ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/187

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘ਤੂੰ ਨਿੱਕਲ ਐਥੋਂ ਓਏ, ਬੁਰੇ ਬੁਥੇ ਆਲਿਆਂ। ਮੁੜ ਕੇ ਲੱਤ ਨਾ ਦੇਈਂ ਮੇਰੇ ਘਰ। ਦੇਓਂ ਅੰਦਰ ਕਦੇ ਪੈਰ ਧਰਿਐ, ਤਾਂ ਗਿੱਟੇ ਛਾਂਗ ਦੂ ਤੇਰੇ ਮੈਂ।

“ਓਏ, ਤੇਰੀ ਮੈਂ ਲੋਥ ਰੁਲਦੀ ਦਖਾਉਂ, ਵੱਡਿਆ ਸਰਦਾਰਾ। ਤੈਨੂੰ ਫੂਕਣ ਨੂੰ ਜਾਣਾ ਕਿਸੇ ਨੇ। ਆਖ ਕੇ ਜਗਰੁਪ ਘਰੋਂ ਬਾਹਰ ਹੋ ਗਿਆ ਸੀ।

‘ਮੇਰੀ ਅਰਥੀ ਨੂੰ ਹੱਥ ਲਾਮੇਂ ਤਾਂ ਚੁੜੇ ਦਾ ਪੁੱਤ ਹੋਏਗਾ।ਨਾ ਆਈਂ ਮੇਰੇ ਮਰੇ ਤੋਂ। ਫੁੱਮਣ ਸੂ ਨੇ ਉਹਨੂੰ ਜਾਂਦੇ ਨੂੰ ਉੱਚਾ ਸੁਣਾ ਕੇ ਆਖਿਆ।

ਬੱਸ, ਉਹ ਦਿਨ ਸੋ ਉਹ ਦਿਨ, ਫੁੱਮਣ ਸੂ ਨੇ ਮੰਜਾ ਫੜ ਲਿਆ। ਇਹੋ ਇੱਕ ਝੋਰਾ, ਕੀ ਕਰਨਾ ਸੀ ਉਹਨੇ ਇਹ ਮੁੰਡਾ ਜੰਮ ਕੇ ਪਿੰਡ ਵਿੱਚ ਸਰਕਾਰੀ ਹਾਈ ਸਕੂਲ ਸੀ। ਤਿੰਨੇ ਕੁੜੀਆਂ ਦਸ-ਦਸ ਜਮਾਤਾਂ ਕਰ ਗਈਆਂ ਸਨ। ਉਹਨਾਂ ਨੂੰ ਟਿਕਾਣੇ ਵੀ ਚੰਗੇ ਮਿਲੇ ਸਨ। ਕੁੜੀਆਂ ਵਲੋਂ ਫੁੱਮਣ ਨੂੰ ਪੂਰਾ ਸੁਖੀ ਸੀ।

ਉਹ ਰਾਤ ਨੂੰ ਖਾਓ-ਪੀਓ ਵੇਲੇ ਪੂਰਾ ਹੋਇਆ ਸੀ।ਵੱਡੇ ਤੜਕੇ ਹੀ ਬੰਦੇ ਸਕੀਰੀਆਂ ਨੂੰ ਤੁਰ ਗਏ।ਤੇ ਫੇਰ ਦੁਪਹਿਰ ਤੱਕ ਸਭ ਆਗਏ।ਪਰ ਜਗਰੂਪ ਨਹੀਂ ਆਇਆ। ਬੰਦਾ ਦੂਰ-ਸ਼ਹਿਰ ਜਾ ਕੇ ਮੁੜ ਆਇਆ ਸੀ। ਬਹੂ ਸੀ ਘਰ, ਜਗਰੂਪ ਨਹੀਂ ਆਇਆ। ਬਹੂ ਨੇ ਆਖਿਆ ਸੀ-ਉਹ ਨੇੜੇ ਦੇ ਇੱਕ ਸ਼ਹਿਰ ਗਿਆ ਹੋਇਆ ਹੈ। ਹੁਣੇ ਇੱਕ ਘੰਟੇ ਤੱਕ ਮੁੜੇਗਾ। ਹੁਣ ਉਹ ਉਹਨੂੰ ਤੋਰ ਦੇਵੇਗੀ। ਇਹ ਵੀ ਕਿ ਉਹ ਦੋਵੇਂ ਆ ਰਹੇ ਹਨ।

ਕੀ ਹੁੰਦਾ ਹੈ, ਅੱਸੂ-ਕੱਤੇ ਦਾ ਸੂਰਜ । ਦੁਪਹਿਰ ਵੀ ਢਲ ਗਈ। ਪਿਛਲਾ ਪਹਿਰ ਹੋ ਗਿਆ। ਅੱਧਿਓ-ਵੱਧ ਲੋਕ ਉੱਠ ਕੇ ਘਰਾਂ ਨੂੰ ਚਲੇ ਗਏ ਸਨ। ਅਖੇ-‘ਬੁਲਾ ਲਿਓ ਭਾਈ, ਜਦੋਂ ਜਗਰੂਪ ਆ ਗਿਆ।

ਦੁਪਹਿਰ ਤੋਂ ਪਹਿਲਾਂ ਅਰਥੀ ਚੁੱਕੀ ਜਾਂਦੀ ਤਾਂ ਸਾਰਾ ਅਗਵਾੜ ਨਾਲ ਹੋਣਾ ਸੀ। ਬੰਦੇ ਉਡੀਕ-ਉਡੀਕ ਖੇਤਾਂ ਨੂੰ ਤੁਰ ਗਏ। ਬੁੜ੍ਹੀਆਂ ਰਹਿ ਗਈਆਂ, ਉਹ ਵੀ ਥੋੜੀਆਂ॥ ਬੰਦੇ ਪੰਦਰਾਂ-ਵੀਹ ਮਸਾਂ ਸਨ। ਚਤਿੰਨ ਕੁਰ ਨੇ ਐਲਾਨ ਕੀਤਾ-ਅਰਥੀ ਨੂੰ ਬੰਦਾ ਕੋਈ ਨੀ ਹੱਥ ਲਾਉ।ਕਾਨੀ ਕਿੰਨੇ ਕੁੜੀਆਂ ਲੱਗਣਗੀਆਂ। ਚੌਥੀ ਮੈਂ ਆਪ’

ਬੰਦੇ ਤੇ ਤੀਵੀਆਂ ਉਹਦੇ ਮੁੰਹ ਵਲ ਡੌਰ-ਭੌਰ ਹੋ ਕੇ ਝਾਕ ਰਹੇ ਸਨ-ਦਿਮਾਗ਼ ਹਿੱਲ ਗਿਆ ਬੁੜ੍ਹੀ ਦਾ।

ਉਹ ਕੂਕਾਂ ਮਾਰ ਕੇ ਆਖ ਰਹੀ ਸੀ-ਪੁੱਤ ਹੈਨੀ ਜੱਗ ’ਤੇ। ਮੇਰੀਆਂ ਤਿੰਨੇ ਧੀਆਂ ਮੇਰੇ ਤਿੰਨ ਪੁੱਤ ਨੇ। ਪੁੱਤ ਨੇ ਬੁਰਾ ਕੀਤਾ, ਆਇਆ ਨੀ। ਮੈਂ ਵੀ ਬੁਰਾ ਕਰਕੇ ਦਿਖਾਉਂ ਹੁਣ।

ਅਗਵਾੜ ਦੇ ਨੌਜਵਾਨ ਮੁੰਡੇ ਆਖ ਰਹੇ ਸਨ-ਤਾਈ, ਅਸੀਂ ਵੀ ਤੇਰੇ ਪੁੱਤ ਆਂ। ਅਸੀਂ ਤਾਂ ਨੀ ਮਰ ਗੇ ਕਿਧਰੇ। ਅਸੀਂ ਦੇਖਾਂਗੇ ਮੋਢਾ ਤਾਏ ਨੂੰ।

ਚਤਿੰਨ ਕਰ ਮੰਨੀ ਨਹੀਂ। ਬੰਦੇ ਤੇ ਬੜੀਆਂ ਅਰਥੀ ਮਗਰ ਸਿਵਿਆਂ ਤੱਕ ਗਏ ਤਾਂ ਜ਼ਰੂਰ, ਪਰ ਉਹਨਾਂ ਦੀ ਦੇਹ ਸੁੰਨ ਸੀ। ਨਿੱਖਰਿਆ ਆਸਮਾਨ ਕਾਲਾ ਹੋ ਗਿਆ ਹੋਵੇ ਜਿਵੇਂ।

ਬੁਰਾ

187