ਸਾਈਕਲ ਦੌੜ
ਓਸ ਦਿਨ ਦੁੱਧ ਚੋਣ ਵਾਲਿਆਂ ਦੀ ਹੜਤਾਲ ਸੀ ਪਰ ਹਾਕਮ ਸਿੰਘ ਫੇਰ ਵੀ ਸ਼ਹਿਰ ਆਇਆ।ਉਹਨੂੰ ਪੈਸਿਆਂ ਦੀ ਲੋੜ ਸੀ। ਛੋਟੇ ਭਾਈ ਨੇ ਖਾਦ ਦੀਆਂ ਬੋਰੀਆਂ ਚੁੱਕਣੀਆਂ ਸਨ। ਨਰਮੇ ਲਈ ਹੁਣ ਖਾਦ ਦੀ ਵੱਤ ਸੀ। ਹੋਟਲ ਵਾਲਿਆਂ ਦਾ ਅੱਜ ਦਾ ਵਾਅਦਾ ਸੀ। ਦੋ ਹੋਟਲਾਂ ਨੇ ਹਿਸਾਬ ਤੋਂ ਵੱਧ ਪੈਸੇ ਦੇ ਦਿੱਤੇ ਤੇ ਉਹਦਾ ਡੰਗ ਸਰ ਗਿਆ।
ਉਸ ਦਿਨ ਸਾਈਕਲ ਦੇ ਕੈਰੀਅਰ ਉੱਤੇ ਢੋਲ ਨਹੀਂ ਸਨ। ਪੁਰਾਣੀ ਟਿਊਬ ਦਾ ਸੁੰਡਕਾ ਜਿਹਾ ਮਾਰਿਆ ਹੋਇਆ ਸੀ ਬਸ ਢੋਲਾਂ ਬਗੈਰ ਸਾਈਕਲ ਸੜਕ ਉੱਤੇ ਇਉਂ ਤੁਰ ਰਿਹਾ ਸੀ ਜਿਵੇਂ ਟੋਭੇ ਦੇ ਪਾਣੀ ਉੱਤੇ ਕਾਤਰੀ ਚਲਦੀ ਹੋਵੇ। ਉਹ ਉਂਜ ਵੀ ਤਾਂ ਸਾਈਕਲ ਉੱਤੇ ਹੱਥ ਫਿਰਾ ਕੇ ਰੱਖਦਾ, ਸਾਈਕਲ ਹਮੇਸ਼ਾ ਹੀ ਨਵਾਂ ਨਰੋਆ ਰਹਿੰਦਾ। ਮਜਾਲ ਹੈ ਕੋਈ ਪੁਰਜ਼ਾ ਭੋਰਾ ਵੀ ਖੜਕਾ ਕਰਦਾ ਹੋਵੇ। ਮਜਾਲ ਹੈ ਭੋਰਾ ਵੀ ਜ਼ੋਰ ਲੱਗਦਾ ਹੋਵੇ।
ਗਰਮੀ ਦੇ ਦਿਨਾਂ ਦੀ ਤੇਜ਼ ਧੁੱਪ ਸੀ। ਪਰ ਅਜੇ ਲੂਅ ਨਹੀਂ ਵਗਣ ਲੱਗੀ ਸੀ। ਦੁਪਹਿਰ ਪਿੱਛੋਂ ਤਾਂ ਭੱਠ ਤਪਦਾ।ਲੋਕ ਬਾਰਸ਼ਾਂ ਦੀ ਉਡੀਕ ਵਿੱਚ ਸਨ। ਪਰ ਮੌਨਸਨ ਹਵਾਵਾਂ ਦੀ ਖ਼ਬਰ ਅਜੇ ਕਿਧਰੇ ਸੁਣੀ ਨਹੀਂ ਸੀ।
ਉਹ ਰੇਲਵੇ ਫਾਟਕ ਵਾਲੇ ਪੰਪ ਉੱਤੇ ਪਾਣੀ ਪੀਣ ਲਈ ਸਾਈਕਲ ਤੋਂ ਉਤਰ ਖੜਾ। ਫਾਟਕ ਕੋਲ ਹੀ ਕੱਸੀ ਵਗਦੀ ਹੋਣ ਕਰਕੇ ਪੰਪ ਦਾ ਪਾਣੀ ਬਹੁਤ ਠੰਡਾ ਸੀ। ਮਿੱਠਾ ਵੀ। ਦੰਦਾਂ ਨੂੰ ਠਾਰਦਾ ਤੇ ਜੀਭ ਉੱਤੇ ਸੁਆਦ ਦੀ ਡਲੀ ਧਰ ਦਿੰਦਾ। ਮੋਟਾ ਭਾਰਾ ਪੰਪ, ਪਾਣੀ ਦੀ ਧਾਰ ਇਉਂ ਡਿੱਗਦੀ ਜਿਵੇਂ ਮੋਘਾ ਖੁੱਲ੍ਹ ਜਾਂਦਾ ਹੋਵੇ।ਉਹਨੇ ਰੱਜ ਕੇ ਪਾਣੀ ਪੀਤਾ ਤੇ ਚੱਲ ਪਿਆ।ਉਹਨੇ ਆਪਣੀ ਇੱਕ ਅੱਖ ਦੀ ਲਿਸ਼ਕੋਰ ਜਿਹੀ ਮਾਰ ਕੇ ਦੇਖਿਆ, ਉਸ ਤੋਂ ਬਾਅਦ ਇੱਕ ਮੁੰਡਾ ਤੇ ਉਸ ਦੀ ਨਵੀਂ ਬਹੁ ਆਪਣਾ ਸਾਈਕਲ ਪਰ੍ਹਾਂ ਖੜਾ ਕੇ ਪੰਪ ਦਾ ਪਾਣੀ ਪੀਣ ਅਹੁਲੇ ਸਨ। ਸਾਈਕਲ ਉੱਤੇ ਚੜ੍ਹ ਕੇ ਵੀ ਉਹਨੇ ਗਰਦਨ ਭੰਵਾਈ। ਮੁੰਡਾ ਪੰਪ ਗੇੜ ਰਿਹਾ ਸੀ ਤੇ ਬਹੂ ਨੇ ਬੁੱਕ ਨੂੰ ਮੂੰਹ ਲਾ ਲਿਆ ਸੀ।
ਹਾਕਮ ਸਿੰਘ ਆਪਣੇ ਰਉਂ ਵਿੱਚ ਸਾਈਕਲ ਚਲਾਉਂਦਾ ਜਾ ਰਿਹਾ ਸੀ। ਉਹਦੇ ਕੋਲ ਦੀ ਇੱਕ ਸਾਈਕਲ ਸੂਟ ਵੱਟ ਕੇ ਲੰਘ ਗਿਆ। ਉਹਨੇ ਦੇਖਿਆ, ਇਹ ਤਾਂ ਓਹੀ ਨੇ ਜਿਹੜੇ ਫਾਟਕ ’ਤੇ ਪਾਣੀ ਪੀ ਰਹੇ ਸਨ। ਸਾਈਕਲ ਦੇ ਹੈਂਡਲ ਨਾਲ ਬੁਣਤੀਦਾਰ ਤਣੀਆਂ ਵਾਲਾ ਝੋਲਾ ਲਟਕ ਰਿਹਾ ਸੀ। ਬਹੂ ਕੈਰੀਅਰ ਉੱਤੇ ਬੈਠੀ, ਇੱਕ ਹੱਥ ਮੁੰਡੇ ਦੇ
ਸਾਈਕਲ ਦੌੜ
175