ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/212

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

'ਇਉਂ, ਭਰਾਵਾਂ, ਕੌਣ ਰਹਿੰਦੀ ਐ?" ਉਸ ਦੇ ਬੋਲ ਵਿੱਚ ਹਉਕਾ ਰਲਿਆ ਹੋਇਆ ਸੀ। ਸਬਾਤ ਵਿਚੋਂ ਕੰਡਾ ਘੋਟਣਾ ਲਿਆ ਕੇ ਉਸ ਨੇ ਸਬਾਤ ਮਹਲੇ ਚੌਤਰੇ ਉੱਤੇ ਚੁੱਲ੍ਹੇ ਦੇ ਕੋਲ ਧਰ ਦਿੱਤਾ। ਤਿੰਨ ਕੁੱਜੇ ਤੇ ਇੱਕ ਤਪਲਾ ਲਿਆ ਕੇ ਵੀ ਧਰ ਦਿੱਤਾ। ਤਪਲੇ ਵਿੱਚ ਸਾਬਤ ਲਾਲ ਮਿਰਚਾਂ ਸਨ। ਕੁੱਜਿਆਂ ਵਿੱਚ ਲੂਣ, ਵਰ ਤੇ ਧਣੀਆਂ ਜ਼ੀਰਾ। ਗੱਠਿਆਂ ਵਾਲੀ ਪੀਪੀ ਵੀ ਲਿਆ ਧਰੀ।

‘ਪੁੱਛਿਓਂ, ਮਿਰਚਾਂ ਕੌੜੀਆਂ ਤਾਂ ਨੀ ਬਹੁਤੀਆਂ?' ਮਿਰਚ ਦੀ ਇੱਕ ਡੰਡੀ ਤੋੜ ਕੇ ਗੁਰਮੀਤ ਨੇ ਮੈਨੂੰ ਪੁੱਛਿਆ।

'ਵੱਡੇ ਭਾਈ, ਮਿਰਚਾਂ ਕੌਅ ਪਾਈਏ?'

'ਕਿੰਨੀਆਂ ਪਾ ਲੋ। ਮੈਨੂੰ ਤਾਂ ਕੌੜੀਆਂ ਛਿੱਕੀਆਂ ਦਾ ਕੋਈ ਪਤਾ ਨੀ। ਕਿੰਨੀਆਂ ਪਾਲਾਂ, ਮੈਨੂੰ ਤਾਂ ਵਿੱਕੀਆਂ ਈ ਲੱਗਦੀਆਂ ਰਹਿੰਦੀਆਂ ਨੇ। ਤੁਸੀਂ ਆਪਣੇ ਸ੍ਹਾਬ ਨਾਲ ਪਾ ਲੋ।’ ਕਹਿ ਕੇ ਉਹ ਖਿੜਕ ਖੋਲ੍ਹ ਕੇ ਘਰੋਂ ਬਾਹਰ ਹੋ ਗਿਆ।

ਮਿਲਖੀ ਦੀ ਉਮਰ ਪੰਜਾਹ ਸਾਲ ਤੋਂ ਉੱਤੇ ਸੀ। ਉਹ ਦੋ ਭਰਾ ਸਨ। ਦੂਜਾ ਉਸਤੋਂ ਛੋਟਾ ਸੀ। ਭਰ ਜਵਾਨੀ ਵਿੱਚ ਸੱਪ ਲੜਕੇ ਮਰ ਗਿਆ ਸੀ।ਮਾਮਾ ਦਸ-ਬਾਰਾਂ ਸਾਲ ਹੋਏ ਅੱਸੀ ਸਾਲ ਦੀ ਉਮਰ ਭੋਗ ਕੇ ਪੂਰਾ ਹੋ ਗਿਆ ਸੀ ਤੇ ਮਾਮੀ ਉਸ ਤੋਂ ਪੰਜ-ਛੇ ਸਾਲ ਪਹਿਲਾਂ ਛੋਟੇ ਮੁੰਡੇ ਦੇ ਰੋਗ ਵਿੱਚ ਮੁਕ ਗਈ ਸੀ। ਭੈਣ ਕੋਈ ਨਹੀਂ ਸੀ। ਮਿਲਖੀ ਹੁਣ ਬੱਸ ਇਕੱਲਾ ਸੀ-ਜਾਨ ਦੀ ਜਾਨ।

ਮਾਮਾ ਵੀ ਇਕੱਲਾ ਹੀ ਸੀ। ਵਿਆਹ ਕਿਵੇਂ ਨਾ ਕਿਵੇਂ ਹੋ ਹੀ ਗਿਆ ਸੀ। ਪਿੰਡਾਂ ਦੀ ਡੋਰ ਢਾਣੀ ਨਾਲ ਰਲ ਕੇ ਪਰ ਉਹ ਸ਼ਰਾਬ ਪੀਂਦਾ ਸੀ, ਬੇਬਾਕ ਤੇ ਫਿਰ ਪਿਛਲੀ ਉਮਰ ਵਿੱਚ ਫੀਮ ਵੀ ਖਾਣ ਲੱਗ ਪਿਆ ਸੀ। ਪੰਦਰਾਂ ਘੁਮਾਂ ਜੋ ਜ਼ਮੀਨ ਸੀ ਉਸ ਵਿਚੋਂ ਦਸ ਘੁਮਾਂ ਉਸ ਨੇ ਸ਼ਰਾਬ ਫੀਮ ਮੂੰਹੋਂ ਸ਼ਰੀਕਾਂ ਨੂੰ ਬੈਅ ਕਰ ਦਿੱਤੀ ਸੀ। ਮਿਲਖੀ ਨੂੰ ਸਾਕ ਨਹੀਂ ਸੀ ਚੜਿਆ ਤੇ ਨਾ ਹੀ ਉਸ ਤੋਂ ਛੋਟੇ ਨੂੰ। ਪੈਸਿਆ ਦਾ ਸਾਕ ਮਾਮਾ ਲੈਂਦਾ ਨਹੀਂ ਸੀ, ਕਹਿੰਦਾ ਸੀ-ਸੱਚੀ ਕੁਲ ਵਾਲਾ ਘਰ ਐ। ਲਵਾਂਗੇ ਤਾਂ ‘ਪੁੰਨ ਦਾ ਸਾਕ ਈ ਲਵਾਂਗਾ।'

ਮਿਲਖੀ ਜਦ ਇਕੱਲਾ ਰਹਿ ਗਿਆ ਸੀ। ਉਸ ਦੇ ਮਿੱਤਰ-ਬੇਲੀ ਉਸ ਨੂੰ ਕਹਿੰਦੇ ਹੁੰਦੇ-ਮਿਲਖੀਆ, ਹੁਣ ਤਾਂ ਪੈਸਿਆਂ ਦਾ ਸਾਕ ਵੀ ਤੈਨੂੰ ਮਸਾਂ ਹੀ ਹੋਉ। ਕੋਈ ਮੁੱਲ ਦੀ ਤੀਵੀਂ ਲੈ ਆ। ਨਹੀਂ ਤਾਂ ਕਿਸੇ ‘ਕੈਂਪ ਚੋਂ ਲਿਆ ਕੋਈ। ਕੋਈ ਡੁੱਡੀ, ਲੰਗੜੀ ਜਾਂ ਅੰਨੀ ਕਾਣੀ ਈ ਲੈ ਆ, ਕੰਜਰਾ। ਨਹੀਂ ਤਾਂ ਐਵੇਂ ਜਿਵੇਂ ਬੀਤ ਜੇਂ ਗਾ । ‘ਐਹੀ ਜ਼ੀ ਨਾਲੋਂ ਤਾਂ ਊਈਂ ਚੰਗੇ ਆਂ, ਭਰਾਵੋ। ਪਿਓ ਦਾਦੇ ਨੂੰ ਲਾਜ ਨੀ ਲੌਣੀ। ਅੱਧੀ ਕੂ ਲੰਘ ਗੀ, ਹਿੰਦੀ ਵੀ ਏਵੇਂ ਜਿਵੇਂ ਲੰਘ ਜੂ। ਮਿਲਖੀ ਜਵਾਬ ਦਿੰਦਾ।

‘ਪੈਸਿਆਂ ਦਾ ਸਾਕ ਨੂੰ ਲੈਂਦਾ ਨੀ ‘ਪੁੰਨ ਦਾ ਤੈਨੂੰ ਹੁੰਦਾ ਨੀ, ਮੁੱਲ ਦੀ ਤੂੰ ਲਿਆ ਕੇ ਰਾਜੀ ਨੀ ਤਾਂ ਫੇਰ ਦੱਸ ਕੀ ਕਰੇਂਗਾ? ਤੀਵੀਂ ਬਿਨਾਂ ਤਾਂ ਕਹਿੰਦੇ ਗਤੀ ਵੀ ਨੀ ਹੁੰਦੀ ਆਦਮੀ ਦੀ। ਤੇਰੇ ਸਾਹ ਕਿਵੇਂ ਨਿਕਲਣਗੇ, ਚੌਰਿਆ?'

ਮਿਲਖੀ ਡੂੰਘੀਆਂ ਸੋਚਾਂ ਵਿੱਚ ਪੈ ਜਾਂਦਾ।

‘ਅਜੇ ਤਾਂ ਕਣ ਹੈਗਾ ਤੇਰੇ `ਚ। ਭੂਆ ਦੇ ਪਿੰਡ ਜਾਂ ਨਾਨਕੀ ਜਾਕੇ ਕੱਢ ਲਿਆ ਕੋਈ ਲਾਟ ਅਰਗੀ।’

212
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ