ਵਿਆਜੂ ਰੁਪਈਆ ਤਾਂ ਕਹਿੰਦੇ ਖੱਬਲ ਵਾਂਗ ਸੂਈ ਜਾਂਦਾ ਹੈ। ਗਿੰਦਰ ਝੋਰਾ ਕਰਦਾ ਕਿ ਸੁਰ ਸਿੰਘ ਦਾ ਚਾਰ ਹਜ਼ਾਰ ਕਿਵੇਂ ਉਤਾਰਿਆ ਜਾਵੇ। ਇਕੋ ਸਾਲ ਵਿੱਚ ਉਹ ਐਨਾ ਰੁਪਈਆ ਲਾਹ ਨਹੀਂ ਸੀ ਸਕਦੇ। ਦੋ ਭਰਾ ਸਨ। ਦੋ ਬੰਦਿਆਂ ਦੀ ਕਮਾਈ ਕਿੰਨੀ ਕੁ ਹੋ ਸਕਦੀ ਹੈ। ਉਨ੍ਹਾਂ ਕੋਲ ਛੀ ਘੁਮਾਂ ਜ਼ਮੀਨ ਹੀ ਤਾਂ ਹਲ ਹੇਠਾ ਸੀ। ਕੁਝ ਜ਼ਮੀਨ ਉਹ ਹਿੱਸੇ ਉਤੇ ਲੈ ਲੈਂਦੇ ਤੇ ਕੁਝ ਠੇਕੇ ਉਤੇ। ਵਾਹੀ ਚੰਗੀ ਕਰਦੇ ਸਨ। ਜਾਨ ਤੋੜ ਕੇ ਕੰਮ ਕਰਦੇ। ਖਰਚ ਬਹੁਤ ਘੱਟ ਕਰਦੇ। ਵਿਆਹਾਂ ਵਿੱਚ ਨਾ ਜਾਣ ਕਰਕੇ ਦੋ ਤਿੰਨ ਰਿਸ਼ਤੇਦਾਰ ਵੀ ਉਨ੍ਹਾਂ ਨਾਲੋਂ ਟੁੱਟ ਗਏ ਸਨ। ਵਿਉਂਤ ਅਨੁਸਾਰ ਉਹ ਕੰਮ ਕਰਦੇ ਸਨ। ਸਣੇ ਵਿਆਜ ਇੱਕ-ਇੱਕ ਹਜ਼ਾਰ ਹਰ ਸਾਲ ਦੇਕੇ, ਉਨ੍ਹਾਂ ਨੇ ਚਾਰ-ਪੰਜ ਸਾਲਾਂ ਵਿੱਚ ਲਾਹ ਦਿੱਤਾ।
ਹੁਣ ਚਾਰ ਘੁਮਾਂ ਜ਼ਮੀਨ ਰਹਿੰਦੀ ਸੀ। ਦੋ ਘੁਮਾਂ ਜ਼ਮੀਨ ਪਹਿਲਾਂ ਜਿਹੜੀ ਉਨ੍ਹਾਂ ਦ ਪਿਓ ਨੇ ਧਰੀ ਸੀ, ਉਹ ਵੀ ਉਨ੍ਹਾਂ ਨੇ ਦੋ ਕੁ ਸਾਲਾਂ ਵਿੱਚ ਛੁਡਾ ਲਈ। ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਦਿਨ ਕਦੋਂ ਚੜ੍ਹਦਾ ਹੈ ਤੇ ਕਦੋਂ ਛਿਪਦਾ ਹੈ। ਉਹ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ।ਹੁਣ ਬੱਸ ਦੋ ਘੁਮਾਂ ਉਨ੍ਹਾਂ ਦੀ ਗਹਿਣੇ ਰਹਿੰਦੀ ਸੀ। ਉਨ੍ਹਾਂ ਦੀਆਂ ਜ਼ਨਾਨੀਆਂ ਵੀ ਬਹੁਤ ਕੰਮ ਕਰਦੀਆਂ ਖੇਤੀ-ਪੱਤੀ ਦੇ ਕੰਮ ਤੋਂ ਬਿਨਾ ਉਹ ਹੋਰ ਕੰਮ ਵੀ ਕਰਦੀਆਂ ਰਹਿੰਦੀਆਂ। ਦਰੀਆਂ ਬੁਣਦੀਆਂ।ਤਾਣੀ ਬੁਣਨ ਲਈ ਉਨ੍ਹਾਂ ਲਈ ਉਨ੍ਹਾਂ ਨੇ ਘਰ ਖੱਡੀ ਵੀ ਲਾਈ ਹੋਈ ਸੀ। ਛੋਟੀ ਬਹੁ ਘਰ ਦੇ ਕੱਪੜੇ ਮਸ਼ੀਨ ਉੱਤੇ ਆਪ ਹੀ ਸਿਉਂ ਲੈਂਦੀ ਸੀ। ਦੋਵੇਂ ਬਹੁਆਂ ਨੇ ਨਾ ਕਦੇ ਰੱਜ ਕੇ ਖਾਧਾ ਸੀ ਤੇ ਨਾ ਕਦੇ ਜੀਅ ਭਰ ਕੇ ਹੰਢਾਇਆ ਸੀ। ਉਹ ਵੀ ਆਪਣੇ ਆਦਮੀਆਂ ਵਾਂਗ ਹੀ ਦੇਹ ਵੇਲਦੀਆਂ ਰਹਿੰਦੀਆਂ। ਸੁਭਾਅ ਦੀਆਂ ਪੁੱਜ ਕੇ ਚੰਗੀਆਂ।ਕਦੇ ਕੋਈ ਬਹੁ ਕਿਸੇ ਨਾਲ ਲੜਦੀ ਨਹੀਂ ਸੀ। ਵਿਹੜਕੀ ਦੀਆਂ ਸਾਰੀਆਂ ਬੜੀਆਂ ਉਨਾਂ ਬਹਆਂ ਨੰ ਸਰਾਹ ਨਹੀਂ ਸਨ ਰਜਦੀਆਂ। ਕੰਮ ਦੀ ਧੁੰਮ ਪਾ ਰੱਖੀ ਸੀ, ਉਨ੍ਹਾਂ ਨੇ। ਵੱਡੀ ਬਹੂ ਤਾਂ ਬਾਹਰ ਅੰਦਰ ਕੰਮ ਵਿੱਚ ਨੜੇ ਵਾਂਗ ਉਧੜਦੀ ਫਿਰਦੀ।
ਨਾ ਗਿੰਦਰ ਮੁੰਡਿਆਂ ਵਰਗਾ ਮੁੰਡਾ ਸੀ ਤੇ ਨਾ ਚੰਦ ਮੁੰਡਿਆਂ ਵਰਗਾ ਮੁੰਡਾ ਸੀ। ਦੋਵੇਂ ਭਰਾਵਾਂ ਨੇ ਸ਼ਰਾਬ ਕਦੇ ਮੂੰਹ ਉਤੇ ਧਰ ਕੇ ਨਹੀਂ ਸੀ ਦੇਖੀ। ਸ਼ਰਾਬ ਪੀਣ ਵਾਲੇ ਉਲੱਥ ਮੁੰਡਿਆਂ ਦੀ ਢਾਣੀ ਵਿੱਚ ਬੈਠਣ ਤੋਂ ਉਹ ਬਹੁਤ ਸੰਗਦੇ। ਕਿਸੇ ਕੋਲ ਖੜ੍ਹਨ ਬੈਠਣ ਦੀ ਉਨ੍ਹਾਂ ਕੋਲ ਵਿਹਲ ਵੀ ਕਦੋਂ ਸੀ। ਉਨ੍ਹਾਂ ਨੇ ਕਦੇ ਮਾਸ-ਮਿੱਟੀ ਨੂੰ ਮੂੰਹ ਵੀ ਨਹੀਂ ਸੀ ਲਾਇਆ। ਅਗਵਾੜ ਦੇ ਕਈ ਛੁਰਛੁਰੇ ਮੁੰਡੇ ਬੱਕਰਾ ਵੱਢ ਕੇ ਰਿੰਨ੍ਹ-ਬਿੰਨ੍ਹ ਖਾਂਦੇ।ਘਰ ਦੀ ਕੱਢੀ ਸ਼ਰਾਬ ਪੀਂਦੇ। ਪਰ ਗਿੰਦਰ ਤੇ ਚੰਦ ਹੋਰਾਂ ਦਾ, ਜੇ ਕਦੀ ਬਹੁਤਾ ਜੀਅ ਲਲਚਾਉਂਦਾ, ਤਾਂ ਮੱਕੀ ਜਾਂ ਛੋਲਿਆਂ ਦੇ ਦਾਣੇ ਭੁੰਨਾ ਕੇ ਗੁੜ ਨਾਲ ਚੱਬ ਲੈਂਦੇ। ਕਣਕ ਦੇ ਮਰੀਂਡੇ, ਘਾਠ, ਤਿਲਾਂ ਦੇ ਤਿਲੋਏ ਤੇ ਮੱਕੀ ਦੇ ਭੂਤ-ਪਿੰਨ ਉਨ੍ਹਾਂ ਲਈ ਛੱਤੀ-ਪਦਾਰਥ ਸਨ। ਲਵੇਰੀ ਮੱਝ ਹਮੇਸ਼ਾਂ ਹੀ ਉਨ੍ਹਾਂ ਦੇ ਕਿੱਲੇ ਉਤੇ ਰਹਿੰਦੀ ਸੀ। ਸਾਰਾ ਟੱਬਰ ਖੱਟੀ ਲੱਸੀ ਕੜਿਆ ਦੁੱਧ ਪੀਂਦਾ-ਡੱਕਵਾਂ। ਅਗਵਾੜ ਦੇ ਚੱਕਵੇਂ ਮੁੰਡੇ ਦੋਵੇਂ ਭਰਾਵਾਂ ਨੂੰ ਕਿਸੇ ਗੱਲ ਵਿੱਚ ਪਤੀਜਦੇ ਨਹੀਂ ਸਨ। ਕੋਈ ਵੀ ਗੱਲ ਛਿੜਦੀ ਤੇ ਜੇ ਗੱਲ ਗਿੰਦਰ ਦੇ ਘਰ ਉਤੇ ਆ ਜਾਂਦੀ, ਤਾਂ ਮਖੌਲ ਵਿੱਚ ਉਹ ਉਨ੍ਹਾਂ ਨੂੰ ਕਹਿੰਦੇ-ਓਏ, ਉਹ ਕੀ ਕਰਨਗੇ, ਖੱਟੀ ਲੱਸੀ ਪੀਣ ਵਾਲੇ?'
ਖੱਟੀ ਲੱਸੀ ਪੀਣ ਵਾਲੇ
199