ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/182

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁਰਾ

ਸਿੜ੍ਹੀ ਕਦੋਂ ਦੀ ਤਿਆਰ ਸੀ। ਵੱਡੀ ਕੁੜੀ ਹਮੀਰੋ ਨੇ ਪੇਟੀ ਵਿਚੋਂ ਕੱਫਣ ਵੀ ਕੱਢ ਰੱਖਿਆ ਸੀ। ਆਂਢੀ-ਗੁਆਂਢੀ ਤੇ ਰਿਸ਼ਤੇਦਾਰ ਬੱਸ ਜਗਰੂਪ ਨੂੰ ਉਡੀਕ ਰਹੇ ਸਨ। ਉਹ ਆਵੇ ਤਾਂ ਫੁੱਮਣ ਸੂ ਨੂੰ ਆਖ਼ਰੀ ਇਸ਼ਨਾਨ ਕਰਵਾ ਕੇ ਸਿੜੀ ਉੱਤੇ ਪਾਇਆ ਜਾਵੇ।ਉਹਦੀ ਲੋਥ ਗਦੈਲਾ ਵਿਛਾ ਕੇ ਭੁੰਜੇ ਵਰਾਂਢੇ ਵਿੱਚ ਰੱਖੀ ਹੋਈ ਸੀ।ਉੱਤੇ ਚਿੱਟੀ ਚਾਦਰ ਦੇ ਕੇ ਮੁੰਹ ਢਕਿਆ ਹੋਇਆ। ਖੇਤਾਂ ਦਾ ਕੰਮ ਛੱਡ ਕੇ ਬੈਠੇ ਲੋਕ ਅੱਕਲਕਾਣ ਹੋਏ ਪਏ ਸਨ। ਅੱਸੂ-ਕੱਤੇ ਦੀ ਰੁੱਤ ਸੀ। ਇਨ੍ਹਾਂ ਦਿਨਾਂ ਵਿੱਚ ਕਦੋਂ ਕਿਸੇ ਨੂੰ ਵਿਹਲ ਹੁੰਦੀ ਹੈ। ਇੱਕ ਬੱਸ ਭਾਈਚਾਰਾ ਨਿਭਾਉਣਾ ਸੀ। ਝੁੰਮਣ ਨੂੰ ਮਰ ਗਿਆ ਹੈ। ਚਾਰ ਬੰਦੇ ਸ਼ਰੀਕੇ-ਕਬੀਲੇ ਦੇ ਘਰ ਆ ਕੇ ਬੈਠਣੇ ਜ਼ਰੂਰੀ ਸਨ। ਸਿਵਿਆਂ ਤੱਕ ਅਰਥੀ ਨਾਲ ਜਾਣਾ ਤੇ ਬੰਦੇ ਦੇ ਦਾਹ-ਸਸਕਾਰ ਵਿੱਚ ਚਿਤਾਅ ਉੱਤੇ ਡੱਕਾ ਤੋੜ ਕੇ ਸੁੱਟਣਾ ਭਾਈਆਂ ਦਾ ਫਰਜ਼ ਸੀ। ਖੇਤਾਂ ਦਾ ਕੰਮ, ਕੰਮ ਤਾਂ ਮੁੱਕਦੇ ਹੀ ਨਹੀਂ।

ਉਹ ਦੋ ਮਹੀਨਿਆਂ ਤੋਂ ਢਿੱਲਾ ਸੀ। ਐਨਾ ਢਿੱਲਾ ਨਹੀਂ ਸੀ ਕਿ ਮੁੱਕ ਹੀ ਜਾਵੇ। ਬੀਮਾਰੀ ਵੀ ਕੋਈ ਖ਼ਾਸ ਨਹੀਂ ਸੀ। ਬੱਸ ਚੁੱਪ-ਚਾਪ ਜਿਹਾ ਰਹਿੰਦਾ।ਪਿੰਡ ਵਿੱਚ ਗੇੜਾ ਮਾਰਨਾ ਛੱਡ ਦਿੱਤਾ। ਘਰ ਦੀ ਬੈਠਕ ਵਿੱਚ ਮੰਜੇ ਉੱਤੇ ਪਿਆ ਰਹਿੰਦਾ। ਮਨ ਵਿੱਚ ਪਤਾ ਨਹੀਂ ਕੀ ਗਿਣਤੀਆਂ-ਮਿਣਤੀਆਂ ਕਰਦਾ। ਛੱਤ ਵੱਲ ਖ਼ਾਲੀ-ਖ਼ਾਲੀ ਅੱਖਾਂ ਨਾਲ ਝਾਕੀ ਜਾਂਦਾ ਜਾਂ ਅੱਖਾਂ ਮੀਚ ਲੈਂਦਾ। ਜਿਵੇਂ ਸੌਣ ਦੀ ਕੋਸ਼ਿਸ਼ ਕਰਦਾ ਹੋਵੇ। ਉਹਨੂੰ ਨੀਂਦ ਵੀ ਨਹੀਂ ਸੀ ਆਉਂਦੀ। ਇੱਕ ਬੇਚੈਨੀ ਸੀ ਜੋ ਆਪਣੇ ਆਪ ਵਿੱਚ ਹੀ ਰਿੱਝਦੀ-ਪੱਕਦੀ ਰਹਿੰਦੀ। ਬੇਚੈਨੀ ਜਿਸ ਦਾ ਨਿਕਾਸ ਨਹੀਂ ਸੀ। ਲੰਮੀ ਉਮਰ ਦੀ ਬੇਚੈਨੀ। ਉਹਨੂੰ ਭੁੱਖ ਘੱਟ ਲੱਗਦੀ। ਦੋ ਫੁਲਕੇ ਉਹਦੀ ਪੂਰੀ ਖ਼ੁਰਾਕ ਸੀ। ਚਾਹ ਦੀਆਂ ਚਾਰ ਘੁੱਟਾਂ ਦਿਨ ਭਰ ਦਾ ਧਰਵਾਸ। ਕਾਲਜੇ ਦੀ ਇੱਕੋਂ ਖੋਹ-ਕੀ ਖੱਟਿਆਉਹਨੇ ਮੁੰਡਾ ਜੰਮ ਕੇ? ਮੁੰਡਾ ਕੀ ਤੇ ਕੁੜੀ ਕੀ? ਕੀ ਫ਼ਰਕ ਪੈਂਦਾ ਜੇ ਚਾਰੇ ਕੁੜੀਆਂ ਹੁੰਦੀਆਂ? ਮੁੰਡਾ ਤਾਂ ਸਾਲਾ ਝੋਰਾ ਲਾ ਗਿਆ। ਸਰੀਰ ਦਾ ਬਾਲਣ ਬਣਾ ਦਿੱਤਾ ਮੁੰਡੇ ਨੇ।"

ਉਹਦੀ ਉਮਰ ਕੋਈ ਖ਼ਾਸ ਵੱਡੀ ਨਹੀਂ ਸੀ, ਬੱਸ ਸੱਠ ਮਸਾਂ। ਸੱਠਾਂ ਦੀ ਉਮਰ ਵਿੱਚ ਕੌਣ ਮਰਦਾ ਹੈ। ਜਦੋਂ ਕਿ ਬੀਮਾਰੀ ਠੀਮਾਰੀ ਵੀ ਕੋਈ ਨਾ ਹੋਵੇ। ਪਰ ਉਹਦੇ ਕਾਲਜੇ ਦੀ ਖੁਰਚਣ .....। ਮੱਥੇ ਦੀ ਠੀਕਰੀ ਤਿੜਕ-ਤਿੜਕ ਜਾਂਦੀ।

ਜਗਰੂਪ ਦੂਰ ਸ਼ਹਿਰ ਰਹਿੰਦਾ ਸੀ। ਕਦੇ ਕਦੇ ਪਿੰਡ ਦਾ ਗੇੜਾ ਮਾਰਦਾ। ਜਦੋਂ ਵੀ ਆਉਂਦਾ, ਲੜ ਝਗੜ ਕੇ ਜਾਂਦਾ। ਅੱਜ ਕੱਲ੍ਹ ਸ਼ਹਿਰ ਵਿੱਚ ਉਹਦਾ ਕਾਰੋਬਾਰ ਸੀ, ਕਿਸੇ

182

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ