ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/216

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਨਹੀਂ ਬਾਈ, ਧੁੱਪ ਚੜ੍ਹ ਜੂ ਫੇਰ, ਰੋਟੀ ਤਾਂ ਓਥੇ ਜਾ ਕੇ ਈ ਖਾਵਾਂਗੇ ਹੁਣ। ਨਹਾਵਾਂਗੇ ਵੀ ਉਥੇ ਈ।’

'ਉਏ ਕਿਹੜੀ ਚੜ੍ਹ ਜੁ ਚੁੱਪ, ਵੱਡਿਆ ਅਫ਼ਸਰਾ। ਐਨੀ ਕਾਹਲ ਨਾ ਕਰ।’

‘ਐਨੀ ਕਾਹਲ ਵਾਲੀ ਤਾਂ ਕੋਈ ਗੱਲ ਨੀ। ਪਰ ਠੰਢੇ ਠੰਢੇ ਈ ਠੀਕ ਐ, ਜੰਗਲ-ਪਾਣੀ ਰਾਹ ’ਚ ਈ ਹੋਲਾਂਗੇ।’

ਉਹ ਉੱਚੀ-ਉੱਚੀ ਹੱਸਿਆ। ਸਿਰ ਦੁਆਲੇ ਸਮੋਸਾ ਲਪੇਟਿਆ ਤੇ ਖੁੱਲ੍ਹੀ ਦਾੜ੍ਹੀ ਦੀ ਗੁੱਟੀ ਕਰਕੇ ਪੰਪ ਤੋਂ ਪਾਣੀ ਦਾ ਡੋਲੂ ਭਰ ਲਿਆ। ਮੇਰੀ ਬਾਂਹ ਫੜ ਕੇ ਕਹਿਣ ਗਿਆ, ‘ਆ ਚੱਲੀਏ, ਆਹ ਨਿਆਈਆਂ 'ਚ ਜਾ ਔਨੇ ਆਂ।’

ਨਿਆਈ ’ਚੋਂ ਆ ਕੇ ਮੈਂ ਫਿਰ ਕਾਹਲ ਕੀਤੀ। ਉਸ ਨੇ ਪਾਣੀ ਦੀ ਬਾਲਟੀ ਭਰੀ ਤੇ ਹੁਕਮ ਦੇ ਦਿੱਤਾ, ‘ਚੱਲ, ਨਾ।’ ਤੇ ਗੁਰਮੀਤ ਨੂੰ ਕਿਹਾ, ‘ਗੁਰਮੀਤ ਕੁਰੇ, ਤੂੰ ਚਾਹ ਧਰ ਲੈ ਫੇਰ। ਬੱਕਰੀ ਚੋਨਾਂ ਮੈਂ। ਤਿੱਖੀ ਜ੍ਹੀ ਬਣੌਨੇ ਆ ਚਾਹ। ਸੁਆਦ ਨੀ ਆਇਆ ਪਹਿਲਾਂ ਤਾਂ ਕੁਛ।’

ਪਿੰਡ ਤੋਂ ਬਾਹਰ ਕਾਫ਼ੀ ਦੂਰ ਤੀਕ ਉਹ ਸਾਨੂੰ ਛੱਡਣ ਆਇਆ। ਪਹੇ ਵਿੱਚ ਟੀਟੂ ਕਹਿੰਦਾ, ‘ਅੱਤੀ (ਅੱਟੀ)’ ਗੁਰਮੀਤ ਬਹਿ ਕੇ ਉਸ ਨੂੰ ਟੱਟੀ ਫਿਰਾਉਣ ਲੱਗ ਪਈ ਤੇ ਫਿਰ ਨੇੜੇ ਹੀ ਚਲ ਰਹੇ ਹਲਟ ’ਤੇ ਉਹਦੇ ਹੱਥ ਧੋਣ ਚਲੀ ਗਈ। ਮਿਲਖੀ ਚੁੱਪ ਚਾਪ ਮੇਰੇ ਕੋਲ ਖੜ੍ਹਾ ਰਿਹਾ। ਮੈਂ ਵੀ ਕੁਝ ਨਹੀਂ ਸੀ ਬੋਲ ਰਿਹਾ। ਗੁਰਮੀਤ ਟੀਟੂ ਨੂੰ ਗੋਦੀ ਚੁੱਕੀ ਜਦ ਸਾਡੇ ਵੱਲ ਆ ਰਹੀ ਸੀ ਮਿਲਖੀ ਨੇ ਹੌਲੀ ਦੇ ਕੇ ਬੁੱਲ੍ਹ ਹਿਲਾਏ ‘ਤੇ ਫੇਰ ਕਰ ਨੀਂ ਗੱਲ, ਜੇ ਸਿਰੇ ਚੜ੍ਹਦੀ ਐ।’

‘ਕਿਹੜੀ ਗੱਲ?’ ਮੈਂ ਚੌਂਕਿਆ।

‘ਉਹੀ, ਜੀਹਦੀ ਰਾਤ ਕਰਦਾ ਸੀ ਗੱਲ ਤੂੰ। ਮੁੰਡੇ ਤੇ ਕੁੜੀ ਵਾਲੀ ਤੀਵੀਂ ਦੀ।’

ਇੱਕ ਬਿੰਦ ਮੈਂ ਪਤਾ ਨਹੀਂ ਕੀ ਸੋਚਦਾ ਰਿਹਾ ਤੇ ਫਿਰ ਕਿਹਾ, ‘ਚੰਗਾ, ਮੈਂ ਕਰੂੰਗਾ ਪਤਾ। ਤੈਨੂੰ ਚਿੱਠੀ ਲਿਖੂੰ ਫੇਰ।’

‘ਚਿੱਠੀ ਨੂੰ ਕੀਅ ਐ। ਮੈਂ ਆਪ ਈ ਆ ਜੂ। ਤੂੰ ਮਾੜਾ ਜ੍ਹਾ ਸੁਨੇਹਾ ਭੇਜ ਦੀਂ।’

ਗੁਰਮੀਤ ਨੇੜੇ ਆ ਚੁੱਕੀ ਸੀ। ਮੈਂ ਮਿਲਖੀ ਨੂੰ ਮੱਥਾ ਟੇਕਿਆ। ਮੱਥਾ ਮੰਨ ਕੇ ਉਸ ਨੇ ਮੇਰੇ ਨਾਲ ਹੱਥ ਮਿਲਾਇਆ। ਗੁਰਮੀਤ ਨੇ ਉਸ ਦੇ ਪੈਰੀਂ ਹੱਥ ਲਾ ਦਿੱਤੇ। ਮਿਲਖੀ ਨੇ ਟੀਟੂ ਦੀ ਗੱਲ੍ਹ 'ਤੇ ਹੱਥ ਫੇਰ ਕੇ ਪਿਆਰ ਦਿੱਤਾ। ਅਸੀਂ ਚੱਲ ਪਏ। ਥੋੜ੍ਹੀ ਦੂਰ ਜਾ ਕੇ ਮੈਂ ਪਿਛਾਂਹ ਝਾਕਿਆਂ, ਮਿਲਖੀ ਸਾਡੇ ਵੱਲ ਮੁੜ-ਮੁੜ ਦੇਖਦਾ ਹੌਲੀ-ਹੌਲੀ ਪਿੰਡ ਨੂੰ ਜਾ ਰਿਹਾ ਸੀ। *

216

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ