ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/179

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੌਜਵਾਨ ਮਿਸਤਰੀਆਂ ਵਿਚੋਂ ਚਰਨੀ ਸਭ ਤੋਂ ਛੋਟਾ ਸੀ। ਸਾਰੇ ਉਹਨੂੰ ਮਖੌਲ ਕਰਦੇ। ਬਾਬਾ ਤਾਂ ਝਿੜਕ ਵੀ ਦਿੰਦਾ। ਪਰ ਚਰਨੀ ਹੱਸਦਾ ਰਹਿੰਦਾ। ਉਹ ਕਿਸੇ ਗੱਲ ਦਾ ਗੁੱਸਾ ਨਹੀਂ ਕਰਦਾ ਸੀ। ਬੁੱਢਾ ਬਾਬਾ ਬਹੁਤਾ ਤਾਂ ਉਹਦੇ ਉੱਤੇ ਉਦੋਂ ਖਿੱਝਦਾ, ਜਦੋਂ ਉਹ ਗੱਲੀਂ ਲੱਗ ਕੇ ਆਪਣਾ ਹੱਥਲਾ ਕੰਮ ਛੱਡ ਬੈਠਦਾ।

ਕੋਈ ਗਾਹਕ ਗੇਟ ਬਣਾਉਣ ਲਈ ਪੁੱਛਣ ਆਉਂਦਾ ਤਾਂ ਬਾਬਾ ਸਵਾਲ ਕਰਦਾ ਕਿੰਨਾ ਚੌੜਾ, ਕਿੰਨਾ ਉੱਚਾ?’ ਜਾਂ ਪੁੱਛਦਾ-ਐਥੇ ਈ ਐ ਮਕਾਨ ਜਾਂ ਪਾਸਲਾ ਪਿੰਡ ਐ ਕੋਈ?'

ਚਰਨੀ ਮੂੰਹ ਚੁੱਕ ਕੇ ਗਾਹਕ ਵੱਲ ਝਾਕਣ ਲੱਗਦਾ ਤੇ ਸਵਾਲ ਕਰ ਬੈਠਦਾ 'ਕਿੰਨੇ ਕਮਰੇ ਨੇ ਮਕਾਨ ਦੇ?'

ਬਾਬਾ ਟੁੱਟ ਕੇ ਪੈ ਜਾਂਦਾ-ਓਏ ਤੂੰ ਕਮਰਆਂ ਤੋਂ ਦੱਸ ਕੀ ਛਿੱਕੂ ਲੈਣੇ, ਆਪਾਂ ਨੂੰ ਤਾਂ ਗੇਟ ਤਾਈਂ ਮਤਲਬ ਐ। ਕਮਰਿਆਂ 'ਚ ਜਾ ਕੇ ਕੀ ਕਰਨੀਂ ਤੂੰ??

ਜਾਂ ਕੋਈ ਆਉਂਦਾ ਤੇ ਮਕਾਨ ਦੱਸ ਕੇ ਖਿੜਕੀਆਂ ਦੀ ਗੱਲ ਕਰਦਾ, ਚਰਨੀ ਪੁੱਛਦਾ-ਕਿੰਨੇ ਹਜ਼ਾਰ ਖਰਚ ਆ ਗਿਆ ਮਕਾਨ `ਤੇ?

'ਤੂੰ ਆਵਦਾ ਕੰਮ ਕਰ ਓਏ ।’ ਬਾਬਾ ਖਿੱਝਦਾ। ਦੂਜੇ ਮਿਸਤਰੀ ਗੁੱਝਾ ਗੁੱਝਾ ਹੱਸਦੇ। ਬਾਬੇ ਉੱਤੇ ਵੀ ਤੇ ਚਰਨੀ ਉੱਤੇ ਵੀ।

ਕਦੇ ਅੱਧਖੜ ਮਿਸਤਰੀ ਕੁੰਢਾ ਸਿੰਘ ਨੇ ਚਰਨੀ ਨੂੰ ਕੋਈ ਕੰਮ ਸਮਝਾਉਣਾ ਹੁੰਦਾ ਤਾਂ ਉਹਨੂੰ ‘ਜੰਡੂ ਸਾਅਬ’ ਕਹਿ ਕੇ ਬੁਲਾਉਂਦਾ। ਕਦੇ ਆਖਦਾ-ਮਿਸਤਰੀ ਗੁਰਚਰਨ ਸਿੰਘ ਜੀ, ਕਦੇ ਉਹ ਖਿਝਿਆ ਹੁੰਦਾ ਤਾਂ ਬੋਲ ਉੱਠਦਾ-ਪੱਤੀ ਘੁੱਟ ਕੇ ਫ਼ੜ ਓਏ, ਜੁੰਡਲਾ। ਮਾਯੂੰ ਸਾਲੇ ਦੇ ਚਾਂਟਾ।'

ਗੇਟ ਅੱਠ ਫੁੱਟ ਚੌੜਾ ਸੀ, ਸੱਤ ਫੁੱਟ ਉੱਚਾ। ਪੰਜ ਫੁੱਟ ਚੌੜਾ ਸੱਜਾ ਪੱਲਾ ਤੇ ਤਿੰਨ ਫੁੱਟ ਦਾ ਖੱਬਾ ਪੱਲਾ। ਪੰਜ ਫੁੱਟ ਵਾਲੇ ਪੱਲੇ ਉੱਤੇ ਮੈਂ ਕਹਿ ਕੇ ਲੋਹੇ ਦੀਪਲੇਟ ਵੱਖਰੀ ਲਵਾਈ ਤਾਂ ਕਿ ਇਸ ਉੱਤੇ ਆਪਣਾ ਨਾਉਂ ਲਿਖਵਾਇਆ ਜਾ ਸਕੇ। ਇਹ ਵੱਡਾ ਪੱਲਾ ਆਮ ਤੌਰ ਉੱਤੇ ਭਿੜਿਆ ਹੀ ਰਹਿਣਾ ਸੀ। ਘਰ ਦੇ ਦਰਵਾਜ਼ੇਉੱਤੇ ਨੇਮ-ਪਲੇਟ ਤਾਂ ਜ਼ਰੂਰੀ ਹੋਣੀ ਚਾਹੀਦੀ ਹੈ, ਨਹੀਂ ਤਾਂ ਨਵੇਂ ਬੰਦੇ ਨੂੰ ਸ਼ਹਿਰ ਵਿੱਚ ਮਕਾਨ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਹ ਨੇਮ-ਪਲੇਟ ਦੋ ਪੇਚਾਂ ਨਾਲ ਪੱਲੇ ਉੱਤੇ ਕਸੀ ਹੋਈ ਸੀ।ਪੇਚ ਕੱਢ ਕੇ ਇਕੱਲੀ ਪਲੇਟ ਮੈਂ ਪੇਂਟਰ ਕੋਲ ਲੈ ਜਾਣੀ ਸੀ ਤੇ ਉਸ ਉੱਤੇ ਨਾਉਂ ਲਿਖਵਾ ਕੇ ਪੇਚ ਓਵੇਂ ਜਿਵੇਂ ਫੇਰ ਕੱਸ ਦੇਣੇ ਸਨ।

ਗੇਟ ਕਿੱਟ ਕਰਨ ਦੋ ਮਿਸਤਰੀ ਆਏ।ਕੁੰਢਾ ਸਿੰਘ ਤੇ ਉਹ ਚਰਨੀ।ਅੱਧਾ ਘੰਟਾ ਉਹ ਪੱਲਿਆਂ ਨੂੰ ਉੱਤੇ-ਥੱਲੇ ਤੇ ਏਧਰ-ਓਧਰ ਕਰਦੇ ਰਹੇ। ਜਦੋਂ ਐਨ ਸਭ ਟਿਚਨ ਹੋ ਗਿਆ ਤਾਂ ਮੇਰੇ ਘਰ ਵਾਲੀ ਦੁਕਾਨ ਉੱਤੇ ਲੱਡੂ ਲੈਣ ਚਲੀ ਗਈ। ਮਕਾਨ ਦੀ ਛੱਬ ਤਾਂ ਗੇਟ ਲੱਗੇ ਤੋਂ ਹੀ ਬਣੀ ਸੀ।ਉਹ ਸੀ ਵੀ ਬਹੁਤ ਭਾਰੀ ਤੇ ਦੇਖਣ ਨੂੰ ਪੂਰਾ ਸਹਣਾ। ਗੇਟ ਨੇ ਤਾਂ ਮਕਾਨ ਨੂੰ ਕੋਠੀ ਬਣਾ ਦਿੱਤਾ। ਖ਼ੁਸ਼ੀ ਸੀ, ਲੱਡੂ ਤਾਂ ਜ਼ਰੂਰੀ ਸਨ। ਲੱਡੂਆਂ ਦੀ ਉਡੀਕ ਵਿੱਚ ਅਸੀਂ ਤਿੰਨੇ ਦੋ ਮੰਜੇ ਡਾਹ ਕੇ ਵਿਹੜੇ ਵਿੱਚ ਬੈਠ ਗਏ। ਸਾਡੇ ਜੁਆਕ ਏਧਰ-ਓਧਰ ਨੱਚਦੇ-ਟੱਪਦੇ ਫਿਰਦੇ ਸਨ। ਉਹ ਸਕੂਲੋਂ ਆਏ ਤੇ ਗੇਟ ਦੀ ਖ਼ੁਸ਼ੀ ਵਿੱਚ ਬਸਤੇ ਵਿਹੜੇ ਵਿੱਚ ਹੀ ਵਗਾਹ ਮਾਰੇ। ਕੁੰਢਾ ਸਿੰਘ ਚਰਨੀ ਨੂੰ ਨਿੱਕੇ-ਨਿੱਕੇ ਮਖੌਲ ਕਰ ਰਿਹਾ ਸੀ।ਉਹਦੇ ਮਖੌਲਾਂ ਵਿੱਚ ਗੁੱਝੇ-ਗੁੱਝੇ ਮੋਹ ਦਾ ਅੰਸ਼ ਵੀ ਹੁੰਦਾ।

ਲੋਹੇ ਦਾ ਗੇਟ

179