ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/201

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਦਿਨ ਪਾ ਕੇ ਸੂਰਤਾ ਸਿੰਘ ਆਪਣੀ ਬਹੀ ਕੱਢ ਲਿਆਇਆ। ਧੀਰੂ ਮੱਲ ਸੇਠ ਦੀ ਦੁਕਾਨ ਉਤੇ ਉਸ ਨੇ ਗਿੰਦਰ ਨੂੰ ਬੁਲਵਾ ਲਿਆ। ਕਹਿੰਦਾ-‘ਗਿੰਦਰ ਸਿਆਂ, ਦੋ ਸਾਲ ਹੋ ਗੇ, ਆਪਾਂ ਨੂੰ, ਨਾਮ ਕਰੇ ਨੂੰ। ਇੱਕ ਹਜ਼ਾਰ ਤੇਰੇ ਕੰਨੀ ਅਜੇ ਖੜੈ, ਪਹਿਲਾਂ ਇਹ ਨਿਬੇੜ ਲੈ-ਨਿਬੇੜਨੈ , ਨਿਬੇੜ ਲੈ ਜਾਂ ਨਾਮਾਂ ਕਰਨੈ, ਨਾਮਾਂ ਕਰ ਲੈ।

ਸੁਰ ਸਿੰਘ ਦੇ ਬੋਲ ਸੁਣਕੇ ਗਿੰਦਰ ਦੀਆਂ ਪੁਤਲੀਆਂ ਭੁੱਖਣ ਲੱਗ ਪਈਆਂ। ਇਹ ਗੱਲ ਜਿਵੇਂ ਉਸ ਨੂੰ ਸਮਝ ਨਹੀਂ ਸੀ ਆਈ।ਲਾਲਾ ਵੀ ਵਹੀ ਨੂੰ ਪੜ੍ਹਕੇ ਇਹੀ ਗੱਲ ਕਹਿ ਰਿਹਾ ਸੀ। ਸੂਰਤਾ ਸਿੰਘ ਇਉਂ ਬੋਲ ਰਿਹਾ ਸੀ, ਜਿਵੇਂ ਸੱਚਮੁੱਚ ਹੀ ਇੱਕ ਹਜ਼ਾਰ ਵਿਆਜੁ ਰੁਪਈਆ ਅਜੇ ਰਹਿੰਦਾ ਹੋਵੇ। ਗਿੰਦਰ ਦੇ ਮੱਥੇ ਵਿੱਚ ਠੱਕ-ਠੱਕ ਹੋਣ ਲੱਗ ਪਈ। ਉਸਨੂੰ ਕਿਸੇ ਵੀ ਗੱਲ ਤੇ ਯਕੀਨ ਨਹੀਂ ਸੀ ਆ ਰਿਹਾ। ਵਿਆਜੁ ਰੁਪਈਆ ਦਾ ਸਾਰਾ ਹਿਸਾਬ-ਕਿਤਾਬ ਹੱਥਨੀ ਵਰਗੀ ਮਹਿੰ ਦੇ ਕੇ ਉਸ ਨੇ ਮੁਕਾ ਤਾਂ ਦਿੱਤਾ ਸੀ। ਇਹ ਇੱਕ ਹਜ਼ਾਰ ਕਿਥੋਂ ਨਿਕਲ ਆਇਆ? ਨਾਮੇ-ਪੱਤੇ ਦੀ ਸਾਰੀ ਲਿਖਤ-ਪੜਤ ਧੀਰ ਮੱਲ ਹੀ-ਸਾਰੇ ਅਗਵਾੜੇ ਦੀ ਕਰਕੇ ਦਿੰਦਾ। ਗਿੰਦਰ ਦਾ ਮੱਥਾ ਠਣਕਿਆਂ ਕਿ ਇਹ ਸਾਰੀ ਠੱਗੀ ਸੂਰਤਾ ਸਿੰਘ ਨੇ ਧੀਰੂ ਮੱਲ ਨਾਲ ਰਲ ਕੇ ਕੀਤੀ ਐ। ਧੀਰੂ ਮੱਲ ਕਿਹੜਾ ਦੁੱਧ-ਧੋਤਾ ਸੀ। ਗਿੰਦਰ ਸਿਉਣੇ ਮੁੰਹ ਉੱਠ ਕੇ ਘਰ ਨੂੰ ਆ ਗਿਆ।

ਦੋ ਹਜ਼ਾਰ ਰੁਪਈਆ ਗਹਿਣੇ ਵਾਲਾ ਉਸ ਨੇ ਸਰਪੰਚ ਕੋਲ ‘ਮਾਨਤ ਰੱਖ ਦਿੱਤਾ। ਦੋ ਘੁਮਾਂ ਗਹਿਣੇ ਵਾਲੀ ਜ਼ਮੀਨ ਵਿੱਚ ਸੂਰਤਾ ਸਿੰਘ ਨੇ ਵਹਾ ਕੇ ਸੁਹਾਗੀ ਮਰਵਾਈ ਪਈ ਸੀ। ਜ਼ਮੀਨ ਫ਼ਸਲ ਬੀਜਣ ਦੇ ਵੱਤ ਸੀ। ਪਹਿਰ ਦੇ ਤੜਕੇ ਉਠ ਕੇ ਦਰ ਤੇ ਚੰਦ ਨੇ ਜਾਕੇ, ਉਸ ਵਿੱਚ ਮੋਟੇ-ਮੋਟੇ ਨੱਕ ਵਾਲੀ ਮੱਕੀ ਬੀਜ ਦਿੱਤੀ।

ਮੱਕੀ ਬੀਜ ਕੇ ਦੋਵੇਂ ਭਰਾ ਘਰ ਨੂੰ ਜਦ ਆ ਰਹੇ ਸਨ, ਤਾਂ ਉਹ ਉੱਚੀ-ਉੱਚੀ ਬੋਲਦੇ ਸਨ, ਜਿਵੇਂ ਉਨ੍ਹਾਂ ਨੂੰ ਕਿਸੇ ਪਰੇਤ ਦੀ ਕਸਰ ਹੋ ਗਈ ਹੋਵੇ।ਗਿੰਦਰ ਬੋਲ ਰਿਹਾ ਸੀ-ਹੱਕ ਦੀ ਗੱਲ ਤੇ ਸੀਸ ਦੇ ਦਿਆਂਗੇ ਚੰਦ ਕੂਕ ਰਿਹਾ ਸੀ-ਤਲਾ ਮੂਲ ਪੱਟ ਦਿਆਂਗੇ ਸੁਰਤੇ ਦਾ। ਸਮਝਦਾ ਕੀਹ ਐ?'

ਸਾਰੇ ਪਿੰਡ ਵਿੱਚ ਚਰਚਾ ਛਿੜ ਗਈ-ਖੱਟੀ ਲੱਸੀ ਪੀਣ ਵਾਲਿਆਂ ਨੇ ਹੱਦ ਕਰਤੀ ਬਈ।' *

ਖੱਟੀ ਲੱਸੀ ਪੀਣ ਵਾਲੇ

201