ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਵਾਲ ਦਰ ਸਵਾਲ

ਬਿਲੁਆ ਭੰਗੀ ਪਿੰਡ ਦੀ ਸੱਥ ਵਿੱਚ ਲੋਕਾਂ ਦੇ ਇਕੱਠ ਸਾਹਮਣੇ ਉੱਚੀ-ਉੱਚੀ ਬੋਲ ਰਿਹਾ ਸੀ- 'ਮ੍ਹਾਰੀ ਇੱਜ਼ਤ ਕਾ ਸਵਾਲ ਐ, ਬਾਊ ਜੀ। ਜਿਸ ਨੇ ਮ੍ਹਾਰੀ ਬੇਟੀ ਕੀ ਆਨ ਲੂਟੀ, ਉਸੇ ਸਜਾ ਮਿਲਨੀ ਚਾਹੀਏ, ਬਸ ਮੈਂ ਤੋਂ ਇਤਨਾ ਚਾਹਵਾਂ।'

ਸੱਥ ਵਿੱਚ ਸਰਪੰਚ, ਦੋ ਪੰਚ, ਇੱਕ ਨੰਬਰਦਾਰ ਤੇ ਚਾਰ ਪੰਜ ਜਣੇ ਹੋਰ ਸਨ, ਜਿਹੜੇ ਬਿਲੂਏ ਭੰਗੀ ਨੇ ਸੱਦ ਕੇ ਲਿਆਂਦੇ ਸਨ। ਇਹਨਾਂ ਤੋਂ ਬਿਨਾਂ ਦਸ-ਬਾਰਾਂ ਬੰਦੇ ਹੋਰ ਓਥੇ ਆ ਖੜੇ ਸਨ। ਵਿਚਲੀ ਗੱਲ ਦਾ ਸਭ ਨੂੰ ਪਤਾ ਸੀ।

ਪਿੰਡਾਂ ਵਿੱਚ ਗਲੀਆਂ ਦੇ ਫ਼ਰਸ਼ ਪੱਕੇ ਕੀਤੇ ਗਏ ਤੇ ਘਰਾਂ ਦਾ ਪਾਣੀ ਨਿਕਲਣ ਵਾਸਤੇ ਨਾਲੀਆਂ ਵੀ ਪੱਕੀਆਂ ਬਣ ਗਈਆਂ ਤਾਂ ਇਹਨਾਂ ਦੀ ਸਫ਼ਾਈ ਵੀ ਜ਼ਰੂਰੀ ਸਮਝੀ ਗਈ। ਸਫ਼ਾਈ ਤੋਂ ਬਿਨਾਂ ਤਾਂ ਮੀਂਹ ਵਾਲੇ ਦਿਨ ਔਖਾ ਹੋ ਜਾਂਦਾ। ਮਿੱਟੀ ਕੂੜੇ ਨਾਲ ਅੱਟੀਆਂ ਨਾਲੀਆਂ ਵਿੱਚ ਦੀ ਪਾਣੀ ਗੁਜ਼ਰਦਾ ਹੀ ਨਾ। ਗਲੀਆਂ ਤਾ ਦਰਿਆ ਬਣ ਜਾਂਦੇ। ਮੀਂਹ ਦੀ ਗੱਲ ਛੱਡੋ, ਸਫ਼ਾਈ ਬਗ਼ੈਰ ਨਾਲੀਆਂ ਵਿੱਚ ਗੰਦ ਉਭਰ ਜਾਂਦਾ। ਸਿਆਣੇ ਆਦਮੀ ਨੱਕ ਉੱਤੇ ਪੱਲਾ ਦੇ ਕੇ ਲੰਘਦੇ ਤੇ ਕਹਿੰਦੇ-'ਏਦੂੰ ਤਾਂ ਕੱਚੀਆਂ ਵੀਹੀਆਂ ਈ ਚੰਗੀਆਂ ਸੀ। ਰੀਸ ਤਾਂ ਸ਼ਹਿਰਾਂ ਦੀ ਕਰ ਲਈ....।' ਤੇ ਫਿਰ ਇਹ ਭੰਗੀ ਲੋਕ ਆਪਣੇ ਆਪ ਹੀ ਪਤਾ ਨਹੀਂ ਕਿਧਰੋਂ ਆ ਗਏ ਸਨ। ਇਸ ਇਲਾਕੇ ਦੇ ਲਗਭਗ ਹਰ ਪਿੰਡ ਵਿੱਚ ਹੀ ਇੱਕ ਇੱਕ ਟੱਬਰ। ਇਸ ਪਿੰਡ ਦੇ ਬਿਲੂਏ ਭੰਗੀ ਦੀ ਪਤਨੀ, ਇੱਕ ਮੁਟਿਆਰ ਧੀ ਤੇ ਇੱਕ ਛੋਟਾ ਜਿਹਾ ਮੁੰਡਾ ਸੀ। ਮੁੰਡੇ ਦੀ ਉਮਰ ਭਾਵੇਂ ਗਿਆਰਾਂ-ਬਾਰਾਂ ਸਾਲ ਸੀ, ਪਰ ਉਹ ਆਦਮੀ ਜਿੰਨਾ ਕੰਮ ਕਰਦਾ। ਚਾਰ ਜਣੇ, ਉਹ ਸਾਰੇ ਪਿੰਡ ਦੀਆਂ ਨਾਲੀਆਂ ਕਮਾਉਂਦੇ, ਗਲੀਆਂ ਦੀ ਸਫ਼ਾਈ ਨਿੱਤ ਕਰਦੇ। ਦਿਨ ਚੜ੍ਹਨ ਤੋਂ ਪਹਿਲਾਂ ਹੀ ਕੰਮ ਉੱਤੇ ਲੱਗ ਜਾਂਦੇ। ਦੁਪਹਿਰ ਤੱਕ ਸਾਰਾ ਕੰਮ ਮੁਕਾ ਲੈਂਦੇ। ਸ਼ਾਮ ਨੂੰ ਘਰ-ਘਰ ਜਾ ਕੇ ਆਟਾ ਮੰਗਦੇ।

ਕੁੜੀ ਕਿਸੇ ਵੱਲ ਅੱਖ ਭਰ ਕੇ ਨਾ ਝਾਕਦੀ। ਆਪਣੇ ਕੰਮ ਵਿੱਚ ਮਗਨ ਰਹਿੰਦੀ। ਲੱਕੜ ਦੇ ਮੁੱਠੇ ਵਾਲੀ ਲੰਬੀ ਸੂਹਣ ਲਗਾਤਾਰ ਚੱਲਦੀ। ਗਰਦ ਉੱਡਦੀ। ਲੰਘਣ ਵਾਲੇ ਦਾਅ ਬਚਾ ਕੇ ਗੁਜ਼ਰ ਜਾਂਦੇ। ਕੁੜੀ ਤਾਂ ਨੀਵੀਂ ਪਾਈ ਆਪਣੇ ਹਿਸਾਬ ਅਨੁਸਾਰ ਗਲੀ ਦੇ ਏਧਰੋਂ ਓਧਰ, ਓਧਰੋਂ ਏਧਰ ਜ਼ਮੀਨ ਸੰਭਰਦੀ ਤੁਰ ਜਾਂਦੀ।

ਅਰਜਨ ਸਿੰਘ ਦੇ ਬੇਮੁਹਾਰ ਮੁੰਡੇ ਨੇ ਇੱਕ ਮੋੜ ਉੱਤੇ ਇੱਕ ਕੁੜੀ ਦੀ ਚੁੰਨੀ ਦਾ ਲੜ ਖਿੱਚ ਦਿੱਤਾ ਤੇ ਬਦਮਾਸ਼ ਦੱਬਵਾਂ ਹਾਸਾ ਛਣਛਣਾ ਕੇ ਕੁੜੀ ਦਾ ਧਿਆਨ ਆਪਣੇ

ਸਵਾਲ ਦਰ ਸਵਾਲ

19