ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/180

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਰਨੀ ਏਧਰ-ਓਧਰ ਕਮਰਿਆਂ ਵੱਲ ਝਾਕਦਾ ਤੇ ਅੱਖਾਂ-ਅੱਖਾਂ ਵਿੱਚ ਹੀ ਕੋਈ ਨਿਰਖ-ਪਰਖ ਜਿਹੀ ਕਰੀ ਜਾ ਰਿਹਾ ਸੀ। ਉਹਦਾ ਧਿਆਨ ਕੁੰਢਾ ਸਿੰਘ ਵੱਲ ਨਹੀਂ ਸੀ। ਫੇਰ ਉਹਨੇ ਮੈਨੂੰ ਪੁੱਛ ਹੀ ਲਿਆ-ਕਦੋਂ ਬਣਾਇਆ ਸੀ ਇਹ ਮਕਾਨ?'

'ਮਕਾਨ ਬਣੇ ਨੂੰ ਤਾਂ ਦਸ ਸਾਲ ਹੋ ਗੇ, ਗੁਰਚਰਨ ਸਿਆਂ, ਗੇਟ ਬੱਸ ਤੇਰੇ ਹੱਥੋਂ ਲੱਗਣਾ ਸੀ।’ ਜਿਵੇਂ ਮੈਂ ਵੀ ਉਹਨੂੰ ਮਿੱਠੀ ਮਸ਼ਕਰੀ ਕਰ ਬੈਠਾ ਹੋਵਾਂ।

‘ਕਮਰੇ ਤਿੰਨ ਨੇ?' ਉਹਨੇ ਏਧਰ-ਓਧਰ ਗਰਦਨ ਘੁਮਾਈ।

‘ਹਾਂ ਤਿੰਨ ਕਮਰੇ ਤੇ ਆਹ ਵਰਾਂਡਾ, ਬਾਥ-ਰੂਮ, ਸਟੋਰ ਤੇ ਰਸੋਈ, ਸਕੂਟਰ-ਸ਼ੈਡ, ਇਹ ਵੀ ਸਭ ਗਿਣੇ ਲੈ।

‘ਮਕਾਨ ਐਨਾ ਕੁ ਤਾਂ ਚਾਹੀਦਾ ਈ ਐ।’ ਚਰਨੀ ਬੋਲਿਆ।

ਕੁੰਢਾ ਸਿੰਘ ਫੇਰ ਮੁਸਕਰਾਇਆ, ਮੁੱਛਾਂ ਵਿੱਚ ਹੀ । ਕਹਿੰਦਾ-ਅਸਲ 'ਚ ਜੀ, ਜੰਝੂ ਸਾਅਬ ਨੇ ਆਪ ਬਣਾਉਣੈ ਹੁਣ ਇੱਕ ਮਕਾਨ।

ਉਹਦੀ ਗੱਲ 'ਤੇ ਚਰਨੀ ਦੀਆਂ ਅੱਖਾਂ ਦੇ ਚਿਰਾਗ ਜਿਵੇਂ ਲਟਲਟ ਬਲ ਉੱਠੇ ਹੋਣ। ਉਹਦੇ ਚਿਹਰੇ ਉੱਤੇ ਇੱਕ ਤਿੱਖੀ ਉਮੰਗ ਤੇ ਭਰਪੂਰ ਹਸਰਤ ਸੀ।

“ਕਿਉਂ, ਪਹਿਲਾਂ ਨੀ ਕੋਈ ਮਕਾਨ?” ਮੈਂ ਹੈਰਾਨੀ ਨਾਲ ਪੁੱਛਿਆ।

'ਪਹਿਲਾਂ ਕਿੱਥੇ ਜੀ, ਓਥੇ ਈ ਬੈਠਾ ਐ ਵਿਚਾਰਾ ਇਹ ਤਾਂ, ਖੋਲੇ 'ਚ।'

'ਕਿਉਂ, ਇਹ ਕੀ ਗੱਲ?'

ਚਰਨੀ ਨੇ ਆਪ ਦੱਸਣਾ ਸ਼ੁਰੂ ਕੀਤਾ-ਸਾਡਾ ਘਰ ਕਦੇ ਏਥੇ ਸਭ ਤੋਂ ਉੱਤੇ ਹੁੰਦਾ ਸੀ, ਹੁਣ ਥੱਲੇ ਲੱਗ ਪਏ ਆਂ, ਸਾਰਿਆਂ ਦੇ ਮੈਂ ’ਲਾਂ ਹੀ ਆਂ, ਇੱਕ ਮੇਰੀ ਮਾਂ ਐ। ਸਾਡੇ ਕਾਰਖਾਨੇ ਅਸੀਂ ਵੀ ਏਸੇ ਤਰਾਂ ਮਿਸਤਰੀ ਰੱਖੇ ਹੁੰਦੇ ਸੀ।

ਉਹਦੀ ਗੱਲ ਵਿਚਕਾਰ ਹੀ ਟੋਕ ਕੇ ਕੁੰਢਾ ਸਿੰਘ ਕਹਿੰਦਾ--ਇਹਦਾ ਬਾਪ, ਭਾਈ ਸਾਅਬ, ਸਿਰੇ ਦਾ ਮਿਸਤਰੀ ਸੀ। ਉਹ ਲੋਹੇ ਦੇ ਹਲ ਬਣਾਉਂਦਾ ਹੁੰਦਾ। ਉਹਨਾਂ ਦਿਨਾਂ ’ਚ ਲੋਹੇ ਦਾ ਹਲ ਨਵਾਂ ਨਵਾਂ ਈ ਚੱਲਿਆ ਸੀ। ਟਰੈਕਟਰ ਤਾਂ ਕਿਸੇ ਕਿਸੇ ਘਰ ਹੁੰਦਾ। ਹੁਣ ਆਲੀ ਗੱਲ ਨੀ ਸੀ। ਲੱਕੜ ਦਾ ਹੱਲ, ਪਰ ਚਊ ਦੀ ਥਾਂ ਲੋਹੇ ਦਾ ਸਾਰਾ ਢਾਂਚਾ ਵਿੱਟ ਕਰ ਤਾਂ, ਇਹਦੇ ਬਾਪ ਨੇ। ਟੁੱਟ ਕੇ ਪੈ ਗੇ, ਪਿੰਡਾਂ ਦੇ ਪਿੰਡ। ਬੱਸ ਇਹ ਦੇਖ ਲੋ, ਇੱਕ ਦਿਨ ’ਚ ਵੀਹ ਹੱਲ ਵੀ ਵਿਕ ਜਾਂਦੇ, ਤੀਹ ਵੀ, ਕਿਸੇ ਦਿਨ ਤਾਂ ਪੰਜਾਹ ਪੰਜਾਹ ਹਲ ਮੈਂ ਆਪ ਦੇਖੇ ਨੇ ਵਿਕਦੇ, ਆਪਣੀ ਅੱਖੀਂ। ਮੈਂ ਵੀ ਮਿਸਤਰੀ ਰਿਹਾਂ, ਇਹਨਾਂ ਦੇ ਕਾਰਖਾਨੇ। ਬਹੁਤ ਕਮਾਈ ਕੀਤੀ ਇਹਦੇ ਬਾਪ ਨੇ।ਪਰ ਜੀ, ਸਭ ਖੇਹ-ਖਰਾਬ ਗਈ।

“ਕਿਉਂ, ਉਹ ਕਿਵੇਂ? “ਉਹਨੂੰ ਜੀ ਸ਼ਰਾਬ ਪੀਣ ਦੀ ਧੱਤ ਪੈ ਗੀ ਸੀ। ਕੁੰਢਾ ਸਿੰਘ ਨੇ ਦੱਸਿਆ।

“ਅੱਛਾ??

‘ਸ਼ਰਾਬ ਵੀ ਢੰਗ-ਸਿਰ ਹੁੰਦੀ ਐ, ਭਾਈ ਸਾਅਬ। ਪਰ ਉਹ ਤਾਂ ਤੜਕੇ ਈ ਲੱਗ ਜਾਂਦਾ। ਦਿਨੇ ਵੀ, ਆਥਣੇ ਵੀ, ਕੰਮ ਕੰਨੀਂ ਧਿਆਨ ਘੱਟ ਗਿਆ। ਫੇਰ ਮਾਲ ਓਨਾ ਤਿਆਰ ਨਾ ਹੋਇਆ ਕਰੇ। ਹੋਰ ਮਿਸਤਰੀਆਂ ਨੇ ਕਰ ਤਾਂ ਸ਼ੁਰੂ ਇਹੀ ਕੰਮ।'

‘ਫੇਰ?’

180

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ