ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/198

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਉਨ੍ਹਾਂ ਦਾ ਪਿਓ ਮਰਿਆ, ਉਨ੍ਹਾਂ ਦੇ ਚਾਰ ਘੁਮਾਂ ਜ਼ਮੀਨ ਗਹਿਣੇ ਸੀ ਤੇ ਚਾਰ ਹਜ਼ਾਰ ਰੁਪਈਆ ਦੇਣਾ ਰਹਿੰਦਾ ਸੀ।

ਦੋਵੇਂ ਭਰਾ ਪੂਰੇ ਜਿੱਚ ਸਨ ਕਿ ਉਹ ਸੂਰਤਾ ਸਿੰਘ ਦਾ ਚਾਰ ਹਜ਼ਾਰ ਕਿਵੇਂ ਉਚਾਰਨ। ਉਨ੍ਹਾਂ ਨੂੰ ਗਹਿਣੇ ਜ਼ਮੀਨ ਦਾ ਐਨਾ ਫ਼ਿਕਰ ਨਹੀਂ ਸੀ ਜਿੰਨਾ ਝੋਰਾ ਉਨ੍ਹਾਂ ਨੂੰ ਵਿਆਜੁ ਰੁਪਈਆਂ ਦਾ ਸੀ।

ਸੁਰਤਾ ਸਿੰਘ ਸੁਭਾਅ ਦਾ ਬੜਾ ਮਿੱਠਾ ਸੀ। ਦੇਖਣ ਵਿੱਚ ਇਉਂ ਲੱਗਦਾ ਜਿਵੇਂ ਉਹਦੇ ਨਾਲ ਦਾ ਪਿੰਡ ਵਿੱਚ ਧਰਮਾਤਮਾ ਬੰਦਾ ਹੋਰ ਨਹੀਂ। ਅੱਧ ਕੁ ਦਾ ਹੋ ਕੇ ਗੱਲ ਕਰਦਾ, ਪਿੰਡ ਦੇ ਹਰੇਕ ਬਾਹਮਣ ਨੂੰ ‘ਮਹਾਰਾਜ’ ਬੁਲਾਉਂਦਾ, ਸੜੇ ਤੋਂ ਸੜੇ ਬਾਣੀਏ ਨੂੰ ਵੀ ‘ਰਾਮ-ਰਾਮ’ ਕਹਿੰਦਾ। ਝਿਉਰ ‘ਨਾਈ, ਛੀਬੇ, ਤਖਾਣ, ਘੁਮਿਆਰ, ਮਜ਼ਬੀ ਤੋਂ ਰਾਮਦਾਸੀਏ, ਸਭ ਨੂੰ ਉਹ ਆਦਰ ਨਾਲ ਬੁਲਾਉਂਦਾ। ਐਨਾ ਮਿੱਠਾ ਬੰਦਾ ਪਿੰਡ ਵਿੱਚ ਹੋਰ ਕੋਈ ਨਹੀਂ ਸੀ। ਐਨਾ ਸਾਦਾ ਬੰਦਾ ਪਿੰਡ ਵਿੱਚ ਹੋਰ ਕੋਈ ਨਹੀਂ ਸੀ। ਪੈਰੀਂ ਖੱਲਧੌੜੀ ਦੀ ਜੁੱਤੀ। ਜੁੱਤੀ ਉਸ ਦੇ ਚਲਦੀ ਬਹੁਤ ਸੀ। ਪੰਜ-ਪੰਜ ਛੀ-ਛੀ ਵਾਰੀ ਗੰਢਾ ਕੇ ਵੀਉਹ ਜੁੱਤੀ ਨੂੰ ਹੰਢਾਈ ਜਾਂਦਾ। ਤੇੜ, ਖੱਦਰ ਦੀ ਧੋਤੀ।ਗਲ, ਖੱਦਰ ਦੀ ਬੋਸਕੀ ਦਾ ਕੁੜਤਾ। ਸਿਰ ਉੱਤੇ ਮੋਟੀ ਵੈਲ ਦਾ ਚਿੱਟਾ ਸਾਫਾ। ਬਾਰਾਂ ਮਹੀਨੇ ਤੀਹ ਦਿਨ ਓਸ ਦੇ ਇਹੀ ਪਹਿਰਾਵਾ ਹੁੰਦਾ। ਸਿਆਲਾਂ ਵਿੱਚ ਦੋੜੇ ਵਰਗੇ ਮੋਟੇ ਖੱਦਰ ਦੀ ਜਾਕਟ ਤੇ ਡੱਬੀਆਂ ਵਾਲੇ ਖੇਸ ਦੀ ਬੁੱਕਲ ਜ਼ਰੂਰ ਵਧ ਜਾਂਦੀ, ਨਹੀਂ ਤਾਂ ਬੱਸ ਉਸਦਾ ਇੱਕੋ ਪਹਿਰਾਵਾ ਰਹਿੰਦਾ।

ਉਹਦੇ ਕੋਲ ਆਪਣੀ ਜ਼ਮੀਨ ਵੀ ਬਹੁਤ ਸੀ।ਉਸਨੇ ਬਹੁਤ ਸਾਰੀ ਜ਼ਮੀਨ ਲੋਕਾਂ ਦੀ ਬੈਅ ਵੀ ਲੈ ਰੱਖੀ ਸੀ। ਗਹਿਣੇ ਦੀਆਂ ਜ਼ਮੀਨਾਂ ਤਾਂ ਉਸ ਕੋਲ ਕਈ ਘਰਾਂ ਦੀਆਂ ਸਨ। ਦੋ ਉਹਦੇ ਮੁੰਡੇ ਸਨ। ਦੋਵੇਂ ਦਿਨ ਰਾਤ ਵਾਹੀ ਦਾ ਕੰਮ ਹੀ ਕਰਦੇ ਰਹਿੰਦੇ। ਦੋਵੇਂ ਪਿਓ ਨਾਲੋਂ ਚੜਦੇ ਸਨ, ਐਨੇ ਕੰਜਸ ਕਿ ਕੀੜੀ ਦੇ ਰਾਹ ਦਾਣਾ ਨਹੀਂ ਸੀ ਜਾਣ ਦਿੰਦੇ। ਦਿਹਾੜੀਏ, ਜਿਹੜੇ ਉਨ੍ਹਾਂ ਦੇ ਕਦੇ-ਕਦੇ ਕੰਮ ਕਰਨ ਜਾਂਦੇ, ਦੱਸਦੇ ਹੁੰਦੇ ਕਿ ਜਦੋਂ ਵੀ ਅਸੀਂ ਕਦੇ ਇਨ੍ਹਾਂ ਦੇ ਜਾਂਦੇ ਹਾਂ, ਕਦੇ ਵੀ ਸਾਨੂੰ ਦਾਲ ਜਾਂ ਸਬਜ਼ੀ ਨਾਲ ਰੋਟੀ ਨਹੀਂ ਮਿਲੀ-ਹਮੇਸ਼ਾਂ ਹੀ ਗੰਢਿਆਂ ਦੀ ਚਟਣੀ ਜਾਂ ਪਚਰੰਗੇ ਆਚਾਰ ਨਾਲ ਰੋਟੀ ਖਾਧੀ ਐ।"

ਨਾਮਾ-ਪੱਤਾ ਸੂਰਤਾ ਸਿੰਘ ਦਾ ਪਿੰਡ ਵਿੱਚ ਬਹੁਤ ਚਲਦਾ ਸੀ। ਇਸ ਕੰਮ ਵਿੱਚ ਉਹ ਐਨਾ ਚੜ੍ਹ ਗਿਆ ਸੀ ਕਿ ਕੋਈ ਬਾਣੀਆ ਵੀ ਉਹਦੇ ਮੁਕਾਬਲੇ ਵਿੱਚ ਨਹੀਂ ਸੀ। ਸਗੋਂ ਕਈ ਬਾਣੀਏ ਵੀ ਉਹਦੀ ਈਨ ਮੰਨਦੇ ਸਨ। ਸੂਰਤਾ ਸਿੰਘ ਪੈਸੇ ਦੇ ਤਾਂ ਹਰ ਇੱਕ ਨੂੰ ਦਿੰਦਾ ਸੀ, ਪਰ ਨਾਮਾ ਉਗਾਹੁਣ ਵਿੱਚ ਬੜਾ ਕਰੜਾ ਸੀ।ਜੇ ਕਿਸੇ ਨਾਲ ਝਗੜਾ ਹੋ ਜਾਂਦਾ ਤਾਂ ਫੱਟ ਓਸ ਝਗੜੇ ਨੂੰ ਕਚਹਿਰੀ ਵਿੱਚ ਲੈ ਜਾਂਦਾ। ਡਰਦਾ ਉਹਦੀ ਰਕਮ ਕੋਈ ਦਬਦਾ ਨਹੀਂ ਸੀ। ਉਸ ਨੇ ਕਈ ਘਰਾਂ ਦੀ ਕੁਰਕੀ ਕਰਵਾਈ ਸੀ।ਜਿਸ ਬੰਦੇ ਦਾ ਉਸ ਨਾਲ ਵਾਹ ਪੈ ਜਾਂਦਾ, ਉਸਨੂੰ ਤਾਂ ਉਹ ਪੂਰੀ ਤਰ੍ਹਾਂ ਮੁੰਨ ਕੇ ਛਡਦਾ। ਸੌ ਰੁਪਈਆ ਜੇ ਕਿਸੇ ਨੂੰ ਦੇਣਾ ਹੁੰਦਾ, ਤਾਂ ਨੱਬੇ ਦੇ ਕੇ ਸੌ ਲਿਖਦਾ ਤੇ ਵਿਆਜ ਵੱਖਰਾ।ਵਿਆਜ ਵੀ ਉਹਦਾ ਦੂਜਿਆਂ ਨਾਲੋਂ ਕਰੜਾ ਸੀ।

198

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ