ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਥਾ: ਇੱਕ ਸੁੱਕੀ ਟਹਿਣੀ ਦੀ

ਪਿਆਰੋ ਦਾ ਕਸੂਰ ਬਸ ਐਨਾ ਸੀ ਕਿ ਉਹ ਉਸਤਰੇ-ਕੈਂਚੀਆਂ ਦਾ ਕੰਮ ਕਰਨ ਵਾਲੀ ਜਾਤ ਬਰਾਦਰੀ ਵਿੱਚ ਪੈਦਾ ਹੋ ਗਈ, ਪਰ ਇਸ ਵਿੱਚ ਉਹਦਾ ਕੀ ਕਸੂਰ ਸੀ? ਉਹਦੇ ਆਪਣੇ ਵੱਸ ਦੀ ਗੱਲ ਹੁੰਦੀ ਤਾਂ ਉਹ ਖੁਰਪੇ-ਕਹੀ ਦਾ ਕੰਮ ਕਰਨ ਵਾਲੇ ਘਰ ਜੰਮਦੀ ਤੇ ਆਪਣੇ ਮਹਿਬੂਬ ਮੁੰਡੇ ਸੁਦਾਗਰ ਸਿੰਘ ਨੂੰ ਸਹਿਜੇ ਹੀ ਹਾਸਲ ਕਰ ਲੈਂਦੀ।

ਉਸਤਰੇ-ਕੈਂਚੀ ਦਾ ਕੰਮ ਉਹਦਾ ਦਾਦਾ-ਪੜਦਾਦਾ ਕਰਦਾ ਹੋਵੇਗਾ, ਉਹਦਾ ਬਾਪ ਤਾਂ ਪਟਵਾਰੀ ਸੀ। ਸਾਰੀ ਉਮਰ ਜੱਟਾਂ ਨੂੰ ਲੁੱਟ-ਲੁੱਟ ਖਾਧਾ। ਪਿਆਰੇ ਤੇ ਗਿਆਨ ਦੋ ਹੀ ਭੈਣ-ਭਰਾ ਸਨ। ਉਹਦੇ ਬਾਪ ਨੇ ਦੋਵਾਂ ਨੂੰ ਬੀ. ਏ. ਤੱਕ ਪੜ੍ਹਾਇਆ। ਦੋਹਾਂ ਨੂੰ ਫੇਰ ਬੀ. ਐੱਡ. ਕਰਾਈ ਤੇ ਸਰਕਾਰੀ ਨੌਕਰੀ ਦਿਵਾਈ। ਗਿਆਨ ਦਾ ਵਿਆਹ ਵੀ ਅਗਾਂਹ ਇੱਕ ਮਾਸਟਰ ਕੁੜੀ ਨਾਲ ਹੋ ਗਿਆ। ਪਿਆਰੇ ਦੇ ਬਾਪ ਨੇ ਸ਼ਹਿਰ ਵਿੱਚ ਵਧੀਆ ਮਕਾਨ ਬਣਾਇਆ। ਉਹਦੀ ਤਮੰਨਾ ਸੀ, ਉਹਦਾ ਪੁੱਤਰ ਸਰਦਾਰਾਂ ਦੇ ਮੁੰਡਿਆਂ ਵਾਂਗ ਠਾਠ-ਬਾਠ ਨਾਲ ਰਹੇਗਾ ਤੇ ਉਹਦਾ ਨਾਉਂ ਉੱਚਾ ਕਰੇਗਾ। ਪਿਆਰੋ ਦਾ ਵਿਆਹ ਉਹ ਕਿਸੇ ਚੰਗੇ ਮੁੰਡੇ ਨਾਲ ਕਰੇਗਾ, ਜਿਹੜਾ ਅਫ਼ਸਰ ਲੱਗਿਆ ਹੋਵੇ। ਉਹਦੇ ਵਿਆਹ ਉੱਤੇ ਉਹ ਪੂਰਾ ਪੈਸਾ ਲਾਵੇਗਾ। ਚੀਜ਼ਾਂ-ਵਸਤਾਂ ਨਾਲ ਅਗਲੇ ਦਾ ਘਰ ਭਰ ਦੇਵੇਗਾ। ਨਕਦ ਪੈਸਾ ਵੀ ਦੇਵੇਗਾ। ਉਹਦੇ ਬਾਪ ਦਾ ਅੱਧਾ ਸੁਪਨਾ ਪੂਰਾ ਹੋਇਆ, ਅੱਧਾ ਸੁਪਨਾ ਕੱਦੂ ਦੀ ਵੇਲ ਵਾਂਗ ਮੱਚ ਕੇ ਰਹਿ ਗਿਆ। ਗਿਆਨ ਦਾ ਸਭ ਕੁਝ ਹੋ ਗਿਆ, ਪਰ ਪਿਆਰੋ ਵੱਲੋਂ ਉਹਦੇ ਬਾਪ ਦੀਆਂ ਅੱਖਾਂ ਧਰਤੀ ਵਿੱਚ ਵੜ ਗਈਆਂ। ਪਟਵਾਰੀ ਤਾਂ ਮੰਨ ਗਿਆ ਸੀ, ਗਿਆਨ ਵੱਲੋਂ ਖੁੱਲ੍ਹੀਆਂ ਛੁੱਟੀਆਂ ਸਨ, ਪਰ ਮਾਂ ਨੇ ਉਹਦੀ ਜ਼ਿੰਦਗੀ ਖ਼ਰਾਬ ਕੀਤੀ। ਅਖੇ- 'ਕੁੜੀ ਤੀਹੋਕਾਲ ਆਪਣੀ ਜਾਤ ਬਰਾਦਰੀ ਵਿੱਚ ਦੇਣੀ ਐ। ਐਨਾ ਪੜ੍ਹਾ ਲਿਖਾ ਕੇ ਇਹਨੂੰ ਜਾਤ-ਕੁਜਾਤ ਵਿੱਚ ਕਿਉਂ ਸਿੱਟਾਂ? ਕੀ ਆਖਣਗੇ ਗੁੱਜਰਵਾਲ ਆਲੇ ਮੇਰੇ ਮਾਪੇ?'

ਪਿਆਰੋ ਦੀ ਮਾਂ ਮਰਦੀ ਮਰ ਗਈ, ਪਰ ਮੰਨੀ ਨਹੀਂ। ਫੇਰ ਤਾਂ ਪਟਵਾਰੀ ਵੀ ਦਿਲ ਵਿੱਚ ਧੀ ਦਾ ਵਰਮ ਲੈ ਕੇ ਇਸ ਜਹਾਨ ਤੋਂ ਤੁਰਦਾ ਬਣਿਆ।

ਸੁਦਾਗਰ ਉਸੇ ਸ਼ਹਿਰ ਦਾ ਮੁੰਡਾ ਸੀ। ਉਹਦੇ ਬਾਪ ਕੋਲ ਟਰੈਕਟਰ ਏਜੰਸੀ ਸੀ। ਪਿੰਡ ਵਿੱਚ ਉਹਨਾਂ ਕੋਲ ਕੋਈ ਬਹੁਤੀ ਜ਼ਮੀਨ ਨਹੀਂ ਸੀ। ਸੁਦਾਗਰ ਦਾ ਬਾਪ ਇਕੱਲਾ ਸੀ। ਖੇਤੀ ਦਾ ਕੰਮ ਰਿੜ੍ਹਦਾ ਨਹੀਂ ਸੀ। ਉਹ ਦੁਖੀ ਰਹਿੰਦਾ। ਮੁਸ਼ਕਿਲ ਨਾਲ ਕਬੀਲਦਾਰੀ ਤੁਰਦੀ। ਉਹ ਦਸਵੀਂ ਪਾਸ ਸੀ। ਉਹਨੂੰ ਸਾਰਾ ਗਿਆਨ ਸੀ। ਕੁਝ ਵਰ੍ਹੇ ਖੇਤੀ ਦਾ ਤੱਤ

ਗਾਥਾ: ਇੱਕ ਸੁੱਕੀ ਟਹਿਣੀ ਦੀ

27