ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/190

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਸੌ ਰੁਪਿਆ ਹਜ਼ਾਰ ਚੁੱਕੀ ਜਾਂਦੇ। ਪਰ ਜਮਾਂਦਾਰ ਮਾਲਕ ਤੋਂ ਇੱਕ ਸੌ ਸੱਤ ਰੁਪਏ ਲੈਂਦਾ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਇੱਟਾਂ ਪੱਥਣ ਲੱਗਦੇ ਤੇ ਰਾਤ ਨੂੰ ਤਾਰਿਆਂ ਦੇ ਚਾਨਣ ਤੱਕ ਕੰਮ ਕਰਦੇ।ਤੀਵੀਂ-ਆਦਮੀ ਦੋਵਾਂ ਦੀ ਦਿਹਾੜੀ ਸੋਲਾਂ-ਸਤਾਰਾ ਸੌ ਇੱਟ ਬਣਦੀ।ਐਨਾ ਕੰਮ ਉਹਨਾਂ ਲਈ ਬਹੁਤ ਸੀ। ਐਨਾ ਕੰਮ ਕੀਤੇ ਬਗੈਰ ਸਰਦਾ ਵੀ ਨਹੀਂ ਸੀ। ਮਾਂ ਬੀਮਾਰ ਸੀ। ਨਿੱਤ ਖਰਚ ਹੁੰਦਾ ਇਹ ਵਾਧੂ ਦਾ। ਜਮਾਂਦਾਰ ਹਫ਼ਤੇ ਬਾਅਦ ਇਕੱਠੇ ਪੈਸੇ ਦਿੰਦਾ। ਚੰਗਾ ਬੰਦਾ ਸੀ, ਪੇਸ਼ਗੀ ਵੀ ਦੇ ਦਿੰਦਾ।

ਇੱਕ ਦਿਨ ਦੀ ਖੁੰਝੀ ਦਿਹਾੜੀ ਬਹੁਤ ਫ਼ਰਕ ਪਾ ਦਿੰਦੀ। ਲਛੂਏ ਨੂੰ ਪੰਜ ਦਿਨ ਮਲੇਰੀਆ ਬੁਖ਼ਾਰ ਰਿਹਾ ਤੇ ਕਿੰਨਾ ਫ਼ਰਕ ਪੈ ਗਿਆ ਸੀ।ਉਹਦੀ ਘਰਵਾਲੀ ਤੇ ਛੋਟਾ ਭਾਈ ਖੱਡੂ ਤਾਂ ਅੱਧ ਵੀ ਨਾ ਨਿਬੇੜ ਸਕੇ। ਮਾਂ ਦੀ ਦਵਾਈ ਉੱਤੇ ਬਹੁਤ ਪੈਸਾ ਰੁੜ੍ਹ ਗਿਆ ਸੀ। ਉੱਧਰੋਂ ਜਮਾਂਦਾਰ ਵੀ ਕਾਹਲ ਮਚਾਈ ਰੱਖਦਾ।ਪਿਛਲੇ ਪੈਸੇ ਨਾ ਦੇਣ ਦੀ ਧਮਕੀ ਦਿੰਦਾ। ਬੁਰਾ-ਭਲਾ ਵੀ ਬੋਲਣ ਲੱਗਦਾ।

ਸਵੇਰ-ਸਵੇਰੇ ਗੁਰਦੁਆਰੇ ਦੇ ਪਹਿਲੇ ਬੋਲ ਨਾਲ ਜਦੋਂ ਉਹ ਜਾਗਦੇ ਤੇ ਕੁੱਲੀ ਦਾ ਭਾਂਡਾ-ਟੰਡਾ ਖੜਕਣ ਲੱਗਦਾ ਤਾਂ ਮਾਂ ਪਾਸੇ ਪਰਤਨ ਲੱਗਦੀ, ਉੱਠ ਕੇ ਬੈਠ ਜਾਂਦੀ ਤੇ ਪਾਣੀ ਮੰਗਦੀ। ਉਸ ਦਿਨ ਕੁਝ ਵੀ ਅਜਿਹਾ ਨਹੀਂ ਹੋਇਆ। ਲਛੂਏ ਨੇ ਦੇਖਿਆ ਮਾਂ ਉੱਠ ਕੇ ਬੈਠੀ ਹੀ ਨਹੀਂ, ਪਾਣੀ ਨਹੀਂ ਮੰਗਿਆ।ਉਹ ਖ਼ੁਦ ਹੀ ਪਾਣੀ ਦਾ ਗਿਲਾਸ ਲੈ ਕੇ ਆਇਆ ਤੇ ਮਾਂ ਦੇ ਮੋਢੇ ਨੂੰ ਹੱਥ ਲਾ ਕੇ ਬੋਲਿਆ-ਮਾਂ, ਪਾਣੀ ਉਹ ਬੋਲੀ ਨਹੀਂ। ਜਿਵੇਂ ਗੂੜ੍ਹੀ ਨੀਂਦ ਸੁੱਤੀ ਪਈ ਹੋਵੇ। ਲਛੂਏ ਨੇ ਦੂਜੀ ਵਾਰ ਫੇਰ ਬੁਲਾਇਆ। ਉਹਨੇ ਸੋਚਿਆ, ਜਦੋਂ ਉੱਠਗੀ, ਆਪੇ ਮੰਗ ਲਵੇਗੀ ਪਾਣੀ। ਕਾਹਨੂੰ ਇਹਦੀ ਨੀਂਦ ਖ਼ਰਾਬ ਕਰਨੀ ਹੈ।ਤਿੰਨੇ ਕੁੱਲੀਆਂ ਜਾਗ ਉੱਠੀਆਂ ਸਨ। ਨੇੜੇ-ਤੇੜੇ ਦੀਆਂ ਦੂਜੀਆਂ ਕੁੱਲੀਆਂ ਵਿਚੋਂ ਚੁੱਲ੍ਹਿਆਂ ਦਾ ਧੂੰਆਂ ਉੱਠ ਰਿਹਾ ਸੀ। ਲਛੂਏ ਨੂੰ ਅੱਚਵੀ ਲੱਗੀ ਹੋਈ ਸੀ, ਮਾਂ ਜਾਗੀ ਕਿਉਂ ਨਹੀਂ। ਉਹਨੇ ਅੰਦਾਜਾ ਲਾਇਆ, ਬੁਖ਼ਾਰ ਤੇਜ਼ ਹੋ ਗਿਆ ਹੋਵੇਗਾ। ਬੁਖਾਰ ਦੀ ਘੂਕੀ ਵਿੱਚ ਸੁੱਤੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਕਿਥੇ ਪਿਆ ਹੈ।ਉਹਨੇ ਹੱਥਲਾ ਕੰਮ ਛੱਡ ਕੇ ਮਾਂ ਦੇ ਮੱਥੇ ਉੱਤੇ ਹੱਥ ਧਰਿਆ, ਠੰਡਾ ਸੀਤ ਪਿਆ ਸੀ। ਬੁਖ਼ਾਰ ਤਾਂ ਕਿਧਰੇ ਵੀ ਨਹੀਂ ਸੀ। ਉਹਦਾ ਹੱਥ ਵੀ ਠੰਡਾ ਸੀ। ਪੈਰ ਫੜ ਕੇ ਦੇਖੋ, ਉਹ ਵੀ ਬਰਫ਼ ਬਣੇ ਪਏ। ਫੇਰ ਇਹ ਅੱਜ ਉੱਠੀ ਕਿਉਂ ਨਹੀਂ? ਪਾਣੀ ਕਿਉਂ ਨਹੀਂ ਮੰਗਿਆ? ਪਾਣੀ ਤਾਂ ਉਹ ਸਵੇਰੇ-ਸਵੇਰ ਨਿੱਤ ਪੈਂਦੀ ਹੈ। ਉਹਨੇ ਮਾਂ ਦਾ ਮੋਢਾ ਜ਼ੋਰ ਨਾਲ ਝੰਜੋੜਿਆ। ਉਹਦੇ ਕੰਨ ਕੋਲ ਆਪਦਾ ਮੂੰਹ ਲਿਜਾ ਕੇ ਉੱਚੀ ਹਾਕ ਮਾਰੀ। ਪਰ ਨਾ, ਉਹ ਬਿਲਕੁਲ ਵੀ ਦਿੱਲੀ ਨਹੀਂ।ਲਛੂਏ ਨੇ ਆਪਣੇ ਹੱਥ ਫੜ ਕੇ ਨਬਜ਼ ਟੋਹੀ। ਨਬਜ਼ ਬੰਦ ਸੀ। ਬਾਂਹ ਵੀ ਲੱਕੜ ਵਾਂਗ ਆਕੜੀ ਪਈ। ਮਾਂ ਮਰ ਚੁੱਕੀ ਸੀ। ਲਛੂਆ ਉਹਦੀ ਮੰਜੀ ਕੋਲ ਹੀ ਧਰਤੀ ਉੱਤੇ ਬੈਠ ਗਿਆ। ਦੋਵੇਂ ਹੱਥਾਂ ਨਾਲ ਮੱਥਾ ਫੜ ਲਿਆ ਆਪਣਾ॥ ਲਛੂਏ ਦੀ ਭੁੱਬ ਨਿਕਲ ਗਈ। ਉਹਦੀ ਘਰਵਾਲੀ ਭੱਜ ਕੇ ਉਹਦੇ ਕੋਲ ਆਈ ਤੇ ਪੁੱਛਿਆ-ਕਿਆ ਹੂਆ?? ਲਛੂਏ ਨੇ ਮਾਂ ਵੱਲ ਹੱਥ ਕਰਕੇ ਹਵਾ ਵਿੱਚ ਖ਼ਾਲੀ ਛੱਡ ਦਿੱਤਾ।

‘ਮਰ ਗਈ ਕਿਆ?' ਘਰਵਾਲੀ ਨੇ ਚਉਂਕ ਕੇ ਪੁੱਛਿਆ।

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ
190