ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/210

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੂਰਜ ਢਲੇ, ਹਵਾ ਦੀ ਤਪਸ਼ ਜਦ ਥੋੜ੍ਹੀ ਜਿਹੀ ਘਟੀ ਸੀ ਤਾਂ ਅਸੀਂ ਸ਼ਹਿਰ ਤੋਂ ਚੱਲੇ ਸਾਂ।ਪੰਜ ਮੀਲ ਦਾ ਕੱਚਾ ਰਾਹ। ਪਰ ਸਾਈਕਲ ਚੱਲ ਸਕਦਾ ਸੀ। ਟੀਟ ਨੂੰ ਡੰਡੇ ਉੱਤੇ ਤੇ ਗੁਰਮੀਤ ਨੂੰ ਕੈਰੀਅਰ ਤੇ ਬਹਾ ਕੇ ਮੈਂ ਲੈ ਤਾਂ ਆਇਆ ਸੀ, ਪਰ ਪਿੰਡੇ ਦੀ ਮੈਲ ਤੇ ਮੁੜਕੇ ਨੇ ਮੈਨੂੰ ਬੁਰੀ ਤਰ੍ਹਾਂ ਅੱਕਲਕਾਣ ਕਰ ਦਿੱਤਾ ਸੀ।

ਦਿਨ ਛਿਪਣ ਵਾਲਾ ਸੀ। ਹਵਾ ਬੰਦ ਸੀ।ਅਸਮਾਨ ਉੱਤੇ ਬਦਾਮੀ ਰੇਤ ਚੜ੍ਹੀ ਹੋਈ ਸੀ। ਨਿੰਮ ਥਲਿਉਂ ਚੌਕੜੇ ਦਾ ਮੰਜਾ ਚੁੱਕ ਕੇ ਮਿਲਖੀ ਨੇ ਸਬਾਤ ਦੇ ਮੂਹਰੇ ਵਿਹੜੇ ਵਿੱਚ ਡਾਹ ਦਿੱਤਾ। ਇੱਕ ਮੰਜਾ ਉਹ ਹੋਰ ਅੰਦਰੋਂ ਸਬਾਤ ਵਿਚੋਂ ਕੱਢ ਲਿਆਇਆ। ਅਸੀਂ ਬੈਠ ਗਏ। ਉਹ ਗੁਰਮੀਤ ਦੇ ਨੰਗੇ ਮੂੰਹ ਵਲ ਘੂਰ ਘੂਰ ਦੇਖ ਰਿਹਾ ਸੀ ਤੇ ਗੁਰਮੀਤ ਮੇਰੇ ਵਲ ਘੂਰ ਘੂਰ। ਅਸਲ ਵਿੱਚ ਗੱਲ ਇਹ ਸੀ ਕਿ ਗੁਰਮੀਤ ਸ਼ਹਿਰ ਦੀ ਜੰਮਪਲ ਤੇ ਦਸ ਜਮਾਤਾਂ ਪੜੀ ਹੋਣ ਕਰਕੇ ਰਾਹ ਵਿੱਚ ਮੇਰੇ ਨਾਲ ਬਹਿਸ ਕਰਦੀ ਆਈ ਸੀ ਕਿ ਮੇਰੇ ਮਾਮੇ ਦੇ ਪੁੱਤ ਦੇ ਪੈਰੀਂ ਹੱਥ ਉਹ ਬਿਲਕੁਲ ਨਹੀਂ ਲਾਏਗੀ, ਸਤਿ ਸ੍ਰੀ ਅਕਾਲ ਹੀ ਬੁਲਾ ਛੱਡੇਗੀ। ਮੈਂ ਕਹਿੰਦਾ ਸਾਂ ਕਿ ਮਾਮੇ ਦਾ ਪੁੱਤ ਪੁਰਾਣੇ ਖ਼ਿਆਲਾਂ ਦਾ ਹੈ। ਪੈਰੀਂ ਹੱਥ ਲਾਏਂਗੀ ਤਾਂ ਉਹ ਖ਼ੁਸ਼ ਹੋਵੇਗਾ। ਤੇਰਾ ਇਸ ਵਿੱਚ ਕੀ ਜਾਂਦਾ ਹੈ। ਉਹ ਖ਼ੁਸ਼ ਹੋ ਜਾਏਗਾ। ਹੁਣ ਉਸ ਨੇ ਪੈਰੀਂ ਹੱਥ ਲਾ ਤਾਂ ਦਿੱਤੇ ਸਨ ਪਰ ਆਪਣੀ ਮਰਜ਼ੀ ਦੇ ਉਲਟ। ਗੁਰਮੀਤ ਨੂੰ ਨੰਗੇ ਮੂੰਹ ਬੈਠੀ ਦੇਖ ਕੇ ਮਿਲਖੀ ਸ਼ਾਇਦ ਖਿਝ ਰਿਹਾ ਸੀ। ਉਹ ਸਾਡੇ ਪੀਣ ਵਾਸਤੇ ਕੋਰੀ ਤੌੜੀ ਵਿਚੋਂ ਠੰਢਾ ਪਾਣੀ ਲੈਣ ਗਿਆ ਤਾਂ ਮੈਂ ਗੁਰਮੀਤ ਨੂੰ ਆਖਿਆ ਕਿ ਉਹ ਘੁੰਢ ਕੱਢ ਲਵੇ।ਉਸ ਨੇ ਨਾਂਹ-ਨੁੱਕਰ ਤਾਂ ਬਹੁਤ ਕੀਤਾ ਪਰ ਜਦ ਮਿਲਖੀ ਪਾਣੀ ਦਾ ਵੱਡਾ ਡੋਲੂ ਤੇ ਕੱਚ ਦਾ ਗਲਾਸ ਲੈ ਕੇ ਆ ਖੜੋਤਾ ਤਾਂ ਉਸ ਨੇ ਮੱਥੇ ਉਤੋਂ ਚੁੰਨੀ ਨੀਵੀਂ ਕਰ ਲਈ।ਪਾਣੀ ਦਾ ਗਲਾਸ ਮੇਰੇ ਹੱਥ ਫੜਾ ਕੇ ਉਹ ਮੇਰੇ ਨਾਲ ਹੀ ਮੰਜੇ ਉਤੇ ਬੈਠ ਗਿਆ ਤੇ ਕਹਿਣ ਲੱਗਿਆ, "ਹੁਣ ਬਣੀ ਨਾ ਗੱਲ। ਦੇਖ, ਕਿੰਨੀ ਚੰਗੀ ਲਗਦੀ ਐ।" ਮੈਂ ਪਾਣੀ ਦੀ ਘੱਟ ਭਰ ਕੇ ਹੱਸ ਪਿਆ। ਉਹ ਵੀ ਹੱਸਿਆ। ਗੁਰਮੀਤ ਨੇ ਪਰ੍ਹਾਂ ਮੂੰਹ ਭੰਵਾ ਲਿਆ। ਟੀਟੂ ਨੇ ਮੇਰੇ ਹਥੋਂ ਗਲਾਸ ਫੜਿਆ ਤੇ ਪਾਣੀ ਪੀਣ ਲੱਗਿਆ। 'ਚਾਹ ਕਰਾਂ ਕਿ ਕੱਚੀ ਲੱਸੀ?' ਮਿਲਖੀ ਨੇ ਪੁੱਛਿਆ।

'ਨਾ ਚਾਹ ਦੀ ਲੋੜ ਐ, ਨਾ ਲੱਸੀ ਦੀ।ਆਹ ਦੇਖ ਪਾਣੀ ਪੀ ਲਿਆ ਠੰਢਾ ਸ਼ਰਬਤ ਵਰਗਾ।' ਮੈਂ ਕਿਹਾ।

'ਨਹੀਂ, ਕੁਛ ਤਾਂ ਪੀਓਗੇ ਈ। ਬਿੰਦ ਕੁ ਠਹਿਰੋ, ਮੈਂ ਬੱਕਰੀ ਚੋਅ ਲਵਾਂ ਡੋਲੂ ਲੈ ਕੇ ਉਹ ਬੱਕਰੀ ਵੱਲ ਚਲਾ ਗਿਆ। ਵੱਡੇ ਟੋਕਰੇ ਨੂੰ ਉਤਾਂਹ ਚੁੱਕਿਆ। ਦੋ ਮੇਮਣੇ ਬੱਕਰੀ ਵੱਲ ਦੌੜੇ। ਜਾਣਸਾਰ ਥਣਾਂ ਨੂੰ ਚੂਪਣ ਲੱਗੇ ਤੇ ਫਿਰ ਚੁੰਘਣ ਲੱਗੇ। ਚਾਰ ਚਾਰ ਘੁੱਟਾਂ ਉਨ੍ਹਾਂ ਦੇ ਸੰਘੋ ਥੱਲੇ ਗਈਆਂ ਹੋਣਗੀਆਂ, ਮਿਲਖੀ ਨੇ ਦੋਵੇਂ ਮੇਮਣਿਆਂ ਨੂੰ ਥਣਾਂ ਨਾਲੋਂ ਤੋੜ ਲਿਆ। ਉਨ੍ਹਾਂ ਨੂੰ ਗਲੋਂ ਫੜਕੇ ਫਿਰ ਉਸਨੇ ਟੋਕਰੇ ਥੱਲੇ ਕਰ ਦਿੱਤਾ। ਲੂ ਵਿਚਲੇ ਥੋੜ੍ਹੇ ਜਿਹੇ ਪਾਣੀ ਨਾਲ ਬੱਕਰੀ ਦੇ ਥਣ ਧੋਤੇ ਤੇ ਫਿਰ ਡੋਲੂ ਵਿੱਚ ਹੀ ਧਾਰ ਕੱਢਣ ਲੱਗਿਆ।

ਗੁਰਮੀਤ ਚੁੱਪ ਚੁੱਪ ਜਿਹਾ ਹੱਸ ਰਹੀ ਸੀ।' ਬੱਕਰੀ ਦਾ ਦੁੱਧ ਪੀਤੈ ਕਦੇ ਜ਼ਿੰਦਗੀ ਚ?' ਮੈਂ ਕਿਹਾ।

210

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ