ਤੂੰ ਵੀ ਮੁੜ ਆ, ਸਦੀਕ
ਹੁਣ ਤੱਕ ਤਾਂ ਤੈਨੂੰ ਯਾਦ ਵੀ ਨਹੀਂ ਰਹਿ ਗਿਆ ਹੋਵੇਗਾ ਕਿ ਬਚਪਨ ਵਿੱਚ ਤੇਰੇ ਨਾਲ ਇੱਕ ਜੱਟਾਂ ਦਾ ਮੁੰਡਾ ਜਰਨੈਲ ਖੇਡਦਾ ਹੁੰਦਾ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਤੈਨੂੰ ਹੁਣ ਤੱਕ ਯਾਦ ਰੱਖਿਆ ਹੋਵੇ ਤੇ ਤੂੰ ਮੈਨੂੰ ਭੁੱਲ ਗਿਆ ਹੋਵੇਂ। ਮੇਰੇ ਤਾਂ ਤੂੰ ਯਾਦ ਕੀ, ਹਮੇਸ਼ਾ ਹਿੱਕ ਉੱਤੇ ਚੜ੍ਹਿਆ ਰਹਿੰਦਾ ਹੈ, ਦਿਮਾਗ਼ ਵਿੱਚ ਘੁੰਮਦਾ ਹੈਂ। ਮੈਂ ਹਮੇਸ਼ਾ ਤੈਨੂੰ ਆਪਣੇ ਨਾਲ, ਆਪਣੇ ਅੰਗ-ਸੰਗ ਮਹਿਸੂਸ ਕੀਤਾ ਹੈ। ਜਿਵੇਂ ਤੂੰ ਐਥੇ ਕਿਤੇ ਹੀ ਹੋਵੇਂ, ਪਰ ਮੇਰੇ ਸਾਹਮਣੇ ਨਾ ਆ ਰਿਹਾ ਹੋਵੇਂ।
ਆਪਾਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਚਾਰ ਜਮਾਤਾਂ ਤੱਕ ਇਕੱਠੇ ਪੜ੍ਹੇ ਸੀ। ਚੌਥੀ ਜਮਾਤ ਵਿੱਚ ਪੜ੍ਹਦੇ ਹੀ ਸੀ ਕਿ ਪਾਕਿਸਤਾਨ ਬਣ ਗਿਆ। ਤੈਨੂੰ ਇਹ ਵੀ ਯਾਦ ਹੋਵੇਗਾ ਕਿ ਆਪਣੇ ਨਾਲ ਇੱਕ ਮੁੰਡਾ ਬਾਣੀਆਂ ਦਾ ਪੜ੍ਹਦਾ ਹੁੰਦਾ। ਆਪਣੇ ਹੀ ਅਗਵਾੜ ਦਾ। ਉਹਦਾ ਨਾਉਂ ਨੰਦ ਲਾਲ ਸੀ। ਉਹਦਾ ਘਰ ਸਾਡੇ ਗੁਆਂਢ ਵਿੱਚ
ਸੀ।
ਤੈਨੂੰ ਯਾਦ ਹੋਵੇਗਾ, ਇੱਕ ਵਾਰ ਮਾਸਟਰ ਬਾਬੂ ਰਾਮ ਦੀ ਘਰਵਾਲੀ ਨੇ ਆਪਾਂ ਚਾਰ ਮੁੰਡਿਆਂ ਨੂੰ ਬਾਹਰ ਖੇਤਾਂ ਵਿੱਚ ਬੇਰ ਲੈਣ ਭੇਜ ਦਿੱਤਾ ਸੀ। ਚਮਿਆਰਾਂ ਦਾ ਖੇਤੂ ਬੇਰੀ ਉੱਤੇ ਚੜ੍ਹ ਕੇ ਡਾਹਣਾ ਹਲੂਣਦਾ ਤੇ ਬੇਰਾਂ ਨੂੰ ਡੰਡਾ ਮਾਰਦਾ। ਥੱਲਿਓਂ ਆਪਾਂ ਤਿੰਨੇ ਧਰਤੀ ਉੱਤੇ ਡਿੱਗੇ ਬੇਰ ਚੁਗ਼ਦੇ ਜਾ ਰਹੇ ਸਾਂ ਕਿ ਖੇਤ ਦਾ ਮਾਲਕ ਆ ਗਿਆ। ਉਹ ਦੂਰੋਂ ਹੀ ਉੱਚਾ-ਉੱਚਾ ਬੋਲਦਾ, ਹੋਕਰੇ ਮਾਰਦਾ ਤੇ ਗਾਲ੍ਹਾਂ ਕੱਢਦਾ ਆ ਰਿਹਾ ਸੀ- 'ਕਿਹੜੇ ਓ ਓਏ ਤੁਸੀਂ, ਕਾਕੜੇ ਝਾੜਦੇ? ਥੋਡੀ ਮੈਂ ਮਾਂ ਦੀ... ਖੜ ਜੋ ... ਆ ਲੈਣ ਦਿਓ 'ਕੇਰਾਂ ਮੈਨੂੰ।'
ਡਰਦਾ ਮਾਰਿਆ ਖੇਤੂ ਥੱਲੇ ਉੱਤਰ ਆਇਆ। ਉੱਤਰ ਕੀ ਆਇਆ, ਡਾਹਣੇ ਤੋਂ ਥੱਲੇ ਲਮਕ ਕੇ ਹੱਥ ਛੱਡ ਦਿੱਤੇ। ਜੱਟ ਕੋਲ ਕੱਖਾਂ ਦੀ ਭਰੀ ਬੰਨ੍ਹਣ ਲਈ ਢੀਂਡੀ ਵਾਲਾ ਰੱਸਾ ਸੀ ਤੇ ਦਾਤੀ। ਉਹਨੇ ਆਪਾਂ ਚਾਰਾਂ ਨੂੰ ਇੱਕ ਕਤਾਰ ਵਿੱਚ ਖੜ੍ਹਾ ਲਿਆ। ਮੈਨੂੰ ਕਿਹਾ, 'ਤੂੰ ਐਧਰ ਖੜ੍ਹ ਓਏ ਇੱਕ ਪਾਸੇ। ਤੇਰਾ ਤਾਂ ਫੇਰ ਪੁੱਛੂ ਗੋਤ ਮੈਂ, ਪਹਿਲਾਂ ਏਸ ਨਿੱਕੀ-ਸੁੱਕੀ ਜਾਤ ਨੂੰ ਕਰਾਂ ਲੋਟ।' ਉਹਨੇ ਰੱਸੇ ਨਾਲ ਖੇਤੂ ਦੀ ਬਾਂਹ ਬੰਨ੍ਹ ਲਈ, ਫੇਰ ਤੇਰੀ ਬਾਂਹ ਬੰਨ੍ਹੀ, ਨੰਦ ਲਾਲ ਦੀ ਬਾਂਹ ਨੂੰ ਰੱਸਾ ਥੋੜ੍ਹਾ ਰਹਿ ਗਿਆ। ਉਹਦੇ ਵਾਰੀ ਉਹ ਬੋਲਿਆ- 'ਹੁਣ ਕਰਿਆੜਾ, ਤੇਰੀ ਬਾਂਹ ਤਾਂ ਮੈਂ ਦਾਤੀ ਨਾਲ ਵੱਢੂੰ। ਆ ਦੇਖ ਦਾਤੀ, ਦੀਂਹਦੀ ਐ?' ਨੰਦ ਲਾਲ ਚੀਕਾਂ ਮਾਰਨ ਲੱਗਿਆ। ਤੂੰ ਤੇ ਖੇਤੂ ਵੀ ਰੋਣ ਲੱਗ ਪਏ। ਥੋਨੂੰ
ਤੂੰ ਵੀ ਮੁੜ ਆ, ਸਦੀਕ
23