ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/181

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਫੇਜ ਜੀ, ਸਮਾਂ ਹੀ ਬਦਲ ਗਿਆ। ਟਰੈਕਟਰ ਵੱਧਣ ਲੱਗ ਪੇ। ਲੋਹੇ ਦੇ ਹਲਾਂ ਦੀ ਹੋ ’ਗੀ। ਤੇ ਇਹਦੇ ਬਾਪ ਦਾ ਕਾਰਖਾਨਾ ਸਮਝੋ ਬੰਦ ਈ ਹੋ ਗਿਆ। ਪਰ ਉਹਦੀ ਸ਼ਰਾਬ ਓਵੇਂ ਦੀ ਓਵੇਂ।ਮਰ ਗੇ ਬੰਦੇ ਦੀ ਬਦਖੋਈ ਨੀ ਕਰਨੀ ਚਾਹੀਦੀ, ਪਰ ਉਹਨੇ, ਭਾਈ ਸਾਅਬ, ਘਰ ਦਾ ਕੱਖ ਨੀ ਛੱਡਿਆ।ਗੱਲ ਮੁਕਾਓ, ਸੰਦ ਵੀ ਵੇਚ ’ਤੇ। ਚਰਨੀ ਦੀ ਮਾਂ, ਚਰਨੀ ਨੂੰ ਲੈ ਕੇ ਪੇਕੀਂ ਜਾ ਬੈਠੀ। ਚਾਰ-ਪੰਜ ਸਾਲ ਦਾ ਸੀ ਇਹ ਮਸਾਂ।'

ਚਰਨੀ ਸਾਡੇ ਮੁੰਡੇ ਦੇ ਬਸਤੇ ਵਿਚੋਂ ਇੱਕ ਸਲੇਟੀ ਲੈ ਕੇ ਵਿਹੜੇ ਦੇ ਫਰਸ਼ ਉੱਤੇ ਹਲ ਦੀ ਤਸਵੀਰ ਬਣਾ ਰਿਹਾ ਸੀ। ਐਨੇ ਨੂੰ ਘਰਵਾਲੀ ਲੱਡੂਆਂ ਦਾ ਲਿਫ਼ਾਫ਼ਾ ਲੈ ਕੇ ਆ ਖੜੀ। ਸਾਡੀਆਂ ਗੱਲਾਂ ਓਥੇ ਹੀ ਰਹਿ ਗਈਆਂ। ਸਾਨੂੰ ਦੋ-ਦੋ ਲੱਡੂ ਦੇ ਕੇ ਉਹਨੇ ਫੇਰ ਇੱਕ-ਇੱਕ ਲੱਡੂ ਘਰ ਦੇ ਜਵਾਕਾਂ ਨੂੰ ਦਿੱਤਾ। ਤੇ ਫੇਰ ਗੁਆਂਢ ਦੇ ਘਰਾਂ ਵਿੱਚ ਲੱਡੂ ਵੰਡਣ ਚਲੀ ਗਈ।

ਮਿਸਤਰੀਆਂ ਨੇ ਆਪਣੇ ਸੰਦ ਚੁੱਕੇ ਤੇ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਚਲੇ ਗਏ।

ਕੁਝ ਦੇਰ ਮੈਂ ਵਿਹੜੇ ਵਿੱਚ ਬੈਠਾ ਰਿਹਾ, ਫੇਰ ਬਾਹਰ ਗਲੀ ਵਿੱਚ ਜਾ ਖੜ੍ਹਾ, ਇਹ ਦੇਖਣ ਲਈ ਕਿ ਬਾਹਰੋਂ ਲੋਹੇ ਦਾ ਗੇਟ ਕਿਹੋ ਜਿਹਾ ਲੱਗਦਾ ਹੈ।

ਮੈਂ ਦੇਖਿਆ, ਗੇਟ ਦੀ ਨੇਮ-ਪਲੇਟ ਉੱਤੇ ਸਲੇਟੀ ਨਾਲ ਲਿਖਿਆ ਹੋਇਆ ਸੀ- ਗੁਰਚਰਨ ਸਿੰਘ ਜੰਡੂ। *

ਲੋਹੇ ਦਾ ਗੇਟ

181