‘ਕਿਉਂ, ਬਾਈ, ਲਿਆਂਦੀ ਸੀ ਕੋਈ।’
‘ਲਿਆਂਦੀ ਤਾਂ ਮੈਂ ਕਾਹਨੂੰ ਐ। ਸੁਣਦੇ ਆਂ। ਆਹ, ਐਥੇ, ਕੰਦੇ ਦੇ ਮੁੰਡੇ ਨੇ, ਕਾਰੇ ਨੇ ਲਿਆਂਦੀ ਸੀ, ਐਤਕੀ ਸਿਆਲਾਂ ’ਚ ਇੱਕ। ਦੋ ਮਹੀਨੇ ਰਹੀ।ਐਂ ਰਹੀ, ਜਿਵੇਂ ਐਥੇ ਦੀ ਜੰਮੀ ਹੁੰਦੀ ਐ, ਕੰਜਰ ਦੀ। ਪਰ ਜਦੋਂ ਗਈ, ਪਤਾ ਵੀ ਨੀ ਲੱਗਿਆ। ਉਈਂ ਪਤਾ ਨੀ ਲੱਗਿਆ ਕਿੱਧਰ ਗਈ, ਕਦੋਂ ਗਈ, ਕੀਹਦੇ ਨਾਲ ਗਏ?’
‘ਤੈਨੂੰ ਲਿਆ ਕੇ ਦੇਈਏ, ਬਾਈ ਕੋਈ ਫੇਰ।’
‘ਰਾਮ ਰਾਮ ਕਰ, ਐਦੂ ਤਾਂ ਊਈਂ ਚੰਗੇ ਆਂ।'
‘ਜੇ ਮੁੱਲ ਦੀ ਹੋਵੇ, ਪਰ ਹੋਵੇ ਚੱਜਦੀ?’
‘ਚੱਜ ਦੀ ਹੋਵੇ, ਫੇਰ ਤਾਂ ਕੋਈ ਡਰ ਨ੍ਹੀ।’
‘ਚੱਜਦੀ ਹੋਊ। ਕੰਮ ਕਰੂ ਪੂਰਾ। ਨਾਲੇ ਇੱਕ ਮੁੰਡੈ, ਇੱਕ ਕੁੜੀ ਐ। ਬੋਲ, ਜੇ ਸਲਾਹ ਐ।’
‘ਅੱਛਿਆ... ਉਏ ਕੀ ਕਰਨੀ ਐ? ਛੋਟੇ ਭਾਈ। ਬੱਸ ਐਂ ਈ ਠੀਕ ਐ। ਕੀ ਕਰਨੀ ਐਂ ਹੁਣ।’
ਇੱਕ ਇੱਕ ਪੈੱਗ ਉਸ ਨੇ ਹੋਰ ਪਾਇਆ। ਪੀ ਕੇ ਕਹਿੰਦਾ- ‘ਗੁਰਮੀਤ ਕੁਰੇ, ਲਿਆ ਹੁਣ, ਹੁਣ ਖਾ ਲੈਨੇ ਆ ਰੋਟੀ। ਘਿਉ ਥੋੜ੍ਹਾ ਜ੍ਹਾ ਹੋਰ ਪਾ ਲੀਂ ਦਾਲ ਆਲੀ ਕੌਲੀ 'ਚ।’
ਅਸੀਂ ਦੋਵਾਂ ਨੇ ਰੋਟੀ ਖਾ ਲਈ। ਟੀਟੂ ਪਹਿਲਾਂ ਹੀ ਗੁਰਮੀਤ ਤੋਂ ਰੋਟੀ ਖਾ ਕੇ ਮੇਰੇ ਵਾਲੇ ਮੰਜੇ 'ਤੇ ਸੌਂ ਚੁੱਕਿਆ ਸੀ। ਮੇਰੇ ਦੂਜੇ ਪਾਸੇ ਮਿਲਖੀ ਨੇ ਇੱਕ ਮੰਜਾ ਹੋਰ ਡਾਹ ਦਿੱਤਾ। ਸਬਾਤ ਵਿਚੋਂ ਉਹ ਦਰੀਆਂ, ਖੇਸ ਤੇ ਸਰਾਹਣੇ ਕੱਢ ਲਿਆਇਆ। ਮੈਂ ਟੀਟੂ ਨੂੰ ਸੁੱਤੇ ਪਏ ਨੂੰ ਗੋਦੀ ਚੁੱਕ ਲਿਆ।ਤਿੰਨੇ ਬਿਸਤਰੇ ਮਿਲਖੀ ਨੇ ਆਪ ਵਿਛਾਏ। ਗੁਰਮੀਤ ਰੋਟੀ ਖਾ ਕੇ ਜਠੇ ਭਾਂਡੇ ਮਾਂਜਣ ਲੱਗੀ। ਮਿਲਖੀ ਕਹਿੰਦਾ-ਹੀਂ ਗੁਰਮੀਤ ਕਰੇ, ਪੈ ਜਾ। ਮੈਂ ਆਪੇ ਮਾਂਜ ਨੂੰ ਭਾਂਡੇ। ਗੁਰਮੀਤ ਦੇ ਨਾ ਮੰਨਣ ’ਤੇ ਅਖ਼ੀਰ ਉਹ ਆਪਣੇ ਬਿਸਤਰੇ `ਤੇ ਆ ਪਿਆ। ਜਿੰਨਾ ਚਿਰ ਗੁਰਮੀਤ ਭਾਂਡੇ ਮਾਂਜਦੀ ਰਹੀ, ਅਸੀਂ ਹੋਰ ਗੱਲਾਂ ਕਰਦੇ ਰਹੇ।
ਅਸਮਾਨ ਵਿੱਚ ਖੱਖ ਅਜੇ ਵੀ ਚੜ੍ਹੀ ਹੋਈ ਸੀ। ਕੋਈ ਕੋਈ ਤਾਰਾ ਦਿਸ ਰਿਹਾ ਸੀ। ਪਰ ਹਵਾ ਵਗ ਰਹੀ ਸੀ। ਹਵਾ ਭਾਵੇਂ ਠੰਢੀ ਨਹੀਂ ਸੀ ਪਰ ਆਰਾਮ ਜਿਹਾ ਮਹਿਸੂਸ ਹੋ ਰਿਹਾ ਸੀ। ਕੁਝ ਚਿਰ ਹੋਰ ਗੱਲਾਂ ਕਰਦੇ ਅਸੀਂ ਚੁੱਪ ਹੋ ਗਏ। ਤੇ ਫਿਰ ਸੌਂ ਗਏ। ਤੜਕੇ ਤੱਕ ਮੈਨੂੰ ਮਹਿਸੂਸ ਹੁੰਦਾ ਰਿਹਾ ਜਿਵੇਂ ਮਿਲਖੀ ਸਾਰੀ ਰਾਤ ਹੀ ਪਾਸੇ ਮਾਰਦਾ ਰਿਹਾ ਹੋਵੇ।
ਮੂੰਹ ਹਨੇਰੇ ਉਠ ਕੇ ਉਸ ਨੇ ਚਾਹ ਬਣਾਈ। ਮੂੰਹ ਹੱਥ ਧੋ ਕੇ ਮੈਂ ਚਾਹ ਪੀਤੀ, ਗੁਰਮੀਤ ਨੇ ਵੀ ਤੇ ਫਿਰ ਟੀਟੂ ਨੂੰ ਜਗਾ ਕੇ ਅਸੀਂ ਚਾਹ ਪਿਆ ਦਿੱਤੀ। ਖਾਰੀ ਖਾਰੀ ਚਾਹ ਲੱਗੀ ਤਾਂ ਸੁਆਦ ਜਿਹੀ ਪਰ ਅਸੀਂ ਥੋੜੀ ਥੋੜੀ ਹੀ ਪੀ ਸਕੇ। ਪੈਂਟ ਪਾ ਕੇ ਮੇਂ ਸਿਰ ਉਤੇ ਪੱਗ ਧਰ ਲਈ ਤੇ ਸਾਈਕਲ ਦੇ ਚੱਕਿਆਂ ਦੀ ਹਵਾ ਟੋਹੀ।
‘ਛੋਟੇ ਭਾਈ, ਇਹ ਤਿਆਰੀ ਜੀ ਕੀ ਕਰਦਾ ਫਿਰਦੈ? ਜੰਗਲ ਪਾਣੀ ਚਲਦੇ ਆਂ। ਨਹਾਓ ਧਓ। ਰੋਟੀ ਖਾ ਕੇ ਜਾਇਓ।’
ਖਾਰਾ ਦੁੱਧ
215