ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/209

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਖਾਰਾ ਦੁੱਧ

ਬਾਰ ਮੂਹਰੇ ਖੜ੍ਹਕੇ ਮੈਂ ਹਾਕ ਮਾਰੀ, ਵਿਹੜੇ ਵਾਲੀ ਨਿੰਮ ਥੱਲੇ ਟੋਆ ਪੁੱਟ ਕੇ ਬੈਠਾ ਡੱਬ-ਖੜੱਬਾ ਕੁੱਤਾ ਭੌਕਿਆ।

ਬਾਹਰ ਵਾਲੀ ਕੱਚੀ ਕੰਧ ਮੋਢੇ ਜਿੰਨੀ ਉੱਚੀ ਸੀ ਥਾਂ-ਥਾਂ ਤੋਂ ਲਿਉੜ ਲਲ੍ਹੇ ਹੋਏ ਸਨ। ਜੜਾਂ ਵਿਚ ਤਾਂ ਇੱਟਾਂ ਬਿਲਕੁਲ ਹੀ ਨੰਗੀਆਂ ਪਈਆਂ ਸਨ। ਕੰਧ ਜਿਵੇਂ ਅੰਦਰ ਨੂੰ ਧਸ ਕੇ ਕੁੱਬੀ ਹੋ ਗਈ ਹੋਵੇ। ਬਾਰ ਵਿੱਚ ਲੱਕੜ ਦੀਆਂ ਅਣਘੜ ਫੱਟੀਆਂ ਦਾ ਖਿੜਕ ਲੱਗਿਆ ਹੋਇਆ ਸੀ। ਖਿੜਕ ਵਿਚ ਦੀ ਬਾਂਹ ਕੱਢ ਕੇ ਮੈਂ ਅੰਦਰਲਾ ਕੁੰਡਾ ਖੋਲਿਆ ਤੇ ਖਿੜਕ ਅੰਦਰ ਨੂੰ ਧੱਕ ਕੇ ਪਰ੍ਹਾਂ ਕੀਤਾ। ਨਿੰਮ ਥੱਲਿਓਂ ਉੱਠਕੇ ਕੁੱਤਾ ਮੇਰੇ ਵੱਲ ਦੌੜਿਆ ਖਿੜਕ ਨੂੰ ਮੈਂ ਤੇਜ਼ੀ ਨਾਲ ਭੇੜ ਲਿਆ। ਬੂਥੀ ਉਤਾਂਹ ਚੁੱਕ ਕੇ ਕੁੱਤਾ ਭੌਕਦਾ ਰਿਹਾ। ਟੀਟੂ ਨੂੰ ਗੋਦੀ ਚੁੱਕ ਕੇ ਗੁਰਮੀਤ ਪਰਾਂ ਜਾ ਖੜੀ ਸੀ। ਮੈਂ ਉੱਚੀ ਆਵਾਜ਼ ਦੇ ਕੇ ਫਿਰ ਹਾਕ ਮਾਰੀ। ਅੰਦਰੋਂ ਕੋਈ ਨਾ ਬੋਲਿਆ। ਕੁੱਤਾ ਵੀ ਭੁੱਕ-ਚੌਂਕ ਜਿਵੇਂ ਥੱਕ ਜਿਹਾ ਗਿਆ ਸੀ। ਆਪਣੀ ਲੰਬੜ-ਪੂਛ ਨੂੰ ਢਿੱਲੀ ਛੱਡੀ ਉਹ ਨਿੰਮ ਵੱਲ ਜਾ ਰਿਹਾ ਸੀ।ਗੁਰਮੀਤ ਨੇ ਮੇਰੇ ਕੋਲ ਆ ਕੇ ਅੱਖਾਂ ਵਿਚ ਕੁਝ ਸਮਝਾਇਆ। ਮਿਲਖੀ ਬੱਕਰੀ ਦਾ ਕੰਨ ਫੜੀ ਸਾਡੇ ਵੱਲ ਆ ਰਿਹਾ ਸੀ। ਸਾਨੂੰ ਦੇਖ ਕੇ ਉਹ ਮਿੰਨਾਮਿੰਨਾ ਹੱਸ ਰਿਹਾ ਸੀ। ਮੈਂ ਉਸ ਨੂੰ ਮੱਥਾ ਟੇਕਿਆ ਸੀ। ਮੱਥਾ ਮੰਨ ਕੇ ਉਸ ਨੇ ਮੇਰੇ ਨਾਲ ਹੱਥ ਮਿਲਾਇਆ। ਗੁਰਮੀਤ ਵੱਲ ਮੈਂ ਝਾਕਿਆ। ਉਸ ਨੇ ਟੀਟੂ ਨੂੰ ਗੋਦੀਓਂ ਉਤਾਰ ਕੇ ਚੁੰਨੀ ਦੇ ਦੋਵੇਂ ਲੜ ਫੜੇ ਤੇ ਮਿਲਖੀ ਦੇ ਪੈਰ ਛੋਹ ਲਏ। ਬੱਕਰੀ ਮਿਆਂ-ਮਿਆਂ ਕਰਦੀ ਰਹੀ। ਖਿੜਕ ਅੰਦਰ ਨੂੰ ਧੱਕ ਕੇ ਉਸ ਨੇ ਬੱਕਰੀ ਨੂੰ ਅੰਦਰ ਕੀਤਾ। ਨਾਲ ਦੀ ਨਾਲ ਮੈਂ ਵੀ ਅੰਦਰ ਲੰਘ ਗਿਆ। ਗੁਰਮੀਤ ਦੀ ਉਂਗਲੀ ਫੜੀ ਟੀਟੂ ਵੀ ਅੰਦਰ ਆ ਗਿਆ। ਖਿੜਕ ਦਾ ਅੰਦਰਲਾ ਕੁੰਡਾ ਲਾ ਕੇ ਮਿਲਖੀ ਨੇ ਟੀਟੂ ਨੂੰ ਗੋਦੀ ਚੁੱਕ ਲਿਆ ਤੇ ਉਸ ਦੀ ਗੱਲੂ ਨਾਲ ਗੱਲੂ ਲਾ ਕੇ ਉਸ ਨੂੰ ਪਿਆਰ ਕਰਨ ਲੱਗਿਆ। ਕੁੱਤਾ ਹੁਣ ਭੁੱਕ ਨਹੀਂ ਸੀ ਰਿਹਾ। ਪਰ ਘੁਰ-ਘੁਰ ਉਸ ਦੀ ਜਾਰੀ ਸੀ। ਮਿਲਖੀ ਨੇ ਉਸ ਨੂੰ ਝਿੜਕਿਆ ਕੁੱਤੇ ਨੇ ਘੁਰ-ਘੁਰ ਬੰਦ ਕਰ ਦਿੱਤੀ।ਓਪਰੀ-ਓਪਰੀ ਨਿਗਾਹ ਨਾਲ ਪਰ ਉਹ ਸਾਡੇ ਵਲ ਅਜੇ ਵੀ ਝਾਕ ਰਿਹਾ ਸੀ।

ਜੇਠ ਹਾੜ੍ਹ ਦਾ ਮਹੀਨਾ ਸੀ। ਗਰਮੀ ਜ਼ੋਰਾਂ ਦੀ ਪੈ ਰਹੀ ਸੀ। ਜ਼ਰਾ ਕੁ ਸੂਰਜ ਉੱਚਾ ਹੁੰਦਾ, ਧਰਤੀ ਝੱਟ ਤਪਣ ਲੱਗ ਪੈਂਦੀ। ਹਨੇਰੀਆਂ ਵਗਦੀਆਂ, ਤੱਤੀ ਹਵਾ ਇਉਂ ਲੱਗਦੀ ਜਿਵੇਂ ਭੱਠ ਵਿੱਚੋਂ ਨਿਕਲ ਕੇ ਆਈ ਹੋਵੇ।

ਖਾਰਾ ਦੁੱਧ
209