ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/176

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੱਕ ਦੁਆਲੇ ਵਲਿਆ ਹੋਇਆ ਸੀ। ਉਹ ਹਾਕਮ ਸਿੰਘ ਵੱਲ ਝਾਕੀ ਵੀ ਜਿਵੇਂ ਖ਼ੁਸ਼ ਹੋਵੇ। ਤੇਜ਼ ਚਲਦੇ ਸਾਈਕਲ ਦਾ ਅਹਿਸਾਸ, ਪਤੀ ਦੇ ਜ਼ੋਰ ਉੱਤੇ ਫ਼ਖਰ ਤੇ ਦੂਜੇ ਸਾਈਕਲ ਨੂੰ ਕੱਟ ਜਾਣ ਦੀ ਜਿੱਤ ਦਾ ਜਸ਼ਨ।

ਗਰਮੀ ਬੜੀ ਸੀ। ਪਾਣੀ ਪੀ ਕੇ ਵੀ ਲੱਗਦਾ ਜਿਵੇਂ ਪੀਤਾ ਹੀ ਨਾ ਹੋਵੇ।ਢਿੱਡ ਭਰਿਆ-ਭਰਿਆ, ਬੁੱਲ ਸੁੱਕ-ਸੁੱਕੇ। ਚਾਰ ਸਾਢੇ ਚਾਰ ਮੀਲ ਲੰਘ ਕੇ ਕੈਂਚੀਆਂ ਆਈਆ। ਉਹ ਹੁਣ ਕੈਂਚੀਆਂ ਉੱਤੇ ਪਾਣੀ ਪੀ ਰਹੇ ਸਨ। ਪਾਣੀ ਪੀ ਕੇ ਉਹ ਦਮ ਲੈਣ ਲੱਗੇ। ਹਾਕਮ ਸਿੰਘ ਨੇ ਵੀ ਪਾਣੀ ਪੀਤਾ। ਉਹਦੀ ਇੱਕ ਅੱਖ ਦੀ ਲਿਸ਼ਕੋਰ ਫੇਰ ਦੋਵਾਂ ਨੂੰ ਤਾੜ ਗਈ। ਮਨ ਵਿੱਚ ਉਹ ਹੱਸਿਆ, 'ਦੇਖ ਸਾਲਾ ਟਿੱਡਾ ਜ਼ਾ, ਆਪਣੀ ਜਾਣ ਚ ਭੜਮੱਲ ਬਣ ਗਿਆ। ਟੰਗੜੀਆਂ ਜੀਆ ਮਾਰ ਕੇ ਕਿਵੇਂ ਮੂਹਰ ਦੀ ਕੱਢ ਲਿਆਇਆ ਸਾਈਕਲ। ਹੁਣ ਤੁਰ ਪੁੱਤ, ਹੁਣ ਦੇਖੀਂ ਤੈਨੂੰ।'

ਹਾਕਮ ਸਿੰਘ ਦੀ ਉਮਰ ਚਾਲੀ ਤੋਂ ਉੱਤੇ ਸੀ। ਉਨ੍ਹਾਂ ਕੋਲ ਜ਼ਮੀਨ ਥੋੜੀ ਸੀ।ਉਹ ਇੱਕ ਅੱਖੋਂ ਕਾਣਾ ਸੀ। ਉਹਨੂੰ ਤਾਂ ਸਾਕ ਨਾ ਹੋਇਆ ਪਰ ਦੁੱਧ ਚੋਣ ਦੀ ਕਮਾਈ ਕਰ ਕੇ ਉਹਨੇ ਛੋਟੇ ਭਾਈ ਨੂੰ ਵਿਆਹ ਲਿਆ। ਛੋਟਾ ਆਗਿਆਕਾਰ ਸੀ। ਮਾਂ ਚਾਹੇ ਅਜੇ ਜਿਉਂਦੀ ਸੀ। ਪਰ ਹਾਕਮ ਛੋਟੇ ਦੇ ਚੁੱਲ੍ਹੇ ਉੱਤੇ ਹੀ ਸੀ। ਤੜਕੇ-ਤੜਕੇ ਦੁੱਧ ਦਾ ਗੇੜਾ ਲਾਉਂਦਾ ਤੇ ਫੇਰ ਸ਼ਹਿਰੋਂ ਆ ਕੇ ਛੋਟੇ ਨਾਲ ਵਾਹੀ ਦਾ ਕੰਮ ਕਰਦਾ। ਉਨ੍ਹਾਂ ਨੇ ਥੋੜ੍ਹੀਘਣੀ ਗਹਿਣੇ ਦੀ ਜ਼ਮੀਨ ਵੀ ਲੈ ਰੱਖੀ ਸੀ। ਹਾਕਮ ਸਿੰਘ ਹੱਡਾਂ ਪੈਰਾਂ ਦਾ ਖੁੱਲ੍ਹਾ ਸੀ। ਕੰਮ ਨੂੰ ਵਾਹਣੀ ਪਾ ਦਿੰਦਾ। ਢੋਲਾਂ ਦੇ ਭਾਰ ਸਮੇਤ ਸਾਈਕਲ ਉਹਦੇ ਥੱਲੇ ਭੰਬੀਰੀ ਬਣ ਕੇ ਭੱਜਦਾ। ਤੇ ਅੱਜ ਢੋਲਾਂ ਬਗੈਰ ਸਾਈਕਲ ਉਹਨੂੰ ਇਉਂ ਲੱਗ ਰਿਹਾ ਸੀ ਜਿਵੇਂ ਸਾਈਕਲ ਖੰਭ ਹੋਣ ਤੇ ਉਹ ਹਵਾ-ਮੂਹਰੇ ਆਪ ਆਕਾਸ਼ ਵਿੱਚ ਉਡ ਰਿਹਾ ਹੋਵੇ।

ਕੈਂਚੀਆਂ ਤੋਂ ਅੱਧ ਕੁ ਮੀਲ ਅੱਗੇ ਜਾ ਕੇ ਬਹੂ ਵਾਲੇ ਮੁੰਡੇ ਨੇ ਆਪਣਾ ਸਾਈਕਲ ਉਹਦੇ ਕੋਲੋਂ ਅੱਗੇ ਕੱਢਣਾ ਚਾਹਿਆ।ਉਹ ਬਹੁਤ ਜ਼ੋਰ ਲਾ ਰਿਹਾ ਸੀ ਪਰ ਹਾਕਮ ਸਿੰਘ ਲਈ ਇਹ ਸਾਧਾਰਣ ਗੱਲ ਸੀ।ਉਹ ਮੁੰਡੇ ਦੇ ਨਾਲ-ਨਾਲ ਚਲਦਾ ਗਿਆ। ਕਦੇ ਅੱਗੇ ਨਿਕਲ ਜਾਂਦਾ, ਕਦੇ ਪਿੱਛੇ ਰਹਿ ਜਾਂਦਾ। ਜਿਵੇਂ ਉਹ ਮੁੰਡੇ ਦਾ ਜ਼ੋਰ ਜੋਹ ਰਿਹਾ ਹੋਵੇ। ਇੱਕ ਵਾਰ ਤਾਂ ਉਹਦਾ ਜੀਅ ਕੀਤਾ, ਉਹ ਐਨਾ ਤੇਜ਼ ਭਜਾਵੇ ਸਾਈਕਲ ਕਿ ਮੁੰਡੇ ਤੋਂ ਮੀਲ ਦੋ ਮੀਲ ਅੱਗੇ ਲੰਘ ਜਾਵੇ ਤਾਂ ਕਿ ਮੁੜ ਕੇ ਮੁੰਡੇ ਨੂੰ ਸਾਹਸ ਹੀ ਨਾ ਪਵੇ ਸਾਈਕਲ ਅੱਗੇ ਕੱਢਣ ਦਾ। ਉਹਦੇ ਮਨ ਅੰਦਰ ਮਜ਼ਾਕ ਦੀ ਲਹਿਰ ਜਿਹੀ ਵੀ ਉਠਦੀ, 'ਦੇਖ, ਮਗਰ ਬੈਠੀ ਕਾਟੋ ਜ਼ੀ ਐਂ ਸਮਝਦੀ ਐ ਜਿਵੇਂ ਦੁਨੀਆਂ ਚ ਉਹਦਾ ਮਰਦ ਈ ਸਭ ਤੋਂ ਬਲੀ ਐ।'

ਫੇਰ ਹਾਕਮ ਸਿੰਘ ਨੂੰ ਅਹਿਸਾਸ ਹੋਣ ਲੱਗਿਆ ਜਿਵੇਂ ਇਹ ਨਵਾਂ ਵਿਆਹਿਆ ਮੁੰਡਾ ਉਹਦਾ ਆਪਣਾ ਹੀ ਛੋਟਾ ਭਾਈ ਹੋਵੇ। ਉਹਦੇ ਮਨ ਵਿੱਚ ਇੱਕ ਰਹਿਮ ਜਿਹਾ ਪੈਦਾ ਹੋਣ ਲੱਗਿਆ, ਜੇ ਉਹਨੇ ਮੁੰਡੇ ਕੋਲੋਂ ਸਾਈਕਲ ਅੱਗੇ ਕੱਢ ਦਿੱਤਾ ਤਾਂ ਉਸ ਮੁੰਡੇ ਦੀ ਬਹੂ ਉੱਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਤੀਵੀਂ ਦੀਆਂ ਨਜ਼ਰਾਂ ਵਿੱਚ ਉਹ ਤਾਂ ਨਿਤਾਣਾ ਹੋ ਕੇ ਰਹਿ ਜਾਵੇਗਾ। ਕੀ ਕਦਰ ਰਹਿ ਜਾਵੇਗੀ ਬਹੂ ਦੀ ਨਿਗਾਹ ਵਿੱਚ ਆਪਣੇ ਪਤੀ ਦੇ ਮਰਦਊਪਣ ਦੀ? ਹਾਕਮ ਸਿੰਘ ਸੋਚਣ ਲੱਗਿਆ, ਉਹਦੀ ਆਪਣੀ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ

176