ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਯੇ ਕੋਈ ਬੜੀ ਬਾਤ ਨੀ, ਮਾਰਾਜ?' ਕੇ ਰਹਿ ਗਿਆ ਮ੍ਹਾਰਾ। ਇਸ ਸੈ ਬੜੀ ਬਾਤ ਕੇ ਹੋਗੀ? ਬਿਲੂਏ ਦੀ ਆਵਾਜ਼ ਹੁਣ ਨੀਵੀਂ ਸੀ।

'ਕੱਠ ਨ੍ਹੀਂ ਸੀ ਤੈਂ ਕਰਨਾ, ਮੂਰਖਾ। ਊਂ ਕਹਿੰਦਾ ਸਾਨੂੰ, ਸਮਝਾ ਦਿੰਦੇ ਅਸੀਂ ਮੁੰਡੇ ਨੂੰ। ਨਾਬਰ ਤਾਂ ਨ੍ਹੀਂ ਕੋਈ, ਪੰਜਾਹ ਮਾਰਦੇ ਸਾਲੇ ਦੇ ਜੁੱਤੀਆਂ.....।' ਦੂਜਾ ਪੰਚ ਕਹਿਣ ਲੱਗਿਆ।
'ਬਈ ਚੁੰਨੀ ਨੂੰ ਹੱਥ ਲਾ 'ਤਾ, ਕੀ ਹੋ ਗਿਆ। ਐਡੀ ਕੀ....।' ਨੰਬਰਦਾਰ ਬਿਲੂਏ ਦੇ ਮੋਢੇ ਨੂੰ ਹੱਥ ਲਾ ਕੇ ਕਹਿਣ ਲੱਗਿਆ।
'ਮ੍ਹਾਰੀ ਇੱਜ਼ਤ ਕਾ ਸਵਾਲ ਐ? ਬਾਊ ਜੀ....।' ਬਿਲੂਆ ਫਿਰ ਬੁੜ੍ਹਕ ਪਿਆ। ਉਸ ਦੀਆਂ ਅੱਖਾਂ ਲਾਲ ਸਨ। ਨੱਕੋਂ ਪਾਣੀ ਜਾ ਰਿਹਾ ਸੀ।
ਦੱਸ ਵੀ ਫੇਰ, ਕਰੀਏ ਕੀ? ਮੁੰਡਾ ਤਾਂ ਪਤਾ ਨ੍ਹੀਂ ਕਿਥੇ ਐ। ਅਰਜਨ ਸਿਓਂ ਆਹ ਬੈਠੇ, ਕਹੀ ਜਾਂਦੈ, ਬੜੀ ਮਾੜੀ ਗੱਲ ਹੋਈ। ਹੋਰ ਦੱਸ।' ਸਰਪੰਚ ਬੋਲਿਆ।
ਥਮ ਨੈ ਕੋਛ ਕਰਨਾ ਨੀ ਨਾ, ਏਕ ਵਾਰ ਉਸ ਛੋਕਰੇ ਨੂੰ ਮ੍ਹਾਰੇ ਸਾਮ੍ਹਣੇ ਲਾ ਦੀਓ, ਉਸ ਦੀ ਸੂਰਤ ਤੋਂ ਦੇਖਾਂ.. ਮੈਂ ਉਸ ਕੀ...।' ਬਿਲੂਆ ਕੰਬ ਰਿਹਾ ਸੀ।
'ਕੀ ਕਰੇਂਗਾ ਤੂੰ? ਕੀ ਕਰਤਾ ਤੈਨੂੰ? ਕੁਰੜ ਕੁਰੜ ਲਾਈ ਐ। ਕਹੀਂ ਤਾਂ ਜਾਨੇ ਆਂ। ਹੋਰ ਦੱਸ ਕੀ ਸ਼ਿਸ਼ਨ ਲਾਦੇਂਗਾ ਤੂੰ।' ਇੱਕ ਬੰਦਾ ਉੱਠਿਆ ਤੇ ਮਾਰਨ ਵਾਂਗ ਬਿਲੂਏ ਵੱਲ ਅਹੁਲਿਆ।
'ਓਏ ਮਾਰਨੈ ਗ਼ਰੀਬ ਏਹੇ। ਤੇਰੀ ਧੀ ਨੂੰ ਕਹੇ ਕੋਈ। ਇੱਕ ਹੋਰ ਆਦਮੀ ਖੜ੍ਹਾ ਹੋ ਗਿਆ। ਤੇ ਫਿਰ ਸਾਰਾ ਇਕੱਠ ਆਪਸ ਵਿੱਚ ਬੋਲਣ ਲੱਗਿਆ। ਕਿਸੇ ਦੇ ਕੋਈ ਗੱਲ ਪੱਲੇ ਨਹੀਂ ਪੈ ਰਹੀ ਸੀ। ਸਭ ਆਪੋ ਆਪਣੀਆਂ ਛੱਡ ਰਹੇ ਸਨ।
'ਲਾਓ 'ਗਾਂ ਸਾਲੇ ਦੇ ਜੁੱਤੀਆਂ, ਐਥੇ ਸੱਥ 'ਚ ਲਿਆ ਕੇ।' ਕਿਸੇ ਦੀ ਉੱਚੀ ਆਵਾਜ਼ ਸੀ।
'ਗੱਲ ਸੁਣ ਓਏ ਭੰਗੀਆ, ਤੈਂ ਪਿੰਡ ਚ ਰਹਿਣੈ ਕਿ ਨਹੀਂ?' ਸਰਪੰਚ ਨੇ ਉਸ ਦੇ ਕੋਲ ਜਾ ਕੇ ਆਖਿਆ।
'ਕਿਉਂ ਮਾਰਾਜ?'
'ਆਵਦੀ ਤਾਂ ਤੂੰ ਗੱਲ ਛੱਡ, ਤੂੰ ਸਾਨੂੰ ਆਪੋ ਵਿੱਚ ਮਰਵਾਏਂਗਾ। ਤੂੰ ਬਾਬਾ ਡੰਡੀ' ਪੈ। ਹੋਰ ਕਿਸੇ ਪਿੰਡ ਵਗ ਜਾ। ਅਸੀਂ ਨਵਾ ਭੰਗੀ ਲੈ ਆਵਾਂਗੇ ਕੋਈ। ਦੋ ਧੜੇ ਬਣਾ ਕੇ ਕਾਰਾ ਕਰਵਾਏਂਗਾ ਕੋਈ।' ਸਰਪੰਚ ਨੇ ਸਮਝੌਤੀ ਦਿੱਤੀ।
ਇੱਕ ਕੋਈ ਬਿਲੂਏ ਵੱਲ ਭੱਜ ਕੇ ਆਇਆ ਤੇ ਉਸ ਦਾ ਹੱਥ ਫੜਨ ਲੱਗਿਆ। ਕੋਈ ਹੋਰ ਆ ਕੇ ਹੱਥ ਫੜਨ ਵਾਲੇ ਨੂੰ ਕੜਕਿਆ- 'ਲਾ ਹੱਥ।'
ਰਾਤ ਵਾਲੀਆਂ ਚਾਰ ਬੋਤਲਾਂ ਕੰਮ ਕਰ ਰਹੀਆਂ ਸਨ। ਅਰਜਨ ਸਿੰਘ ਦੇਖ ਰਿਹਾ ਸੀ, ਉਹ ਕਿੰਨਾ ਕੁ ਪੱਖ ਕਰਦੇ ਹਨ।
'ਪੁਲਿਸ ਨੂੰ ਕਿਉਂ ਨ੍ਹੀਂ ਦੇਂਦਾ ਕੇਸ ਤੂੰ?' ਕਿਸੇ ਹੋਰ ਨੇ ਬਿਲੂਏ ਨੂੰ ਸੁਝਾਓ ਦਿੱਤਾ।

ਬਿਲੂਆ ਚੁੱਪ ਕੀਤਾ ਬੈਠਾ ਸੀ। ਲੋਕ ਬੋਲੀ ਜਾ ਰਹੇ ਸਨ। ਬੋਲਦੇ-ਬੋਲਦੇ ਨਿਖੜਨ ਲੱਗੇ ਸਨ। ਇੱਕ-ਇੱਕ, ਦੋ-ਦੋ ਕਰਕੇ ਘਰਾਂ ਨੂੰ ਜਾ ਰਹੇ ਸਨ- 'ਓਏ ਆਪਾਂ ਭੰਗੀ

ਸਵਾਲ ਦਰ ਸਵਾਲ

21