ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੋ ਸ਼ਹਿਰੋਂ ਬਾਹਰ ਜਾ ਕੇ ਰਾਤਾਂ ਕੱਟਦੇ ਹਨ। ਵਿਆਹ ਤਾਂ ਉਹਨਾਂ ਦਾ ਨਹੀਂ ਹੋ ਸਕਿਆ ਸੀ, ਪਰ ਇਸ ਤਰ੍ਹਾਂ ਤੁਰਨ-ਫਿਰਨ ਤੋਂ ਨਾ ਸੁਦਾਗਰ ਦਾ ਬਾਪ ਉਹਨੂੰ ਰੋਕ ਸਕਦਾ ਸੀ ਤੇ ਨਾ ਪਿਆਰੋ ਦੀ ਮਾਂ। ਸਵਰਨ ਬੋਲਦੀ ਤਾਂ ਸੁਦਾਗਰ ਉਹਨੂੰ ਪਾਂਡੂ ਦੇ ਪਾਥੜੇ ਵਾਂਗ ਕੱਪੜੇ ਧੋਣ ਵਾਲੀ ਥਾਪੀ ਨਾਲ ਭੰਨ ਸੁੱਟਦਾ। ਉਹ ਬੋਲ-ਬੋਲ ਕੇ ਥੱਕ ਚੁੱਕੀ ਸੀ। ਨਿੱਤ ਆਪਣੇ ਹੱਡ ਕਿਵੇਂ ਕੁਟਵਾਉਂਦੀ ਰਹਿੰਦੀ। ਮਾਪਿਆਂ ਦਾ ਵੀ ਕੋਈ ਜ਼ੋਰ ਨਹੀਂ ਸੀ ਚੱਲਦਾ। ਸੁਦਾਗਰ ਆਪਣੇ ਰਾਹ ਤੋਂ ਹਟਦਾ ਨਹੀਂ ਸੀ। ਸਵਰਨ ਕੌਰ ਅਖ਼ੀਰ ਚੁੱਪ ਹੋ ਗਈ। ਸੱਸ-ਸਹੁਰਾ ਸਮਝਾਉਂਦੇ- 'ਤੂੰ ਭਾਈ ਆਵਦਾ ਮੁੰਡਾ ਪਾਲ, ਰੱਬ ਨੇ ਲਾਲ ਦੇ 'ਤਾ, ਇਹੀ ਤੇਰਾ ਸਹਾਰਾ ਬਣੂ। ਉਹ ਕੰਜਰ ਨ੍ਹੀਂ ਸਮਝਦਾ ਹੁਣ, ਖੂਹ 'ਚ ਲੱਤਾਂ ਲਮਕਾਈਆਂ ਨੇ ਤਾਂ ਮਰਨ ਦੇ ਕਮੂਤ ਨੂੰ। ਤੇਰਾ ਖ਼ਸਮ ਮੁੱਕ ਗਿਆ, ਸਾਡਾ ਪੁੱਤ ਮੁੱਕ ਗਿਆ।'

ਸਵਰਨ ਕੌਰ ਦਾ ਕਿਧਰੇ ਵੀ ਦਿਲ ਨਹੀਂ ਠਹਿਰਦਾ ਸੀ। ਉਹ ਬੀਮਾਰ ਰਹਿਣ ਲੱਗੀ ਤੇ ਫਿਰ ਦਿਮਾਗ਼ ਹਿਲਾ ਬੈਠੀ। ਆਪਣੇ ਆਪ ਨਾਲ ਹੀ ਗੱਲਾਂ ਕਰਦੀ। ਸਿਰ ਉੱਤੇ ਦੱਬ ਕੇ ਕੋਈ ਭਾਂਡਾ ਮਾਰ ਲੈਂਦੀ। ਚੀਕਾਂ ਮਾਰਨ ਲੱਗਦੀ। ਰੋਂਦੀ ਰਹਿੰਦੀ। ਸੱਸ-ਸਹੁਰੇ ਨੂੰ ਉਹ ਸਾਂਭਣੀ ਔਖੀ ਹੋ ਗਈ। ਜੁਆਕ ਦਾ ਅੱਡ ਬੁਰਾ ਹਾਲ ਸੀ। ਸੁਦਾਗਰ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਾ ਦਿੰਦਾ। ਪਿਓ ਗਾਲ੍ਹਾਂ ਕੱਢਣ ਲੱਗਦਾ ਤਾਂ ਉਹ ਜਵਾਬ ਦਿੰਦਾ- 'ਮੈਂ ਕਦੋਂ ਆਖਿਆ ਸੀ, ਇਹਦੇ ਨਾਲ ਵਿਆਹ ਕਰੋ ਮੇਰਾ? ਹੁਣ ਭਗਤੋ, ਤੁਸੀਂ ਭੁਗਤੋ, ਇਹ ਭੁਗਤੇ।'

ਇੱਕ ਦਿਨ ਸਵਰਨ ਕੌਰ ਦਾ ਵੱਡਾ ਭਾਈ ਆਇਆ ਤੇ ਉਹਨੂੰ ਲੈ ਗਿਆ। ਕਹਿੰਦਾ- 'ਮਾਸੀ ਜੀ, ਅਸੀਂ ਇਹਦਾ ਆਪੇ 'ਲਾਜ ਕਰਾਵਾਂਗੇ।' ਮੁੰਡਾ ਸ਼ਮਸ਼ੇਰ ਖਾਸਾ ਉਡਾਰ ਸੀ। ਮਾਂ ਬਗੈਰ ਰਹਿ ਸਕਦਾ ਸੀ। ਉਹਨੂੰ ਦਾਦੇ-ਦਾਦੀ ਨੇ ਆਪਣੇ ਕੋਲ ਰੱਖ ਲਿਆ।

ਪੇਕੀ ਜਾ ਕੇ ਵੀ ਉਹ ਸੰਭਲ ਨਹੀਂ ਸਕੀ। ਓਹੀ ਚੀਕਾਂ, ਓਹੀ ਰੋਣ ਧੋਣ। ਕੱਪੜਿਆਂ ਵਿੱਚ ਹੀ ਟੱਟੀ-ਪਿਸ਼ਾਬ ਕਰ ਲੈਂਦੀ। ਚੁੱਪ-ਚਾਪ ਹੀ ਘਰੋਂ ਬਾਹਰ ਹੁੰਦੀ ਤੇ ਨਾਲ਼ੀ ਦਾ ਬਾਹਰ ਕੱਢ ਕੇ ਸੁੱਟਿਆ ਗੰਦ ਗ਼ਾਰਾ ਖਾਣ ਲੱਗਦੀ। ਦਵਾਈਆਂ ਨੇ ਕੋਈ ਅਸਰ ਨਹੀਂ ਕੀਤਾ ਸੀ। ਇੱਕ ਰਾਤ ਪਤਾ ਨਹੀਂ ਕਦੋਂ ਉਹ ਉੱਠੀ ਤੇ ਘਰੋਂ ਬਾਹਰ ਜਾ ਕੇ ਬੋਹੜ ਵਾਲੇ ਖੂਹ ਵਿੱਚ ਛਾਲ ਮਾਰ ਦਿੱਤੀ, ਮਰ ਗਈ।

ਸੁਦਾਗਰ ਨੇ ਸ਼ੁਕਰ ਮਨਾਇਆ। ਕੰਡਿਆਂ ਦਾ ਮੈਦਾਨ ਜਿਵੇਂ ਸਾਫ਼ ਹੋ ਗਿਆ ਹੋਵੇ। ਕੁਝ ਮਹੀਨੇ ਤਾਂ ਉਹ ਚੁੱਪ ਰਿਹਾ। ਟਰੈਕਟਰ-ਏਜੰਸੀ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗਿਆ। ਬਾਪ ਸਾਹਮਣੇ ਸਾਊ ਜਿਹਾ ਬਣ ਕੇ ਰਹਿੰਦਾ। ਮੂਹਰੇ ਹੋ ਕੇ ਕੰਮ ਕਰਦਾ। ਗੱਲੀਂ-ਗੱਲੀਂ ਫੇਰ ਡੂੰਡਕਾ ਚੁੱਕ ਲਿਆ ਕਿ ਉਹਨੇ ਪਿਆਰੋ ਨਾਲ ਵਿਆਹ ਕਰਾਉਣਾ ਹੈ। ਉਹਦੀ ਗੱਲ ਨੂੰ ਫੇਰ ਕੁਚਲ ਦਿੱਤਾ ਗਿਆ। ਸੁਦਾਗਰ ਦਾ ਬਾਪ ਪਹਿਲਾਂ ਵਾਂਗ ਹੀ ਅੜ ਗਿਆ। ਪਿਆਰੋ ਦੀ ਮਾਂ ਪਹਿਲਾਂ ਵਾਂਗ ਹੀ ਡਰਾਵਾ ਦਿੰਦੀ ਕਿ ਉਹ ਜ਼ਹਿਰ ਖਾ ਕੇ ਮਰ ਜਾਵੇਗੀ, ਜੇ ਇਹ ਗੱਲ ਹੋ ਗਈ। ਮਾਂ ਨੂੰ ਪੇਕਿਆਂ ਦੀ ਲਾਜ ਬਹੁਤੀ ਸੀ। ਗੁੱਜਰਆਲੀਏ ਫੇਰ ਵੀ ਖ਼ਾਨਦਾਨੀ ਬੰਦੇ ਸਨ। ਸੁਦਾਗਰ ਦਾ ਬਾਪ ਕਹਿੰਦਾ ਸੀ, ਮੁੰਡਾ

30

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ