ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/205

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੂਰਜ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਤੋਂ ਥੱਲੇ ਉੱਤਰ ਰਿਹਾ ਸੀ, ਚੇਤ-ਵਿਸਾਖ ਦੇ ਦਿਨ ਸਨ। ਬਾਰਾਂ-ਤੇਰਾ ਕੋਹ ਰਥ ਵਿੱਚ ਬੈਠਿਆਂ ਦੇ ਪਾਸੇ ਦੁਖਣ ਲੱਗ ਪਏ ਸਨ ਕੋਸੇ ਪਾਣੀ ਨਾਲ ਅਸੀਂ ਹੱਥ ਮੂੰਹ ਧੋਤਾ ਤੇ ਚਾਹ ਪੀਣ ਲੱਗ ਪਏ।

ਆਥਣ ਦੇ ਸੰਧੂਰੀ ਚਾਨਣ ਵਿੱਚ ਕਾਲਖ ਘੁਲਣ ਲੱਗੀ ਤਾਂ ਅਸੀਂ ਬੋਤਲ ਦਾ ਡੱਟ ਪੱਟ ਲਿਆ।

ਥਾਲੀ ਵਿੱਚ ਮਹਿੰਦੀ ਘੋਲ ਕੇ ਜਦ ਕੁੜੀਆਂ ਆਈਆਂ, ਅਸੀਂ ਜਭਲੀਆਂ ਮਾਰ ਰਹੇ ਸਾਂ। ਪਹਿਲੇ ਤੋੜ ਦੀ ਕੱਢੀ ਬੋਤਲ ਮੱਖਣ ਪਿੱਛੋਂ ਹੀ ਲੈ ਆਇਆ ਸੀ।

ਪਤਾ ਨਹੀਂ, ਕੁੜੀਆਂ ਕੀ ਕੀ ਬੋਲਦੀਆਂ ਰਹੀਆਂ ਤੇ ਅਸੀਂ ਉਨ੍ਹਾਂ ਨੂੰ ਕੀ ਜਵਾਬ ਦਿੰਦੇ ਰਹੇ।ਸਾਡੇ ਕਮਲਵਾਅ ਤੋਂ ਜਿੱਤ ਕੇ ਉਨ੍ਹਾਂ ਨੇ ਸਾਡੀਆਂ ਹਥੇਲੀਆਂ ਉੱਤੇ ਮਹਿੰਦੀ ਦੀ ਇੱਕ ਇੱਕ ਗਲੀ ਧਰੀ ਤੇ ਪੌੜੀਆਂ ਉੱਤਰ ਗਈਆਂ।

ਵਿੰਦਰ ਨੂੰ ਸ਼ਾਇਦ ਮੈਂ ਪੰਜ ਰੁਪਏ, ਮਹਿੰਦੀ ਲਵਾਈ ਦੇ ਦਿੱਤੇ ਸਨ।

ਕੁੜੀਆਂ ਪੌੜੀਆਂ ਉਤਰੀਆਂ ਤਾਂ ਦੇਸੂ ਤੇ ਮੱਖਣ ਨੇ ਮਹਿੰਦੀ ਵਾਲੇ ਹੱਥ ਕੰਧਾਂ ਨਾਲ ਘਸਾ ਦਿੱਤੇ। "ਮੇਰਾ ਹੱਥ ਤਾਂ ਲੈ ਕੰਜਰ ਦੀਆਂ ਕੱਟੇ ਦੀ ਮੋਕ ਨਾਲ ਲਬੇੜ ਗਈਆਂ। ਹਥੇਲੀ ਨੂੰ ਨੱਕ ਕੋਲ ਕਰ ਕੇ ਮੱਖਣ ਨੇ ਕਿਹਾ।

"ਓਏ ਮੈਨੂੰ ਵੀ ਲਗਦੈ।" ਦੇਸੂ ਨੇ ਹੁੰਗਾਰਾ ਭਰਿਆ। ਅਸੀਂ ਅੱਧਾ ਘੰਟਾ ਉੱਚੀਉੱਚੀ ਹੱਸਦੇ ਰਹੇ। ਇੱਕ-ਇੱਕ ਪੈੱਗ ਮੱਖਣ ਨੇ ਹੋਰ ਪਾਇਆ। ਮੈਂ ਪੀਤਾ। ਮੇਰੇ ਤਾਂ ਜਿਵੇਂ ਪੈਰ ਚੁੱਕੇ ਗਏ। ਬਹੁਤੀ ਸ਼ਰਾਬ ਮੈਨੂੰ ਸੁਖਾਂਦੀ ਨਹੀਂ ਸੀ।

ਰੋਟੀ ਅਸੀਂ ਅੱਧ-ਪਚੱਧ ਜਿਹੀ ਖਾਧੀ। ਨਾ ਖਾਣ ਵਰਗੀ ਹੀ।

ਦੇਸੂ ਤੇ ਮੱਖਣ ਤਾਂ ਚੁਬਾਰੇ ਮੂਹਰੇ ਮੰਜਿਆਂ ਉੱਤੇ ਬਿਸਤਰਾ ਵਿਛਾ ਕੇ ਪੈ ਗਏ। ਮੈਨੂੰ ਮੇਰੀ ਸੱਸ ਨੇ ਥੱਲੇ ਸੱਦ ਲਿਆ।

ਸ਼ਰਾਬ ਉਤੋਂ ਦੀ ਹੋ ਗਈ ਸੀ। ਮੈਨੂੰ ਗੱਲ ਨਹੀਂ ਸੀ ਔੜ ਰਹੀ। ਬੁੱਘ ਬੁੱਘ ਕਰ ਕੇ ਸਭ ਖਾਧਾ ਪੀਤਾ ਮੇਰੇ ਅੰਦਰੋਂ ਬਾਹਰ ਹੋ ਗਿਆ। ਬੇਸੁੱਧ ਹੋ ਕੇ ਦਰਵਾਜ਼ੇ ਵਿੱਚ ਡਹੇ ਪਏ, ਇੱਕ ਮੰਜੇ ਉੱਤੇ ਮੈਂ ਢੇਰੀ ਹੋ ਗਿਆ। ਅਜੇ ਵੀ ਮੈਨੂੰ ਉਲਟੀਆਂ ਆ ਰਹੀਆਂ ਸਨ।

ਅਮਰਜੀਤ, ਮੇਰੀ ਪਤਨੀ, ਮਾਪਿਆਂ ਦੀ ਇਕੱਲੀ ਧੀ ਸੀ। ਭਾਈ ਵੀ ਕੋਈ ਨਹੀਂ ਸੀ। ਸਹੁਰਾਰੋਟੀ ਖਾ ਕੇ ਬਾਹਰਲੇ ਘਰ ਡੰਗਰਾਂ ਕੋਲ ਜਾਪਿਆ ਸੀ, ਸੱਸ ਰਾਹੀਂ ਕਿਹੜੇ ਧੰਦਿਆਂ ਵਿੱਚ ਫਸੀ ਹੋਈ ਸੀ। ਉਸ ਨੇ ਚੁਬਾਰੇ ਵਿਚੋਂ ਥੱਲੇ ਮੈਨੂੰ ਸੱਦ ਤਾਂ ਲਿਆ ਸੀ, ਪਰ ਅਜੇ ਗੱਲ ਕੋਈ ਨਹੀਂ ਸੀ ਕੀਤੀ। ਮੈਨੂੰ ਉਲਟੀਆਂ ਆ ਰਹੀਆਂ ਸਨ। ਸੁੱਕੇ ਬੁੱਤ ਆਉਂਦੇ ਤਾਂ ਜਿਵੇਂ ਮੇਰਾ ਕਾਲਜਾ ਇਕੱਠਾ ਹੋ ਜਾਂਦਾ। ਮੈਂ ਔਖਾਂ ਸਾਂ। ਸਰਤ ਵੀ ਕੋਈ ਨਹੀਂ ਸੀ। ਸ਼ਰਾਬ ਤੇਜ਼ ਸੀ ਮੈਂ ਪੀਵੀ ਬਹੁਤ ਹੀ ਲਈ ਸੀ। ਦਰਵਾਜ਼ੇ ਵਿੱਚ ਮੰਜੇ ਉਤੇ ਪਿਆ ਮੈਂ ਜ਼ਖ਼ਮੀ ਸੱਪ ਵਾਂਗ ਮੇਲ਼ ਰਿਹਾ ਸਾਂ। ਕਦੇ ਉਸ ਬਾਹੀ ਨਾਲ, ਕਦੇ ਉਸ ਨਾਲ। 

ਪਾਣੀ ਦੀ ਗੜਵੀ ਲੈ ਕੇ ਆਇਆ ਕੋਈ ਕੁਝ ਚਿਰ ਮੇਰੇ ਸਿਰਹਾਣੇ ਖੜਾ ਰਿਹਾ। ਤੇ ਫਿਰ ਉੱਜਲ ਭਰ ਕੇ ਹਵਾੜਾਂ ਛੱਡਦਾ ਮੇਰਾ ਮੂੰਹ ਉਸ ਨੇ ਪਾਣੀ ਨਾਲ ਪੂੰਝ ਦਿੱਤਾ।

ਕੈਦਣ

205