਆਂ ਦੇ ਕੁੱਤੇ ਨੂੰ ਕੁਚਲੇ ਪਾ ਕੇ ਮਾਰ ਦੇਵੇ ਜਾਂ ਕੋਈ ਹੋਰ ਜ਼ਹਿਰ ਬਾਜ਼ਾਰੋਂ ਲੈ ਆਵੇ। ਕਦੇ ਉਹਨੂੰ ਗੁੱਸਾ ਆਉਂਦਾ ਤੇ ਉਹ ਵਿਹੜੇ ਦੇ ਖੂੰਜੇ ਵਿੱਚ ਪਿਆ ਡੰਡਾ ਚੁੱਕ ਲੈਂਦਾ।ਉਹ ਡੰਡਾ ਲੈ ਕੇ ਬਾਹਰ ਨਿਕਲਦਾ।ਪਰ ਕੁੱਤਾ ਕਿਧਰੇ ਨਾ ਹੁੰਦਾ, ਦੇਹਲੀ ਉੱਤੇ ਪਿਸ਼ਾਬ ਦੀਆਂ ਘਰਾਲਾਂ ਚੱਲੀਆਂ ਪਈਆਂ ਨਜ਼ਰ ਆਉਂਦੀਆਂ। ਸੜੇਹਾਣ ਉੱਭਰ ਚੁੱਕੀ ਹੁੰਦੀ।ਉਹਦਾ ਖਾਧਾ-ਪੀਤਾ ਬਾਹਰ ਨੂੰ ਆਉਣ ਲੱਗਦਾ। ਉਹਨੂੰ ਗੁੱਸਾ ਚੜਿਆ ਹੁੰਦਾ, ਉਹ ਕੁੱਤੇ ਦੇ ਸਿਰ ਵਿੱਚ ਟਿਕਾਅ ਕੇ ਡੰਡਾ ਮਾਰੇਗਾ ਤੇ ਉਹਨੂੰ ਥਾਂ ਦੀ ਥਾਂ ਤੜਫ਼ਾ ਕੇ ਰੱਖ ਦੇਵੇਗਾ। ਕਦੇ ਉਹਦਾ ਜੀਅ ਕਰਦਾ, ਉਹ ਕੁੱਤੇ ਦੇ ਕਿਉਂ, ਕੁੱਤਾ ਰੱਖਣ ਵਾਲੀ ਦੇ ਸਿਰ ਵਿੱਚ ਡੰਡਾ ਮਾਰੇ। ਸ਼ਕੁੰਤਲਾ ਉਹਨੂੰ ਕਿੰਨਾ ਕਹਿੰਦੀ ਹੈ, ਉਹ ਸਮਝਦੀ ਕਿਉਂ ਨਹੀਂ-ਪੀਪਣੀ ਜਿਹੀ। ਕੁੱਤਾ ਪਾਲ ਰੱਖਿਆ ਹੈ, ਧੀ ਦੇ ਯਾਰ ਦੀ ਨੇ। ਬਈ ਪਾਲਣਾ ਹੈ ਤਾਂ ਕਿਸੇ ਦਾ ਬੱਚਾ ਗੋਦ ਲੈ ਕੇ ਪਾਲ। ਆਪਣੇ ਵਿਹੜੇ ਨੂੰ ਸ਼ਿੰਗਾਰ। ਪੁੱਛਣ ਵਾਲਾ ਹੋਵੇ, ਇਹ ਕੁੱਤਾ ਤੇਰੇ ਵਿਹੜੇ ਦਾ ਕੀ ਸ਼ਿੰਗਾਰ ਹੋਇਆ ਬਈ? ਗੁਆਂਢੀਆਂ ਦੇ ਘਰ ਗੰਦੇ ਕਰਨ ਨੂੰ ਰੱਖ ਛੱਡਿਆ ਹੈ ਕੁੱਤਾ, ਕਮਜ਼ਾਤ ਨੇ।

ਉਹ ਬੜੀ ਸ਼ਿੱਦਤ ਨਾਲ ਸੋਚਦਾ ਕਿ ਜੇ ਉਹਨੇ ਕੁੱਤਾ ਮਾਰ ਦਿੱਤਾ, ਜ਼ਹਿਰ ਦੇ ਕੇ ਜਾਂ ਡੰਡਾ ਮਾਰਕੇ, ਤਾਂ ਝਗੜਾ ਖੜ੍ਹਾ ਹੋਵੇਗਾ। ਪਾਲਤੂ ਕੁੱਤਾ ਹੈ, ਵਿਰਸਾ ਸਿੰਘ ਮੁਕੱਦਮਾ ਕਰ ਸਕਦਾ ਹੈ।ਮੁਕੱਦਮਾ ਨਾ ਕਰੇ ਤਾਂ ਉਹ ਚਾਰ ਭਰਾ ਹਨ। ਸਾਲੇ ਉਂ ਡਾਂਗਾਂ ਚੁੱਕ ਕੇ ਬਾਰ ਮੁਹਰੇ ਨਾ ਆ ਖੜਨ। ਚਾਹੇ ਆਪਸ ਵਿੱਚ ਚਾਰਾਂ ਭਰਾਵਾਂ ਦੀ ਨਹੀਂ ਬਣੀ, ਇੱਕ-ਦੂਜੇ ਨਾਲ ਇੱਟ-ਕੁੱਤੇ ਦਾ ਵੈਰ ਹੈ, ਪਰ ਹੋਰ ਕਿਸੇ ਨਾਲ ਲੜਨ-ਝਗੜਨਾ ਹੋਵੇ ਤਾਂ ਚਾਰੇ ਭਰਾ ਇਕੱਠ ਬੰਨ੍ਹ ਲੈਂਦੇ ਹਨ। ਬੈਂਕ ਵਿੱਚ ਕੰਮ ਕਰਦਾ ਭਰਾ ਤਾਂ ਅਜੇ ਕੁਝ ਸਮਝਦਾਰ ਹੈ, ਪਰ ਦੂਜੇ ਜਮਾਂ ਉੱਜਡ ਨੇ। ਇੱਕ ਟਰੱਕ-ਡਰਾਈਵਰ ਹੈ ਤੇ ਦੂਜਾ ਮੱਝਾਂ ਦੀ ਮੰਡੀ ਦਾ ਦਲਾਲ। ਤੇ ਇਹ ਵਿਰਸਾ ਸਿੰਘ ਨਸ਼ੇ ਦੀਆਂ ਗੋਲੀਆਂ ਵੇਚ-ਵੇਚ ਆਪਣੇ ਆਪ ਨੂੰ ਅਮੀਰ ਸਮਝਣ ਲੱਗ ਪਿਆ ਹੈ। ਧੌਣ ਅਕੜਾ ਕੇ ਰੱਖਦਾ ਹੈ। ਗਲੀ ਵਿੱਚ ਕਿਸੇ ਨਾਲ ਸਿੱਧੇ ਮੁੰਹ ਗੱਲ ਨਹੀਂ ਕਰਦਾ।ਉਹਨੇ ਵਿਰਸਾ ਸਿੰਘ ਨੂੰ ਕੁੱਤੇ ਬਾਰੇ ਕੁਝ ਆਖਿਆ ਤਾਂ ਉਹ ਪਤਾ ਨਹੀਂ ਕੀ ਜਵਾਬ ਦੇਵੇਗਾ। ਉਹਦੀ ਤੀਵੀਂ ਦਾ ਇੱਕੋ ਜਵਾਬ ਹੁੰਦਾ ਹੈ, ਅਖੇ ‘ਅਸੀਂ ਕਿਹੜਾ ਕੁੱਤੇ ਨੂੰ ਸਿਖਾ ਕੇ ਤੋਰਦੇ ਆਂ, ਭੈਣ ਜੀ, ਬਈ ਜਾਹ-ਥੋਡੀ ਦੇ ਉੱਤੇ ਮੂਤ ਜਾ ਕੇ। ਗੰਨੇ ਦੀ ਸੁੱਕੀ ਪੋਰੀ ਜਿਹੀ ਦੇਹ ਵਾਲੀ ਤੀਵੀਂ ਨਾਲ ਦੀ ਨਾਲ ਹੱਸ ਵੀ ਪੈਂਦੀ ਹੈ। ਉਹਦੀ ਹਾਸੀ ਦੇਖ ਕੇ ਜੋਗਿੰਦਰਪਾਲ ਨੂੰ ਦੂਣਾ ਗੁੱਸਾ ਚੜ੍ਹਦਾ।

172

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ