ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/214

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁੱਕੀ ਲੱਗੀ। ਖੰਡ ਵਾਲੀ ਕੌਲੀ ਵਿੱਚ ਉਸ ਨੇ ਬਾਟੀ ਵਿਚੋਂ ਘਿਓ ਦੀ ਚੁਹੀ ਜਿਹੀ ਮਤਾਅ ਦਿੱਤੀ। ਇੱਕ ਹੋਰ ਕੌਲੀ ਵਿੱਚ ਗਰਮੀ ਤੋਂ ਦਾਲ ਪਵਾ ਕੇ ਉਸ ਨੇ ਉਸ ਵਿੱਚ ਵੀ ਘਿਓ ਦੀ ਧਾਰ ਬੰਨੀ ਤੇ ਫਿਰ ਬਾਟੀ ਤੋਂ ਬਾਹਰ ਡਿਗਦਾ ਘਿਓ ਉਂਗਲ ਨਾਲ ਕੰਢਿਓਂ ਅੰਦਰ ਪੂੰਝ ਦਿੱਤਾ। ਇੱਕ ਚਿੱਬ-ਖੜਿੱਬੇ ਥਾਲ ਵਿੱਚ ਦੋਵੇਂ ਕੌਲੀਆਂ ਰੱਖ ਕੇ ਉਸ ਨੇ ਗੁਰਮੀਤ ਨੂੰ ਕਿਹਾ ਕਿ ਉਹ ਦੋ ਰੋਟੀਆਂ ਥਾਲ ਵਿੱਚ ਧਰ ਦੇਵੇ। ਗੁਰਮੀਤ ਨੇ ਦੋ ਰੋਟੀਆਂ ਥਾਲ ਵਿੱਚ ਧਰ ਦਿੱਤੀਆਂ। ਮਿਲਖੀ ਨੇ ਦੋਵੇਂ ਰੋਟੀਆਂ ਦੇ ਚਾਰ ਖੰਨੇ ਬਣਾ ਲਏ ਤੇ ਥਾਲ ਚੁੱਕ ਕੇ ਮੇਰੇ ਵੱਲ ਆਉਣ ਲੱਗਿਆ। ਪਰ ਪਤਾ ਨਹੀਂ ਉਸ ਨੂੰ ਕੀ ਯਾਦ ਆਇਆ, ਉਸ ਨੇ ਥਾਲ ਗੁਰਮੀਤ ਨੂੰ ਹੀ ਫੜਾ ਦਿੱਤਾ ਤੇ ਕਹਿਣ ਲੱਗਿਆ-‘ਕੌਲਿਆਂ ਏਵੇਂ ਜਿਵੇਂ ਸੇਕ ਮੂਹਰੇ ਰੱਖ ਦੇ, ਗੁਰਮੀਤ ਕੁਰੇ। ਰੋਟੀਆਂ ਵੀ ਹਾਲੇ ਪੋਣੇ ਚ ਈ ਵਲ੍ਹੇਟ ਦੇ। ਸੇਵਾ ਕਰਨੀ ਤਾਂ ਛੋਟੇ ਭਾਈ ਦੀ, ਭੁੱਲ ਈ ਗਏ। ਉਹ ਸਬਾਤ ਵਿੱਚ ਕਾਹਲੇ ਕਦਮੀਂ ਗਿਆ ਤੇ ਕੱਚ ਦਾ ਗਲਾਸ ਲੈ ਕੇ ਬੋਤਲ ਮੇਰੀ ਬਾਹੀਂ ਥੱਲੇ ਲਿਆ ਰੱਖੀ। ‘ਲੈ ਛੋਟੇ ਭਾਈ, ਥੋੜ੍ਹਾ ਜ਼ਾ ਮੂੰਹ ਕੌੜਾ ਕਰ ਲੈ।

'ਨ੍ਹਈਂ, ਨ੍ਹਈਂ, ਬਈ, ਇਹ ਰਹਿਣ ਦੇ।ਗਰਮੀ ਤਾਂ ਅੱਗੇ ਈ ਮਚਾਈ ਜਾਂਦੀ ਐ। ਰੋਟੀ ਈ ਖਾ ਲੈਨੇ ਆਂ। ਇਹ ਰਹਿਣ ਦੇ।’

‘ਓਏ, ਨਹੀਂ ਛੋਟੇ ਭਾਈ, ਗਰਮੀ ਨੂੰ ਗਰਮੀ ਈ ਮਾਰੂਗੀ। ਬਹੁਤਾਂ ਨੀ ਪੀਂਦੇ। ਬੱਸ ਦੋ ਪੈਗ ਈ ਲਵਾਂਗੇ, ਨਰੋਏ ਜ੍ਹੇ।’

ਅਸੀਂ ਪੀਣ ਲੱਗ ਪਏ।

‘ਮੰਮੀ, ਦੈਦੀ ਦੰਦੇ (ਡੈਡੀ ਗੰਦੇ)’ ਟੀਟੂ ਗੁਰਮੀਤ ਨੂੰ ਕਹਿ ਰਿਹਾ ਸੀ।

ਇਕੋ ਪੈੱਗ ਨਾਲ ਅਸੀਂ ਜਿਵੇਂ ਚੁੱਕੇ ਗਏ। ਮਿਲਖੀ ਨੇ ਹਉਕਾ ਲਿਆ ਤੇ ਕਹਿਣ ਲੱਗਿਆ-ਛੋਟੇ ਭਾਈ, ਤੀਵੀਂ ਤੋਂ ਬਗੈਰ ਘਰ ਦਾ ਕੁਛ ਨਹੀਂ ਵੜੀਂਦਾ। ਤੀਵੀਂ ਤੋਂ ਬਿਨ੍ਹਾਂ, ਬੱਸ ਸਮਝ ਲੈ, ਜਮੲੀ ਗੱਲ ਨੀ ਕੋਈ।’

'ਬਾਈ, ਇਹ ਗੱਲ ਐਡੀ ਉਮਰ ਦਾ ਹੋ ਕੇ ਹੁਣ ਯਾਦ ਆਈ ਐ ਤੇਰੇ? ਪਹਿਲਾਂ ਕਰਦਾ ਕੋਈ ਬੰਨ ਸੁੱਬ। ਤੀਵੀਂ ਤਾਂ ਜਦੋਂ ਮਰਜ਼ੀ ਲੈ ਆਵੇ ਕੋਈ ਘਰੇ।’

'ਪਰ ਤੀਵੀਂ, ਵੀਰ ਮੇਰਿਆ, ਚੱਜਦੀ ਹੋਵੇ ਨਾ।'

‘ਚੱਜਦੀ ਤੋਂ ਮਤਲਬ ਤੇਰਾ ਹੈਗਾ ਬਈ ਅਨੰਦ ਕਾਰਜਾਂ ਵਾਲੀ ਹੋਵੇ, ਪੁੰਨ ਦੀ ਹੋਵੇ?' ਮੈਂ ਸਾਰੇ ਪਛੋਕੜ ਨੂੰ ਭਾਂਪ ਕੇ ਪੁੱਛਿਆ।

'ਹੋਰ! ਏਹੀ ਤਾਂ ਮੈਂ ਕਹਿਨਾਂ। ਮੱਲ ਦੀ ਤੀਵੀਂ ਤਾਂ ਜਦੋਂ ਮਰਜ਼ੀ ਲਿਆ ਬਿਠਾ। ਤੇ ਜਿਹੜੀ ਕਿਸੇ ਦਾ ਘਰ ਪੱਟ ਕੇ ਲਿਆਂਦੀ ਹੋਵੇ ਉਹ ਮੇਰੇ ਵਰਗੇ ਕੋਲ ਕਦੋਂ ਰਹਿਣ ਲੱਗੀ ਐ?'

‘ਨਹੀਂ ਬਈ, ਤੀਵੀਂ ਕਿੰਨੀ ਮਾੜੀ ਹੋਵੇ, ਕਿੰਨੀ ਈ ਬਦਚਲਣ, ਜੇ ਉਸ ਨੂੰ ਕੋਈ ਨਿੱਘ ਦੇਵੇ। ਪਿਆਰ ਕਰੇ, ਫੇਰ ਨੀ ਜਾਂਦੀ ਕਿਤੇ।’

'ਖਾਣ ਪਹਿਨਣ ਖੁੱਲ੍ਹਾ। ਕੋਲੋਂ, ਬੰਦਾ ਹੱਲੇ ਨਾ। ਹੋਰ ਪਿਆਰ ਕੀ ਹੁੰਦੈ? ਪਰ ਇਹ ਮੁੱਲ ਦੀਆਂ ਤੀਵੀਂਆਂ ਤਾਂ, ਕੰਜਰ ਦੀਆਂ, ਪਤਾ ਵੀ ਨੀ ਲੈਂਦੀਆਂ ਕਿਹੜੇ ਵੇਲੇ ਘਰੋਂ ਉੱਡ ਜਾਂਦੀਆਂ ਨੇ।'

214

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ