ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/177

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਜਿੱਤ ਉਹਦੇ ਕਿਸ ਕੰਮ ਆਵੇਗੀ, ਮੁੰਡੇ ਦਾ ਨਾਸ ਹੋ ਜਾਏਗਾ। ਮੁੰਡੇ ਦੀ ਜਿੱਤ ਤਾਂ ਫੇਰ ਵੀ ਕੋਈ ਅਰਥ ਰੱਖਦੀ ਹੈ। ਉਹਨੂੰ ਮੁੰਡੇ ਉੱਤੇ ਤਰਸ ਆਉਣ ਲੱਗਿਆ।

ਕੈਂਚੀਆਂ ਤੋਂ ਉਹ ਦੋ ਮੀਲ ਅੱਗੇ ਲੰਘ ਆਏ। ਜਦੋਂ ਹਾਕਮ ਸਿੰਘ ਮੁੰਡੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ, ਬਹੁ ਦਾ ਚਿਹਰਾ ਗੰਭੀਰ ਹੋ ਜਾਂਦਾ। ਉਹਦੇ ਲਈ ਜਿਵੇਂ ਇਹ ਕੋਈ ਅਣਹੋਣੀ ਵਾਪਰ ਰਹੀ ਹੋਵੇ। ਹਾਕਮ ਸਿੰਘ ਉਨ੍ਹਾਂ ਦੇ ਖੱਬੇ ਹੁੰਦਾ, ਕਦੇ ਸੱਜੇ ਹੱਥ। ਪਰ ਬਹੂ ਦਾ ਮੂੰਹ ਹਾਕਮ ਸਿੰਘ ਵੱਲ ਹੀ ਰਹਿੰਦਾ। ਜਦੋਂ ਉਹ ਉਨ੍ਹਾਂ ਤੋਂ ਪਿੱਛੇ ਰਹਿ ਜਾਂਦਾ ਤਾਂ ਬਹੁ ਦੇ ਚਿਹਰੇ ਉੱਤੇ ਨੁਰਾਨੀ ਆ ਜਾਂਦੀ। ਉਹਦੀਆਂ ਅੱਖਾਂ ਹੱਸ ਰਹੀਆਂ ਹੁੰਦੀਆਂ। ਉਹ ਕੈਰੀਅਰ ਉੱਤੇ ਚੌੜੀ ਜਿਹੀ ਹੋ ਕੇ ਬੈਠੀ ਦਿੱਸਦੀ।

'ਮੁੰਡੇ ਦਾ ਦਮ ਤਾਂ ਦੇਖੀਏ, ਕਿੰਨਾ ਕੁ ਐ?' ਹਾਕਮ ਸਿੰਘ ਦੇ ਮਨ ਵਿੱਚ ਇੱਕ ਸ਼ਰਾਰਤ ਉਠੀ। ਪਰ ਮੁੰਡੇ ਦੇ ਮੱਥੇ ਉੱਤੇ ਮੁੜ੍ਹਕੇ ਦੀਆਂ ਕਣੀਆਂ ਦੇਖ ਕੇ ਉਹਨੇ ਅੰਦਾਜ਼ਾ ਲਾ ਲਿਆ ਕਿ ਦਮ ਤਾਂ ਮੁੰਡੇ ਦਾ ਨਿਕਲਿਆ ਹੀ ਸਮਝੋ ।ਐਵੇਂ ਨਾ ਬਹੂ ਨੂੰ ਖਤਾਨਾਂ ਵਿੱਚ ਲੈ ਡਿੱਗੇ। ਰਾਹ ਵਿੱਚ ਉਨ੍ਹਾਂ ਨੂੰ ਦੋ ਬੱਸਾਂ ਮਿਲੀਆਂ, ਇੱਕ ਆਉਂਦੀ ਤੇ ਇੱਕ ਜਾਂਦੀ।ਟਰੱਕ ਤਾਂ ਕਈ ਲੰਘ ਗਏ। ਏਧਰੋਂ ਵੀ ਤੇ ਉਧਰੋਂ ਵੀ। ਸੜਕ ਐਨੀ ਚੌੜੀ ਨਹੀਂ ਸੀ। ਕਈ ਵਾਰ ਦੋਵੇਂ ਸਾਈਕਲ ਕੱਚੇ ਉੱਤੇ ਚੱਲਣ ਲੱਗਦੇ।ਤੇ ਫੇਰ ਹੁਣ ਸਾਹਮਣੇ ਸਾਫ਼ ਸੜਕ ਸੀ। ਮਗਰੋਂ ਵੀ ਕੁਝ ਨਹੀਂ ਆ ਰਿਹਾ ਸੀ। ਹਾਕਮ ਸਿੰਘ ਨੇ ਸਾਈਕਲ ਨੂੰ ਮੁੰਡੇ ਦੇ ਬਰਾਬਰ ਕਰ ਲਿਆ। ਆਪਣੇ ਮੱਥੇ ਉਤੋਂ ਝੂਠੀ ਦਾ ਮੁਕਾ ਪੂੰਝਿਆ। ਝੂਠੀ ਮੂਠੀ ਦਾ ਹੀ ਆਪਣਾ ਖੱਬਾ ਹੱਥ ਆਪਣੀ ਕਮਰ ਉੱਤੇ ਧਰ ਲਿਆ ਜਿਵੇਂ ਸਾਰਾ ਜ਼ੋਰ ਲਾ ਰਿਹਾ ਹੋਵੇ।ਉਹਨੇ ਚੋਰ ਅੱਖ ਨਾਲ ਦੇਖਿਆ, ਤੀਵੀਂ ਮੁਸਕਰਾ ਰਹੀ ਸੀ। ਮੁੰਡੇ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ। ਜਿਵੇਂ ਉਹ ਮਰ ਮਿਟੇਗਾ ਪਰ ਆਪਣੀ ਸਾਈਕਲ ਨੂੰ ਪਿੱਛੇ ਨਹੀਂ ਰਹਿਣ ਦੇਵੇਗਾ।

ਹਾਕਮ ਸਿੰਘ ਹੌਲੀ-ਹੌਲੀ ਪਿੱਛੇ ਰਹਿ ਗਿਆ। ਫੇਰ ਤਾਂ ਉਹਨੇ ਸਾਈਕਲ ਖੜਾ ਹੀ ਲਿਆ।ਉਹ ਖਾਸੀ ਦੂਰ ਜਾ ਚੁੱਕੇ ਸਨ। ਪਰ ਹਾਕਮ ਸਿੰਘ ਨੂੰ ਤੀਵੀਂ ਦਾ ਖਿੜਿਆ ਚਿਹਰਾ ਸਾਫ਼ ਦਿਸ ਰਿਹਾ ਸੀ। ਹਾਕਮ ਸਿੰਘ ਨੇ ਨੀਵੀਂ ਪਾ ਲਈ ਜਦੋਂ ਉਹਨੇ ਦੇਖਿਆ ਕਿ ਉਹ ਦੂਜੇ ਹੱਥ ਨਾਲ ਮੁੰਡੇ ਦੀ ਪਿੱਠ ਉੱਤੇ ਥਾਪੀ ਦੇ ਰਹੀ ਸੀ।

ਸਾਈਕਲ ਦੌੜ

177