ਸੁਦਾਗਰ 'ਤੇ ਪਤਾ ਨਹੀਂ ਕਿਹੜਾ ਜਾਦੂ ਅਸਰ ਹੋਇਆ ਸੀ, ਉਹ ਕਿਵੇਂ ਬਾਪ ਦਾ ਹੁਕਮ ਮੰਨ ਗਿਆ ਸੀ। ਪਿਆਰੋ ਉਹਨੂੰ ਮਿਲਣਾ ਛੱਡ ਗਈ ਤੇ ਉਹ ਸਵਰਨ ਕੌਰ ਦੀ ਦੁਨੀਆ ਵਿੱਚ ਕਿਧਰੇ ਗੁਆਚ ਕੇ ਰਹਿ ਗਿਆ। ਦੋ-ਤਿੰਨ ਸਾਲ ਲੰਘ ਗਏ। ਇਸ ਦੌਰਾਨ ਸਵਰਨ ਕੌਰ ਕੋਲ ਇੱਕ ਮੁੰਡਾ ਹੋ ਗਿਆ। ਪਿਆਰੋ ਪੱਕੀ ਸਰਕਾਰੀ ਨੌਕਰੀ ਉੱਤੇ ਲੱਗ ਚੁੱਕੀ ਸੀ।ਉਹਨੇ ਸੋਚ ਲਿਆ ਸੀ, ਉਹ ਏਵੇਂ ਹੀ ਜ਼ਿੰਦਗੀ ਬਸਰ ਕਰੇਗੀ, ਇਕੱਲੀ ਅਕਹਿਰੀ।
ਦਿਨ ਨਿੱਕਲਦੇ ਗਏ। ਸੁਦਾਗਰ ਨੂੰ ਲੱਗਦਾ ਉਹ ਸਵਰਨ ਕੌਰ ਦੇ ਵਿਆਹ ਬੰਧਨ ਵਿੱਚ ਉਲਝ ਕੇ ਰਹਿ ਗਿਆ ਹੈ। ਉਹਦਾ ਜੀਅ ਕਰਦਾ, ਉਹ ਪਿਆਰੋ ਨੂੰ ਮਿਲੇ ਤੇ ਉਹਦੇ ਕੋਲੋਂ ਮਾਫ਼ੀ ਮੰਗੇ। ਰੋ-ਰੋ ਕੇ ਆਪਣੀ ਨਿਰਬਲਤਾ ਦੱਸੋ। ਆਖੇ ਕਿ ਉਹਦਾ ਨਾ ਤਾਂ ਆਪਣੇ ਕਾਰੋਬਾਰ ਵਿੱਚ ਦਿਲ ਗੁੜਦਾ ਹੈ ਤੇ ਨਾ ਉਹਦੀ ਪਤਨੀ-ਮੁੰਡਾ ਉਹਦਾ ਕੋਈ ਸੰਸਾਰ ਹੈ। ਉਹ ਉਦਾਸ ਰਹਿੰਦਾ ਹੈ। ਪਿਆਰੋ ਦਾ ਬੋਲ ਸੁਣਨ ਨੂੰ ਤਰਸ ਗਿਆ ਹੈ। ਉਹਨਾਂ ਦਾ ਵਿਆਹ ਤਾਂ ਨਾ ਹੋ ਸਕਿਆ, ਕੀ ਉਹ ਐਨਾ ਵੀ ਨਹੀਂ ਕਰ ਸਕਦੀ ਕਿ ਕਦੇ-ਕਦੇ ਦੋ ਬੋਲ ਹੀ ਸਾਂਝੇ ਕਰ ਲਿਆ ਕਰੇ? ਦੋਵਾਂ ਦਾ ਮਨ ਹੌਲ਼ਾ ਹੋ ਜਾਇਆ ਕਰੇਗਾ।
ਇੱਕ ਦਿਨ ਉਹ ਪਿਆਰੋ ਦੇ ਸਕੂਲ ਗਿਆ ਤੇ ਕਿਹਾ- 'ਮੈਂ ਗੁਰਪਿਆਰ ਕੌਰ ਭੈਣ ਜੀ ਨੂੰ ਮਿਲਣੈ'।
'ਤੁਸੀਂ ਕੌਣ ਓ?' ਪ੍ਰਿੰਸੀਪਲ ਨੇ ਪੁੱਛਿਆ।
'ਮੈਂ ਕਜ਼ਨ ਆ ਉਹਨਾਂ ਦਾ। ਸੁਦਾਗਰ ਸਿੰਘ ਦਾ ਨਾਂ ਲੈ ਦਿਓ, ਬੀਬੀ ਆਪੇ ਸਮਝ ਜੂਗੀ।'
ਸਟਾਫ਼ ਰੂਮ ਵਿਚੋਂ ਉੱਠ ਕੇ ਉਹ ਆਈ, ਦੋਵਾਂ ਨੇ ਹੱਥ ਜੋੜ ਕੇ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਆਖੀ ਤੇ ਮੁਸਕਰਾਏ। ਉਹ ਪਿੱਪਲ ਥੱਲੇ ਕੁਰਸੀਆਂ ਲੈ ਕੇ ਬੈਠ ਗਏ ਤੇ ਉੱਖੜੀਆਂ-ਉੱਖੜੀਆਂ ਗੱਲਾਂ ਕਰਨ ਲੱਗੇ। ਧੌਲ਼ੇ ਝਾਟੇ ਵਾਲੀ ਰਸਮਰੋੜ ਪ੍ਰਿੰਸੀਪਲ ਦੋ ਵਾਰ ਹਾਲ ਕਮਰੇ ਤੋਂ ਬਾਹਰ ਆ ਕੇ ਬਹਾਨੇ ਨਾਲ ਉਹਨਾਂ ਨੂੰ ਦੇਖ ਗਈ ਸੀ। ਤੀਜੀ ਵਾਰ ਉਸਨੇ ਦਸਵੀਂ ਦੀ ਇੱਕ ਕੁੜੀ ਨੂੰ ਭੇਜਿਆ- 'ਜਾਹ ਗੁਰਪਿਆਰ ਭੈਣ ਜੀ ਨੂੰ ਆਖ, ਤੁਹਾਡਾ ਪੀਰੀਅਡ ਐ।'
ਉਹਨੇ ਪੀਰੀਅਡਾਂ ਦੀ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਦੀਆਂ ਗੱਲਾਂ ਹੁਣ ਉੱਖੜੀਆਂ-ਉੱਖੜੀਆਂ ਨਾ ਰਹਿ ਕੇ ਨਿੱਕੀਆਂ-ਨਿੱਕੀਆਂ ਹੋ ਗਈਆਂ ਸਨ। ਛੋਟੇ-ਛੋਟੇ ਫਿਕਰੇ, ਜਿਹਨਾਂ, ਦਾ ਕਦੇ-ਕਦੇ ਕੋਈ ਵੀ ਮਤਲਬ ਨਾ ਨਿੱਕਲਦਾ। ਚਪੜਾਸਣ ਕਹਿਣ ਆਈ ਤਾਂ ਉਹ ਫ਼ੈਸਲਾ ਕਰ ਚੁੱਕੇ ਸਨ ਕਿ ਉਹ ਕੱਲ੍ਹ ਨੂੰ ਹੀ ਸਵੇਰ ਦੀ ਪਹਿਲੀ ਬੱਸ ਫੜ ਕੇ ਚੰਡੀਗੜ੍ਹ ਜਾਣਗੇ ਤੇ ਓਥੇ ਜਾ ਕੇ ਹੀ ਰੱਜ ਕੇ ਗੱਲਾਂ ਕਰਨਗੇ। ਪਿੱਪਲ ਥੱਲਿਓਂ ਉਹ ਉੱਠੇ ਤਾਂ ਉਹਨਾਂ ਦੀਆਂ ਬਾਕੀ ਬਚਦੀਆਂ ਗੱਲਾਂ ਵਿੱਚ ਹਾਲੇ ਵੀ ਅਪਣੱਤ ਤੇ ਰੋਸਿਆਂ ਦਾ ਮਿਲਿਆ-ਜੁਲਿਆ ਰੰਗ ਸੀ।
ਕੰਧਾਂ ਨਾਲ ਕੀਤੀ ਗੱਲ ਵੀ ਇੱਕ ਦਿਨ ਬਾਹਰ ਨਿੱਕਲ ਜਾਂਦੀ ਹੈ ਤੇ ਫੇਰ ਖੰਭ ਲਾ ਕੇ ਉੱਡਦੀ ਹੈ। ਸਵਰਨ ਕੌਰ ਕੀ, ਗੁੱਝਾ-ਗੁੱਝਾ ਸਭ ਨੂੰ ਪਤਾ ਸੀ ਕਿ ਸੁਦਾਗਰ ਤੇ