ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/217

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਦੋਸਤ ਤੇ ਉਸਦੀ ਪਤਨੀ

ਰਮੇਸ਼ ਮੇਰਾ ਪੱਕਾ ਯਾਰ ਸੀ। ਸਾਡੀਆਂ ਕਈ ਗੱਲਾਂ ਸਾਂਝੀਆਂ ਸਨ। ਸਾਡੇ ਕਈ ਭੇਤ ਸਾਂਝੇ ਸਨ। ਕਈ ਸਾਲਾਂ ਤੋਂ ਸਾਡੀ ਸਾਂਝ ਚੰਗੀ ਨਿਭ ਰਹੀ ਸੀ। ਜਦ ਮੇਰਾ ਵਿਆਹ ਸੀ, ਜੰਞ ਵਿਚ ਦਸ ਬਾਰਾਂ ਦੋਸਤਾਂ ਵਿਚ ਰਮੇਸ਼ ਨੂੰ ਵੀ ਸੱਦਿਆ ਹੋਇਆ ਸੀ। ਤੇ ਫਿਰ ਜਦ ਰਮੇਸ਼ ਦਾ ਵਿਆਹ ਸੀ, ਉਸ ਨੇ ਵੀ ਮੈਨੂੰ ਆਪਣੀ ਜੰਝ ਵਿਚ ਬੁਲਾਇਆ ਸੀ। ਮੈਂ ਗਿਆ ਵੀ ਸੀ।

ਕੰਮਾਂ ਕਾਰਾਂ ਦੇ ਚੱਕਰ ਹੀ ਐਸੇ ਸਨ। ਰਮੇਸ਼ ਦੇ ਵਿਆਹ ਤੋਂ ਬਾਅਦ ਫਿਰ ਮੈਂ ਕਦੀ ਉਸ ਦੇ ਘਰ ਨਹੀਂ ਸੀ ਗਿਆ। ਉਹ ਜਿਸ ਸ਼ਹਿਰ ਦਾ ਰਹਿਣ ਵਾਲਾ ਸੀ, ਉਸ ਸ਼ਹਿਰ ਤੋਂ ਬਹੁਤ ਦੂਰ ਮੈਂ ਆਪਣੇ ਕੰਮ ਤੇ ਸਾਂ। ਤੇ ਫਿਰ ਜਦ ਮੈਂ ਉਸ ਦੇ ਸ਼ਹਿਰ ਦੇ ਨੇੜੇ ਹੀ ਆ ਗਿਆ ਤਾਂ ਉਸ ਨੂੰ ਬੜੀ ਖੁਸ਼ੀ ਹੋਈ ਸੀ। ਉਸ ਦੇ ਸ਼ਹਿਰ ਵਿਚ ਜਦ ਅਸੀਂ ਮਿਲੇ ਸਾਂ ਤਾਂ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਸੀ ਅਤੇ ਬੜੇ ਚਾਅ ਨਾਲ ਕਿਹਾ ਸੀ ਕਿ ਜਦ ਵੀ ਮੈਂ ਸ਼ਹਿਰ ਆਵਾਂ, ਉਸ ਦੇ ਘਰ ਜ਼ਰੂਰ ਆਇਆ ਕਰਾਂ।

ਮੈਂ ਕਈ ਵਾਰ ਉਸ ਦੇ ਸ਼ਹਿਰ ਗਿਆ ਤੇ ਕਈ ਵਾਰ ਰਮੇਸ਼ ਬਜ਼ਾਰ ਵਿਚ ਮਿਲਿਆ ਵੀ, ਪਰ ਮੈਂ ਕੰਮਾਂ ਦੀ ਕਾਹਲ ਵਿਚ ਉਸ ਦੇ ਘਰ ਨਾ ਜਾ ਸਕਿਆ।

ਉਸ ਸ਼ਹਿਰ ਤੋਂ ਨੇੜੇ ਹੀ ਇੱਕ ਪਿੰਡ ਵਿਚ ਮੈਂ ਰਹਿੰਦਾ ਸਾਂ ਤੇ ਆਪਣਾ ਧੰਦਾ ਕਰਦਾ ਸੀ। ਉਹ ਪਿੰਡ ਸੜਕ ਤੇ ਹੀ ਸੀ।

ਰਮੇਸ਼ ਦਾ ਆਪਣਾ ਕੰਮ ਐਸਾ ਹੀ ਸੀ ਕਿ ਉਸ ਨੂੰ ਹਰ ਸ਼ਹਿਰ ਵਿਚ ਤੇ ਵੱਡੇ ਵੱਡੇ ਕਸਬਿਆਂ ਵਿਚ ਚੱਕਰ ਲਾਉਣੇ ਪੈਂਦੇ ਸਨ। ਇਕ ਵਾਰੀ ਜਦ ਉਹ ਉਸ ਪਿੰਡ ਕੋਲ ਦੀ ਬੱਸ ਵਿਚ ਲੰਘਿਆ ਤਾਂ ਮੈਂ ਚਾਣਚੱਕ ਅੰਡੇ 'ਤੇ ਹੀ ਉਸ ਨੂੰ ਬੱਸ ਵਿਚ ਬੈਠੇ ਨੂੰ ਦੇਖ ਲਿਆ ਤੇ ਕਿਹਾ ਕਿ ਮੁੜਦਾ ਹੋਇਆ ਉਹ ਉਸ ਰਾਤ ਮੇਰੇ ਕੋਲ ਠਹਿਰੇ। ਗੱਲਾਂ ਕਰਾਂਗੇ ਤੇ ਨਾਲੇ ਭਾਬੀ ਨਾਲ ਮੁਲਾਕਾਤ ਕਰ ਲਈਂ।" ਮੈਂ ਉਸ ਨੂੰ ਜ਼ੋਰ ਪਾ ਕੇ ਕਿਹਾ ਤੇ ਉਹ ਮੰਨ ਗਿਆ।

ਉਸ ਦਿਨ ਤੋਂ ਬਾਅਦ ਉਹ ਫੇਰ ਕਈ ਵਾਰੀ ਮੇਰੇ ਕੋਲ ਆ ਗਿਆ ਸੀ। ਮੇਰੀ ਪਤਨੀ ਨਾਲ ਉਹ ਕਾਫੀ ਖੁੱਲ੍ਹ ਗਿਆ ਸੀ। ਕਦੀ ਕਦੀ ਗੱਲਾਂ ਕਰਦੇ ਉਹ ਮੈਨੂੰ ਇਉਂ ਲਗਦੇ, ਜਿਵੇਂ ਕਦੇ ਦੇ ਇਕ ਦੂਜੇ ਨੂੰ ਜਾਣਦੇ ਹੋਣ। ਉਹ ਉਸ ਨੂੰ ਉਸ ਦਾ ਨਾਂ ਲੈ ਕੇ ਬੁਲਾਉਂਦਾ ਤੇ ਉਹ ਉਸ ਨੂੰ ‘ਭਰਾ ਜੀ’ ‘ਭਰਾ ਜੀ’ ਕਹਿੰਦੀ ਨਾ ਥੱਕਦੀ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਸੀ ਕਿ ਰਮੇਸ਼ ਮੇਰਾ ਦੋਸਤ ਮੇਰੇ ਘਰ ਵਿਚ ਇਸ ਤਰ੍ਹਾਂ ਵਿਚਰ

ਮੇਰਾ ਦੋਸਤ ਤੇ ਉਸਦੀ ਪਤਨੀ

217