ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/200

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੀਵਾਲੀ ਦੀ ਰਾਤ ਸੀ। ਚਾਰ ਪੰਜ ਮੁੰਡੇ ਇੱਕ ਮੁੰਡੇ ਦੇ ਬਾਹਰਲੇ ਘਰ, ਘਰ ਦੀ ਸ਼ਰਾਬ ਪੀ ਰਹੇ ਸਨ ਤੇ ਬੱਕਰਾ ਵੀ ਓਥੇ ਹੀ ਰਿੰਝ ਰਿਹਾ ਸੀ। ਗਿੰਦਰ ਨੂੰ ਉਸ ਰਾਤ ਮੋਘੇ ਦਾ ਪਾਣੀ ਮਿਲਣਾ ਸੀ। ਉਹਨੂੰ ਇੱਕ ਕਹੀ ਦੀ ਲੋੜ ਸੀ। ਉਹ ਉਸ ਮੁੰਡੇ ਦੇ ਬਾਹਰਲੇ ਘਰ ਕਹੀ ਮੰਗਣ ਗਿਆ, ਤਾਂ ਉਸ ਢਾਣੀ ਨੇ ਉਸਨੂੰ ਓਥੇ ਹੀ ਫੜ ਲਿਆ-ਬਾਈ ਗਿੰਦਰਾ, ਇੱਕ ਹਾੜਾ ਲਾ ਲੈ। ਗਿੰਦਰ ਕਹਿੰਦਾ-ਢਾਡੀ ਆਲੀ ਆਣ ਐ ਜੇ ਕਦੇ ਮੂੰਹ `ਤੇ ਧਰੀ ਹੋਵੇ।" ਇੱਕ ਸ਼ਰਾਬੀ, ਜਿਸਨੇ ਸਭ ਤੋਂ ਵਧ ਪੀਤੀ ਹੋਈ ਸੀ, ਕਹਿੰਦਾ ਐਧਰ, ਆਸ਼ਕਾਂ ਨੂੰ ਦੇਹ, ਇਹ ਖੱਟੀ ਲੱਸੀ ਪੀਣ ਆਲਾ ਕੀ ਕਰੂ?? ਤੇ ਗਲਾਸ ਫੜਕੇ ਗੱਟ-ਗੱਟ ਚਾੜ੍ਹ ਗਿਆ।

ਇੱਕ ਵਾਰੀ ਚੋਲੇ ਵਾਲੇ ਬਾਬੇ ਦੇ ਡੇਰੇ, ਭੜੀਅ ਪਾਉਣ ਸਾਰਾ ਅਗਵਾੜ ਗਿਆ। ਜਦ ਆਥਣ ਜਿਹਾ ਹੋ ਗਿਆ, ਮੁੰਡੇ ਜਿਦ ਪਏ, ਅਕੇ ਸਭ ਤੋਂ ਵੱਧ ਮਿੱਟੀ ਦਾ ਭਰਿਆ ਟੋਕਰਾ ਕਿਹੜਾ ਮੁੰਡਾ ਚੱਕ ਕੇ ਬਾਬੇ ਦੀ ਸਮਾਧ ਵਾਲੇ ਚੌਂਤਰੇ ਉਤੇ ਲਿਜਾ ਸਕਦਾ ਹੈ। ਜਿੱਥੋਂ ਮਿੱਟੀ ਪੁੱਟ ਕੇ ਟੋਕਰਾ ਭਰਨਾ ਸੀ, ਓਥੋਂ ਬਾਬੇ ਦੀ ਸਮਾਧ ਕੋਈ ਸੌ ਕਦਮ ਦੂਰ ਸੀ। ਉਨ੍ਹਾਂ ਕੋਲ ਇੱਕ ਐਸਾ ਤਕੜਾ ਨਰੋਆ ਤੇ ਚੌੜਾ ਟੋਕਰਾ ਸੀ, ਜਿਸ ਵਿੱਚ ਪੰਜ-ਮਣ ਤੋਂ ਵੱਧ ਵੀ ਮਿੱਟੀ ਪੈ ਸਕਦੀ ਸੀ। ਇੱਕ ਮੁੰਡੇ ਨੇ ਟੋਕਰਾ ਖ਼ਾਸਾ ਹੀ ਭਰ ਦਿੱਤਾ। ਟੋਕਰਾ ਉਹ ਕਿਸੇ ਤੋਂ ਨਾ ਹਿਲਿਆ। ਸਾਰੇ ਖੜੇ ਦੇਖੀ ਜਾਣ। ਚੰਦ ਨੇ ਚਹੁੰ ਮੁੰਡਿਆਂ ਤੋਂ ਟੋਕਰਾ ਚੁਕਵਾ ਕੇ ਆਪਣੇ ਸਿਰ ਉੱਤੇ ਧਰਿਆ ਤੇ ਬਾਬੇ ਦੇ ਚੌਂਤਰੇ ਉਤੇ ਔਹ ਜਾ ਕੇ ਮੁਧਾ ਮਾਰਿਆ। ਸਾਰਾ ਇਕੱਠ ਹੈਰਾਨ ਰਹਿ ਗਿਆ-ਸਾਲਿਓ, ਖੱਟੀ ਲੱਸੀ ਪੀਣ ਆਲਾ ਈ ਨਿੱਤਰ ਗਿਆ।'

ਦੋਵੇਂ ਭਰਾ ਕਮਾਈ ਕਰਦੇ ਸਨ, ਬੇਥਾਹ। ਨਾ ਕਿਸੇ ਦਾ ਕੁਝ ਡੋਲ੍ਹਦੇ,ਨਾ ਵਿਗਾੜਦੇ। ਕਿਸੇ ਨਾਲ ਕਦੇ ਲੜੇ ਨਹੀਂ ਸਨ। ਕਿਸੇ ਨਾਲ ਕੋਈ ਝਗੜਾ ਨਹੀਂ ਸੀ ਪਾਇਆ। ਸਾਰਾ ਅਗਵਾੜ ਉਨ੍ਹਾਂ ਨੂੰ ਸਮਝਦਾ ਸੀ ਕਿ ਇਹ ਮੁੰਡੇ ਤਾਂ ਦੇਵਤਾ ਹਨ।

ਦੋਵੇਂ ਭਰਾ ਹੁਣ ਏਸੇ ਫ਼ਿਕਰ ਵਿੱਚ ਰਹਿੰਦੇ ਕਿ ਕਿਵੇਂ ਦੋ ਘਮਾਂ ਜ਼ਮੀਨ ਸਰਤਾ ਸਿੰਘ ਕੋਲੋਂ ਛੁਡਵਾਈ ਜਾਵੇ। ਦੋ ਹਜ਼ਾਰ ਦੀ ਸਾਰੀ ਗੱਲ ਸੀ। ਜਿਥੇ ਉਨ੍ਹਾਂ ਨੇ ਚਾਰ ਹਜ਼ਾਰ ਲਾਹ ਦਿੱਤਾ ਸੀ ਤੇ ਮਗਰੋਂ ਦੋ ਘੁਮਾਂ ਛੁਡਵਾ ਵੀ ਲਈ ਸੀ ਤਾਂ ਹੁਣ ਉਨ੍ਹਾਂ ਨੂੰ ਦੋ ਹਜ਼ਾਰ ਦੇਣਾ ਕੀ ਬਾਹਲਾ ਸੀ। ਉਨ੍ਹਾਂ ਨੇ ਹੌਲੀ-ਹੌਲੀ ਦੋ ਹਜ਼ਾਰ ਇਕੱਠਾ ਕੀਤਾ ਤੇ ਸੂਰਤਾ ਸਿੰਘ ਨੂੰ ਕਿਹਾ ਕਿ ਉਹ ਆਪਣੀ ਰਕਮ ਖ਼ਰੀ ਕਰੇ ਤੇ ਜ਼ਮੀਨ ਛੱਡੇ।

ਸੂਰਤਾ ਸਿੰਘ ਪਰ ਲੱਤ ਨਹੀਂ ਸੀ ਲਾਉਂਦਾ। ਉਹਦਾ ਵਤੀਰਾ ਸੀ ਕਿ ਜੇ ਕੋਈ ਉਹਦਾ ਵਿਆਜ ਨਾ ਮੋੜਦਾ, ਜਾਂ ਅਸਲ ਰਕਮ ਵਿੱਚੋਂ ਬਿਲਕੁਲ ਹੀ ਨਾ ਝੜਦਾ, ਤਾਂ ਉਹ ਉਸ ਨੂੰ ਨਿੱਠ ਕਰੀ ਰੱਖਦਾ ਪਰ ਜੇ ਕੋਈ ਆਪਣਾ ਸਾਰਾ ਹਿਸਾਬ-ਕਿਤਾਬ ਉਸ ਨਾਲ ਮੁਕਦਾ ਕਰਨਾ ਚਾਹੁੰਦਾ, ਤਾਂ ਉਸ ਨੂੰ ਸੱਤੇ ਕੱਪੜੇ ਅੱਗ ਲੱਗ ਜਾਂਦੀ। ਉਸ ਨੂੰ ਆਪਣੀ ਸਾਰੀ ਹੱਥਾਂ ਵਿਚੋਂ ਨਿਕਲ ਗਈ ਲੱਗਦੀ।

ਗਿੰਦਰ ਨੇ ਸਰਤਾ ਸਿੰਘ ਨੂੰ ਬਹੁਤ ਵਾਰੀ ਕਿਹਾ ਕਿ ਉਹ ਆਪਣਾ ਦੋ ਹਜ਼ਾਰ ਖ਼ਰਾ ਦੁੱਧ ਵਰਗਾ ਲੈ ਲਵੇ ਤੇ ਜ਼ਮੀਨ ਦਾ ਕਬਜ਼ਾ ਛੱਡ ਦੇਵੇ, ਪਰ ਹਰ ਵਾਰੀ ਸੁਰਤਾ ਸਿੰਘ ਟਾਲ-ਮਟੋਲ ਕਰਦਾ ਸੀ।

200
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ