ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਿੰਨਾਂ ਨੂੰ ਰੋਂਦੇ ਦੇਖ ਕੇ ਮੈਂ ਵੀ ਅੱਖਾਂ ਭਰ ਲਈਆਂ। ਮੈਨੂੰ ਉਹਨੇ ਫੋਕਾ ਦਬਕਾ ਮਾਰਿਆ- 'ਮਾਂ ਦਿਆ ਖਸਮਾਂ, ਆਵਦੀ ਦਿਆ, ਦੀਂਹਦਾ ਨ੍ਹੀਂ ਤੈਨੂੰ ਕਾਕੜੇ ਝਾੜੀ ਜਾਨੇ ਓਂ? ਚੱਲ ਘਰੇ, ਤੇਰੇ ਪਿਓ ਤੋਂ ਈ ਕਟਾਊਂ ਤੈਨੂੰ। ਤੈਨੂੰ ਤਾਂ ਉਹ ਦੇਊਂ ਧਨੇਸੜੀ।' ਉਹਨੇ ਮੇਰੇ ਵੱਲ ਲਫੇੜਾ ਉੱਘਰਿਆ ਸੀ।
ਖੇਤ ਵਾਲੇ ਜੱਟ ਦਾ ਇਹ ਸਭ ਡਰਾਮਾ ਸੀ, ਪਰ ਆਪਾਂ ਬਹੁਤ ਡਰ ਗਏ ਸੀ।
ਹੋਰ ਅਨੇਕਾਂ ਗੱਲਾਂ ਮੈਨੂੰ ਯਾਦ ਆ ਰਹੀਆਂ ਸਨ, ਜਿਵੇਂ ਕੋਈ ਫ਼ਿਲਮ ਚਲਦੀ ਹੋਵੇ। ਇਹ ਗੱਲਾਂ ਤੂੰ ਵੀ ਯਾਦ ਕਰਦਾ ਰਹਿੰਦਾ ਹੋਵੇਂਗਾ। ਯਾਦ ਕਰਦਾ ਹੋਵੇਂਗਾ ਤੇ ਆਪਣੀ ਧਰਤੀ ਨਾਲੋਂ ਵਿੱਛੜ ਕੇ ਉਦਾਸ ਵੀ ਹੋ ਜਾਂਦਾ ਹੋਵੇਂਗਾ।
ਕਈ ਵਰ੍ਹੇ ਹੋਏ, ਏਧਰੋਂ ਇੱਕ 'ਜਥੇ' ਵਿੱਚ ਗਏ ਬੰਦੇ ਨੇ ਦੱਸਿਆ ਸੀ ਕਿ ਤੂੰ ਲਾਹੌਰ ਨੇੜੇ ਦੇ ਇੱਕ ਪਿੰਡ ਵਿੱਚ ਰਹਿੰਦਾ ਹੈਂ। ਖੇਤੀ ਦਾ ਕੰਮ ਕਰਦਾ ਹੈਂ। ਤੇਰੇ ਬਾਲ ਬੱਚੇ ਵੀ ਹਨ। ਥੋੜ੍ਹੀ ਘਣੀ ਜ਼ਮੀਨ ਵੀ ਹੈ। ਏਧਰ ਵੀ ਤਾਂ ਤੁਹਾਡੀ ਜ਼ਮੀਨ ਹੁੰਦੀ ਸੀ। ਤੁਹਾਡੀ ਇਹ ਜ਼ਮੀਨ ਏਥੇ ਆ ਕੇ ਵਸੇ ਰਫ਼ਿਊਜੀਆਂ ਨੂੰ ਮਿਲ ਗਈ ਸੀ। ਕਈ ਵਰ੍ਹੇ ਤਾਂ ਉਹ ਏਥੇ ਰਹਿ ਕੇ ਖੇਤੀ ਕਰਦੇ ਰਹੇ। ਫੇਰ ਉਹ ਇਹ ਜ਼ਮੀਨ ਵੇਚ ਗਏ ਤੇ ਪਤਾ ਨਹੀਂ ਕਿੱਧਰ ਨੂੰ ਤੁਰ ਪਏ। ਤੁਹਾਡਾ ਘਰ ਵੀ ਉਹਨਾਂ ਕੋਲ ਹੁੰਦਾ ਸੀ। ਤੁਹਾਡਾ ਘਰ ਵੀ ਉਹ ਏਥੋਂ ਦੇ ਇੱਕ ਬੰਦੇ ਨੂੰ ਮੁੱਲ ਦੇ ਗਏ। ਬੜਾ ਅਜੀਬ ਲੱਗਿਆ ਸੀ, ਕਦੇ ਕੋਈ ਘਰ ਨੂੰ ਵੀ ਵੇਚ ਦਿੰਦਾ ਹੁੰਦਾ ਹੈ? ਇਹ ਘਰ ਓਵੇਂ ਦਾ ਓਵੇਂ ਖੜ੍ਹਾ ਹੈ, ਜਿਵੇਂ ਤੁਸੀਂ ਇਸ ਨੂੰ ਛੱਡ ਕੇ ਤੁਰ ਗਏ ਸੀ। ਪੱਕਾ ਘਰ ਹੈ। ਕੱਚੀਆਂ ਇੱਟਾਂ ਦਾ ਹੁੰਦਾ ਤਾਂ ਹੁਣ ਨੂੰ ਢਹਿਢੇਰੀ ਹੋ ਗਿਆ ਹੁੰਦਾ। ਤੁਹਾਡੀ ਜ਼ਮੀਨ ਨੂੰ ਹੁਣ ਤੱਕ ਵੀ ਲੋਕ 'ਜੁਲਾਹਿਆਂ ਆਲ਼ੀ' ਆਖਦੇ ਹਨ। ਜੁਲਾਹੇ ਤੁਹਾਡੀ ਜਾਤ ਸੀ, ਨਹੀਂ ਤਾਂ ਕੱਪੜਾ ਬੁਣਨ ਦਾ ਕੰਮ ਤੁਸੀਂ ਕਦੋਂ ਕਰਦੇ ਸੀ। ਪੰਜ-ਸੱਤ ਪੀੜ੍ਹੀਆਂ ਪਹਿਲਾਂ ਕੋਈ ਕਦੇ ਖੱਡੀ ਦਾ ਕੰਮ ਕਰਦਾ ਹੋਵੇਗਾ। ਤੁਸੀਂ ਤਾਂ ਜ਼ਮੀਨ ਵਾਲੇ ਜੁਲਾਹੇ ਸੀ। ਸਾਡੇ ਵਾਂਗ ਹੀ ਜ਼ਿਮੀਂਦਾਰ ਸੀ, ਤੁਸੀਂ ਯਾਰ। ਓਧਰ ਵੀ ਤਾਂ ਤੂੰ ਜ਼ਿਮੀਂਦਾਰ ਹੈਂ। ਲਾਹੌਰ ਸ਼ਹਿਰ ਵਿੱਚ ਏਧਰ ਦਾ ਜਿਹੜਾ ਬੰਦਾ ਤੈਨੂੰ ਮਿਲਿਆ ਸੀ, ਉਹਨੂੰ ਏਧਰਲੇ ਪਿੰਡਾਂ ਦਾ ਜਾਣ ਕੇ ਤੇ ਉਹਦੇ ਮੂੰਹੋਂ ਆਪਣੇ ਪਿੰਡ ਦਾ ਨਾਉਂ ਸੁਣ ਕੇ ਤੂੰ ਉਹਨੂੰ ਜੱਫੀ ਵਿੱਚ ਘੁੱਟ ਲਿਆ। ਪਿੰਡ ਦਾ ਹਾਲ-ਚਾਲ ਪੁੱਛਿਆ। ਮੇਰੇ ਬਾਰੇ ਬਹੁਤ ਗੱਲਾਂ ਕੀਤੀਆਂ। ਓਸ ਬੰਦੇ ਨੇ ਕਈ ਮਹੀਨਿਆਂ ਪਿੱਛੋਂ ਆਪਣੇ ਪਿੰਡ ਆ ਕੇ ਮੈਨੂੰ ਇਹ ਸਭ ਗੱਲਾਂ ਦੱਸੀਆਂ ਸਨ। ਮੇਰੇ ਸਾਹਮਣੇ ਉਸ ਦਿਨ ਤੇਰਾ ਸਮੁੱਚਾ ਵਜੂਦ ਸੀ। ਜਿਵੇਂ ਉਹ ਬੰਦਾ ਤੂੰ ਆਪ ਹੋਵੇਂ- 'ਸਾਵੇਂ ਦਾ ਸਾਵਾਂ ਸਦੀਕ।

ਇੱਕ ਹਨੇਰੀ ਝੁੱਲੀ ਸੀ, ਜਿਸ ਨੇ ਤੈਨੂੰ ਪਿੰਡੋਂ ਪੁੱਟ ਕੇ ਓਧਰ ਕਿਸੇ ਪਿੰਡ ਵਿੱਚ ਜਾ ਸੁੱਟਿਆ। ਤੇਰੇ ਜਾਣ ਬਾਅਦ ਧੂੜ ਵਗਦੀ ਰਹੀ, ਹਵਾ ਨਹੀਂ ਵਗੀ। ਦੇਸ਼ ਨੂੰ ਆਜ਼ਾਦੀ ਕਾਹਦੀ ਮਿਲੀ, ਹਰ ਪਾਸੇ ਬਰਬਾਦੀ ਹੀ ਬਰਬਾਦੀ ਫੈਲਣ ਲੱਗੀ। ਲੋਕਾਂ ਦਾ ਸੁਪਨਾ ਮਿੱਟੀ ਵਿੱਚ ਮਿਲ ਕੇ ਰਹਿ ਗਿਆ। ਉਹਨਾਂ ਨੇ ਤਾਂ ਚਾਹਿਆ ਸੀ ਕਿ ਅਮੀਰੀ-ਗ਼ਰੀਬੀ ਦਾ ਪਾੜਾ ਮਿਟ ਜਾਵੇਗਾ। ਛੋਟੇ ਲੋਕ ਅਮਨ ਚੈਨ ਨਾਲ ਰੱਜ ਕੇ ਰੋਟੀ ਖਾਣਗੇ। ਕਿਸੇ ਵੀ ਕਿਸਮ ਦੀ ਹੱਦਬੰਦੀ ਨਹੀਂ ਰਹੇਗੀ। ਭਾਰਤ ਦੇਸ਼ ਦੂਜੇ ਦੇਸ਼ਾਂ ਵਾਂਗ ਉੱਨਤੀ ਦੀਆਂ

24

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ