ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/204

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਕੁੜੀ ਨੇ ਮੇਰੇ ਵਾਲੇ ਮੰਜੇ ਦੀ ਪੈਂਟ ਵਲ ਸੇਰਵੇ ਉੱਤੇ ਆਪਣੀ ਸੱਜੀ ਟੰਗ ਧਰ ਲਈ ਸੀ। ਗੋਡੇ ਉੱਤੇ ਕੂਹਣੀ ਤੇ ਹਥੇਲੀ ਉੱਤੇ ਠੋਡੀ ਰੱਖ ਕੇ ਉਹ ਇੱਕ ਟੰਗ ਦੇ ਭਾਰ ਖੜ੍ਹੀ ਸੀ। ਗੱਲ ਕਰਦੀ ਤਾਂ ਉਹਦੇ ਕੰਨਾਂ ਦੇ ਕਾਂਟੇ ਉਹਦੀਆਂ ਗੱਲਾਂ ਨੂੰ ਛੋਹ ਜਾਂਦੇ। ਇਸ ਤਰ੍ਹਾਂ ਨਾਲ ਉਹ ਬਹੁਤ ਪਿਆਰੀ ਲੱਗ ਰਹੀ ਸੀ।

ਹੌਲੀ-ਹੌਲੀ ਰਿਸਕਦੀਆਂ ਦੂਜੀਆਂ ਕੁੜੀਆਂ ਵੀਚੁਬਾਰੇ ਦਾ ਬਾਰ ਟੱਪ ਆਈਆਂ ਸਨ।

ਮੈਂ ਕੁਝ ਨਹੀਂ ਸੀ ਬੋਲ ਰਿਹਾ।

"ਇਉਂ ਤਾਂ ਅਸੀਂ ਤਿੰਨੇ ਵੰਡ ਲਾਂਗੇ ਥੋਨੂੰ।ਰੁਪਈਆ ਲਈ ਜਾਇਓ ਤੇ ਪੱਕੀਆਂ ਸਾਲੀਆਂ ਬਣਦੀਆਂ ਜਾਇਓ। ਮੱਖਣ ਹੌਸਲਾ ਫੜ ਚੁਕਿਆ ਸੀ। ਮੈਨੂੰ ਕੁਝ ਆਸਰਾ ਜਿਹਾ ਹੋਇਆ ਕਿ ਹੁਣ ਕੁਝ ਨਾ ਕੁਝ ਮੋੜ ਜ਼ਰੂਰ ਦਿੰਦਾ ਰਹੇਗਾ।

ਸਾਰੀਆਂ ਜਣੀਆਂ ਹਿੜ ਹਿੜ ਕਰ ਕੇ ਹੱਸ ਪਈਆਂ। ਇੱਕ ਬੋਲੀ-"ਲੈ ਕੁੜੇ ਮੁੰਹ ਦੇਖ ਏਹਦਾ ਰੁਪਈਆ ਦੇਣ ਆਲੇ ਦਾ। ਰੁਪਈਆ ਜੇਬ ’ਚ ਹੈ ਵੀ ਤੇਰੇ, ਛਿਲਕਾਂ ਦਿਆਂ ਘੋੜਿਆ?"

ਮੇਰੀ ਪੈਂਦ ਕੋਲ ਇੱਕ ਟੰਗ ਦੇ ਭਾਰ ਖੜੀ ਕੁੜੀ ਨੇ ਮੰਜੇ ਉਤੋਂ ਪੰਨਿਆਂ ਵਾਲੀ ਪੱਖੀ ਚੁੱਕ ਕੇ ਮੇਰੇ ਮੋਢੇ ਨੂੰ ਠਕੋਰਿਆ, "ਮਹਿੰਦੀ ਦੱਸ ਕੀਹਤੋਂ ਲਟੌਣੀ ਐਂ?"

"ਤੂੰ ਹੀ ਲਾ ਦੀ।" ਮੇਰੇ ਮੂੰਹੋਂ ਨਿਕਲਿਆ।

ਹੋਰ ਸਭ ਕੁੜੀਆਂ ਚੁੱਪ ਹੋ ਗਈਆਂ। ਮੈਂ ਮਹਿਸੂਸ ਕੀਤਾ ਜਿਵੇਂ ਉਨ੍ਹਾਂ ਨੂੰ ਉਸ ਕੁੜੀ ਨਾਲ ਈਰਖਾ ਹੋ ਗਈ ਹੋਵੇ।

"ਨੀ ਤੂੰ ਲਾਹ ਥੀਂ ਚਾਅ ਮਹਿੰਦੀ ਲਾ ਕੇ। ਅਸੀਂ ਰੁਪਈਆਂ ਦੀਆਂ ਭੁੱਖੀਆਂ ਨੀ ਵਿਰਦੀਆਂ।"

"ਨੀ ਵਿੰਦਰ, ਆਹ ਖਾਂ... ਜ਼ਾ ਤਾਂ ਜਮਾਂ ਤੇਰੇ ਪਰੌਹਣੇ ਅਰਗੈ।" ਇੱਕ ਕੁੜੀ ਨੇ ਇੱਕ ਟੰਗ ਦੇ ਭਾਰ ਖੜੀ ਕੁੜੀ ਦਾ ਦਾ ਧਿਆਨ ਮੱਖਣ ਵਲ ਕੀਤਾ।

ਤਾਂ ਮੇਰੇ ਤਾਂ ਮਹਿੰਦੀ ਤੂੰਈਂ ਲਾਈਂ।" ਮੱਖਣ ਨੇ ਵਿੰਦਰ ਨੂੰ ਕਿਹਾ। ਵਿੰਦਰ ਦਾ ਹਉਕਾ ਨਿਕਲ ਗਿਆ। ਉਸਨੇ ਆਪਣੀ ਟੰਗ ਮੰਜੇ ਉਤੋਂ ਥੱਲੇ ਲਾਹ ਲਈ ਤੇ ਨਿਰੁਕਰ ਹੋ ਕੇ ਖੜ੍ਹੀ ਰਹੀ।

"ਨੀ ਕਿਉਂ ਔਦਿਆਂ ਨੂੰ ਈ ਜੱਫਾ ਪਾਲਿਆ ਤੁਸੀਂ। ਪਾਣੀ ਧਾਣੀ ਤਾਂ ਪੀ ਲੈਣ ਦਿਓ ਇਨ੍ਹਾਂ ਨੂੰ ਮੇਰੀ ਸੱਸ ਨੇ ਪੌੜੀਆਂ ਵਿਚੋਂ ਹੀ ਹੋਕਰਾ ਮਾਰਿਆ।

"ਤਾਈ, ਅਸੀਂ ਤੇਰੇ ਜਵਾਈ ਨੂੰ ਜੇਬ ਚ ਪਾ ਕੇ ਤਾਂ ਨੀ ਲੈ ਜਾਂ ਗੀਆਂ। ਵਿੰਦਰ ਨੇ ਕਿਹਾ।

"ਨਾ ਭਾਈ, ਪਹਿਲਾਂ ਪਾਣੀ ਧਾਣੀ ਪੀ ਲੈਣ ਦਿਓ, ਨਾ ਧੋ ਲੈਣ ਦਿਓ। ਮਹਿੰਦੀ ਲੌਣ ਆਈਆਂ ਮਿਟਾ ਲਿਓ ਸਿੱਕਾਂ। ਸੱਸ ਨੇ ਉਨ੍ਹਾਂ ਨੂੰ ਜਾਣ ਲਈ ਆਖਿਆ।

"ਚੱਲੋ ਨੀ ਚੱਲੋ।ਤਾਈ ਦਾ ਈ ਆਇਆ ਜਮਾਈ, ਖਰਾ ਅਨੋਖਾ।" ਇੱਕ ਵੱਡੀ ਉਮਰ ਦੀ ਕੁੜੀ ਨੇ ਕਿਹਾ ਤੇ ਆਪਣੀ ਗੋਦੀ ਚੁੱਕੇ ਹੋਏ ਜਵਾਕ ਦੀ ਨਲੀ ਪੂੰਝ ਕੇ ਕੰਧ ਨਾਲ ਮਲ ਦਿੱਤੀ।

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ

204