ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/189

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਧਰ ਕੋਈ ਨਹੀਂ ਸੀ। ਬਾਪ ਮਰ ਗਿਆ, ਮਾਂ ਸੀ ਬੱਸ ਜਾਂ ਇੱਕ ਛੋਟਾ ਭਾਈ, ਜਿਸਨੂੰ ਉਹ ਆਪਣੇ ਨਾਲ ਹੀ ਇੱਧਰ ਲੈ ਆਇਆ ਸੀ। ਉਹ ਸੱਤਵੀਂ ਵਿੱਚ ਪੜ੍ਹਦਾ ਸੀ। ਪਿਓ ਓਧਰ ਜ਼ਿੰਮੀਦਾਰਾਂ ਦੇ ਖੇਤ ਵਿੱਚ ਮਜ਼ਦੂਰੀ ਦਾ ਕੰਮ ਕਰਦਾ। ਉਹਦਾ ਦਿਲ ਸੀ ਕਿ ਉਹ ਆਪਣੇ ਦੋਵੇਂ ਮੁੰਡਿਆਂ ਨੂੰ ਪੜ੍ਹਾਏਗਾ। ਉਹ ਸਰਕਾਰੀ ਨੌਕਰੀ ਕਰਨਗੇ। ਕੁਰਸੀਆਂ ਉੱਤੇ ਬੈਠਣਗੇ।ਉਹਨਾਂ ਨੂੰ ਜ਼ਿੰਮੀਦਾਰ ਦੀਆਂ ਝਿੜਕਾਂ ਨਹੀਂ ਖਾਣੀਆਂ ਪੈਣਗੀਆਂ। ਪਰ ਲਛੂਆ ਕਸਬੇ ਦੇ ਸਕੂਲ ਵਿਚੋਂ ਬਾਰਾਂ ਜਮਾਤਾਂ ਪਾਸ ਕਰ ਗਿਆ ਸੀ, ਉਹਦਾ ਕਿਧਰੇ ਕੁਝ ਨਹੀਂ ਬਣਿਆ। ਉਹ ਬਾਪ ਵਾਂਗ ਹੀ ਦਿਹਾੜੀ ਕਰਦਾ। ਰਿਸ਼ਵਤ ਬਗੈਰ ਕੋਈ ਨੌਕਰੀ ਨਹੀਂ ਸੀ। ਬਾਪ ਮਰੇ ਤੋਂ ਲਛੂਏ ਨੇ ਖੱਡੂ ਨੂੰ ਵੀ ਸਕੂਲੋਂ ਹਟਾ ਲਿਆ। ਇਸ ਵਾਰ ਉਹ ਮਾਂ ਨੂੰ ਵੀ ਇੱਧਰ ਲੈ ਆਏ ਸਨ। ਉਹ ਜਿਸ ਦਿਨ ਦੀ ਇੱਥੇ ਆਈ ਸੀ, ਢਿੱਲੀ-ਮੱਠੀ ਹੀ ਰਹਿੰਦੀ। ਬੁਖ਼ਾਰ ਚੜ੍ਹਨ ਲੱਗ ਪਿਆ। ਡਾਕਟਰ ਸਆ ਲਾ ਦਿੰਦਾ, ਗੋਲੀਆਂ ਦੇ ਦਿੰਦਾ ਤੇ ਪੀਣ ਵਾਲੀ ਦਵਾਈ ਦੱਸਦਾ ਕੁਝ ਨਾ, ਮਲੇਰੀਆ ਹੈ, ਟਾਈਫਾਈਡ ਹੈ ਜਾਂ ਕੀ ਹੈ? ਕਿਸੇ ਕਿਸੇ ਦਿਨ ਬੁਖ਼ਾਰ ਉੱਤਰ ਵੀ ਜਾਂਦਾ। ਡਾਕਟਰ ਦੋ ਦਿਨਾਂ ਦੀ ਦਵਾਈ ਦਿੰਦਾ ਤੇ ਮੁੱਠੀ ਨੋਟਾਂ ਦੀ ਝਾੜ ਲੈਂਦਾ। ਮਾਂ ਦਾ ਚਿਹਰਾ ਉਤਰਦਾ ਜਾ ਰਿਹਾ ਸੀ। ਰੰਗ ਪੀਲਾ ਪੈ ਗਿਆ। ਖਾਣ-ਪੀਣ ਲਗਭਗ ਛੱਡ ਹੀ ਦਿੱਤਾ। ਕੁੱਲੀ ਵਿਚੋਂ ਉੱਠ ਕੇ ਮਸਾਂ ਹੀ ਬਾਹਰ ਜਾ ਸਕਦੀ।ਉਹ ਮਾਂ ਨੂੰ ਸਾਂਭਣ ਜਾਂ ਕੰਮ ਉੱਤੇ ਜਾਣ? ਕੰਮ ਨਹੀਂ ਕਰਦੇ ਤਾਂ ਆਪਣਾ ਦੇਸ਼ ਛੱਡ ਕੇ ਆਉਣ ਦਾ ਮਤਲਬ ਕੀ। ਕੰਮ ਬਗ਼ੈਰ ਸਰਦਾ ਨਹੀਂ ਸੀ। ਉਹ ਪੰਜ-ਛੇ ਢਿੱਡ ਸਨ।

ਐਲ ਪਚਾਨਵੇਂ ਭੱਠਾ ਸੜਕ ਕਿਨਾਰੇ ਸੀ। ਇਹ ਸੜਕ ਸ਼ਹਿਰ ਦੀ ਵੱਡੀ ਸੜਕ ਤੋਂ ਅਗਲੇ ਪਿੰਡ ਨੂੰ ਜਾਂਦੀ ਤੇ ਅਗਾਂਹ ਹੋਰ ਪਿੰਡਾਂ ਨੂੰ ਨਿਕਲ ਜਾਂਦੀ ਸੀ। ਭੱਠਾ ਐਨ ਦਰੇ ਉੱਤੇ ਸੀ। ਸ਼ਹਿਰ ਨੂੰ ਇੱਟਾਂ ਜਾਂਦੀਆਂ ਤੇ ਨੇੜੇ-ਤੇੜੇ ਦੇ ਪਿੰਡਾਂ ਨੂੰ ਵੀ। ਭੱਠੇ ਦੇ ਲਗਭਗ ਨਾਲ ਹੀ ਮਿੱਟੀ ਮਿਲ ਗਈ ਸੀ। ਖੇਤ ਵਿੱਚ ਜੱਟ ਦਾ ਬੋਰ ਲੱਗਿਆ ਹੋਇਆ ਸੀ। ਥੋਰ ਤੇ ਮੋਟਰ ਸੀ। ਪਾਣੀ ਦੀ ਕੋਈ ਕਮੀ ਨਹੀਂ ਸੀ ਪਥਰ ਦੇ ਆਦਮੀ ਜਿੱਥੇ ਕਿਤੇ ਇੱਟਾਂ ਪੱਥਦੇ, ਉਥੇ ਹੀ ਦੋ-ਦੋ, ਚਾਰ-ਚਾਰ ਕਰਕੇ ਆਪਣੀਆਂ ਕੁੱਲੀਆਂ ਉਸਾਰ ਲੈਂਦੇ।ਕੱਚੀਆਂ ਇੱਟਾਂ ਕੋਲ ਸਨ, ਗਾਰਾ ਸੀ, ਕੁੱਲੀ ਇੱਕ ਦਿਨ ਵਿੱਚ ਹੀ ਖੜੀ ਹੋ ਜਾਂਦੀ। ਛੱਤ ਉੱਤੇ ਸਰਕੰਡਾ ਬੰਨ੍ਹ ਕੇ ਸੁੱਟ ਲੈਂਦੇ। ਟੱਪਰੀਵਾਸ ਜੀਵਨ ਸੀ ਇਹਨਾਂ ਲੋਕਾਂ ਦਾ। ਬਰਸਾਤਾਂ ਬੰਦ ਹੋਣ ਤੋਂ ਲੈ ਕੇ ਬਰਸਾਤਾਂ ਸ਼ੁਰੂ ਹੋਣ ਤੱਕ ਭੱਠੇ ਦਾ ਕਾਰੋਬਾਰ ਚਲਦਾ ਰਹਿੰਦਾ।

ਲਛੂਏ ਦੀ ਕੁੱਲੀ ਨਾਲ ਲੱਗਦੀਆਂ ਦੂਜੀਆਂ ਦੋ ਕੁੱਲੀਆਂ ਵੀ ਉਸੇ ਜ਼ਿਲ੍ਹੇ ਦੇ ਬੰਦਿਆਂ ਦੀਆਂ ਸਨ। ਉਹਨਾਂ ਦੇ ਕੁੱਲੀਆਂ ਵਿੱਚ ਵੀ ਜ਼ਨਾਨੀਆਂ ਸਨ, ਬੱਚੇ ਸਨ। ਬੰਦੇ ਗਾਰਾ ਬਣਾਉਂਦੇ, ਹੱਥ-ਰੇਹੜੀ ਉੱਤੇ ਗਾਰਾ-ਮਿੱਟੀ ਢੋਂਹਦੇ ਤੇ ਔਰਤਾਂ ਸੰਚਿਆਂ ਵਿੱਚ ਇੱਟਾਂ ਪੱਥਦੀਆਂ। ਛੋਟੇ ਬੱਚੇ ਉਹਨਾਂ ਦੀ ਮਦਦ ਕਰਦੇ। ਸਾਰਾ ਕੰਮ ਮਸ਼ੀਨ ਵਾਂਗ ਹੁੰਦਾ। ਬੰਦੇ ਵੀ ਜਿਵੇਂ ਸੰਚੇ ਸਨ।

ਮਾਲਕ ਨਾਲ ਜਮਾਂਦਾਰ ਦਾ ਠੇਕਾ ਕੀਤਾ ਹੋਇਆ ਸੀ। ਭਾਂਡੇ ਵਿੱਚ ਦਸ ਲੱਖ ਇੱਟ ਭਰਦੀ। ਇੱਟਾਂ ਸੁੱਕੀ ਜਾਂਦੀਆਂ ਤੇ ਖੱਚਰ-ਰੇਹੜੇ ਚੁੱਕੀ ਜਾਂਦੇ। ਸੁੱਕੀ ਇੱਟ

ਕੰਮ

189