ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਲ ਛੱਡ ਕੇ ਤੇ ਟਰੈਕਟਰ ਏਜੰਸੀ ਨੌਕਰਾਂ ਨੂੰ ਸੰਭਾਲ ਕੇ ਸੁਦਾਗਰ ਨੇ ਪਿਆਰੋ ਨੂੰ ਕਾਰ ਵਿੱਚ ਬਿਠਾਇਆ ਤੇ ਕਾਰ ਸਿੱਧੀ ਸ਼ਿਮਲੇ ਨੂੰ ਤੋਰ ਲਈ।

ਸਤਬੀਰ ਕੌਰ ਦੇ ਮਾਪੇ ਗ਼ਰੀਬ ਸਨ। ਨਾ ਉਹ ਲੜ ਝਗੜ ਸਕਦੇ ਸਨ ਤੇ ਨਾ ਉਹਨਾਂ ਵਿੱਚ ਕਚਹਿਰੀ ਜਾਣ ਦੀ ਹਿੰਮਤ ਸੀ। ਰਿਸ਼ਤੇਦਾਰਾਂ ਨੂੰ ਵਿੱਚ ਪਾ ਕੇ ਉਹਨਾਂ ਨੇ ਸਤਬੀਰ ਦਾ ਖਰਚਾ ਬੰਨ੍ਹਵਾ ਲਿਆ। ਹਰ ਮਹੀਨੇ ਉਹਨੂੰ ਮਨੀਆਰਡਰ ਪਹੁੰਚ ਜਾਂਦਾ। ਪੇਕਿਆਂ ਬਾਰ ਬੈਠੀ ਉਹ ਦਿਨ ਕੱਟਦੀ ਤੇ ਆਪਣੇ ਜੁਆਕ ਪਾਲ਼ਦੀ। ਉਹੀ ਉਹਦਾ ਸਹਾਰਾ ਸਨ। ਏਦਾਂ ਹੀ ਕਈ ਸਾਲ ਗੁਜ਼ਰ ਗਏ। ਫੇਰ ਸੁਦਾਗਰ ਕੋਲ ਵੀ ਗੇੜਾ ਮਾਰ ਜਾਂਦਾ। ਸਤਬੀਰ ਨੂੰ ਨਕਦ ਪੈਸੇ ਦਿੰਦਾ। ਇੰਝ ਪਿਆਰੋ ਤੋਂ ਚੋਰੀਓਂ ਆਉਂਦਾ। ਮਨੀਆਰਡਰ ਹਰ ਮਹੀਨੇ ਲਗਾਤਾਰ ਪਹੁੰਚਦਾ ਸੀ।

ਪਿਆਰੋ ਦੀ ਉਮਰ ਨਿੱਕਲ ਚੁੱਕੀ ਸੀ। ਉਹਦੇ ਬੱਚਾ ਕੋਈ ਨਹੀਂ ਹੋਇਆ। ਹਾਂ! ਸ਼ਮਸ਼ੇਰ ਉਹਨਾਂ ਕੋਲ ਸੀ। ਉਹ ਦਸ ਜਮਾਤਾਂ ਪਾਸ ਕਰ ਗਿਆ ਸੀ। ਫੇਰ ਨਾ ਕੋਈ ਨੌਕਰੀ ਕਰਦਾ ਸੀ ਤੇ ਨਾ ਟਰੈਕਟਰ ਏਜੰਸੀ ਦੇ ਕੰਮ ਵਿੱਚ ਉਹਦੀ ਕੋਈ ਰੁਚੀ ਸੀ। ਸੁਦਾਗਰ ਉਹਦੇ ਵੱਲ ਕੋਈ ਖ਼ਾਸ ਧਿਆਨ ਨਾ ਦਿੰਦਾ। ਪਿਆਰੋ ਉਹਨੂੰ ਪਿਆਰ ਕਰਦੀ ਤੇ ਸਮਝਾਉਂਦੀ ਕਿ ਉਹ ਹੋਰ ਪੜ੍ਹ ਲਵੇ-ਫੇਰ ਕੋਈ ਟਰੇਨਿੰਗ ਕਰਕੇ ਕਿਸੇ ਕੰਮ ਵਿੱਚ ਪਵੇ। ਇੰਜ ਸਾਰੀ ਉਮਰ ਉਹਦਾ ਗੁਜ਼ਾਰਾ ਨਹੀਂ।

ਸੁਦਾਗਰ ਉਦਾਸ ਰਹਿੰਦਾ। ਟਰੈਕਟਰ ਏਜੰਸੀ ਦਾ ਕੰਮ ਲਗਭਗ ਠੱਪ ਸੀ। ਦੁਕਾਨ ਵਿੱਚ ਨਵਾਂ ਮਾਲ ਆਉਣਾ ਬੰਦ ਹੋ ਗਿਆ। ਨੌਕਰ ਭੱਜ ਗਏ। ਨਵਾਂ ਨੌਕਰ ਓਧਰ ਮੂੰਹ ਨਹੀਂ ਸੀ ਕਰਦਾ। ਸੁਦਾਗਰ ਨਿੱਤ ਸ਼ਰਾਬ ਪੀਂਦਾ ਤੇ ਚੁੱਪ-ਚੁੱਪ ਰਹਿੰਦਾ। ਕੋਈ ਕਹਿੰਦਾ ਸ਼ਰਾਬ ਬਹੁਤ ਪੀਤੀ ਹੋਈ ਸੀ, ਕੋਈ ਕਹਿੰਦਾ ਦਿਲ ਫੇਲ੍ਹ ਹੋ ਗਿਆ ਤੇ ਕੋਈ ਇਹ ਵੀ ਆਖਦਾ ਕਿ ਉਹਨੂੰ ਕਿਸੇ ਨੇ ਕੁਝ ਦੇ ਦਿੱਤਾ ਸੀ, ਉਹ ਇਕ ਦਿਨ ਸਵੇਰੇ ਬਿਸਤਰੇ ਵਿੱਚ ਸੁੱਤੇ ਦਾ ਸੁੱਤਾ ਪਿਆ ਮਿਲਿਆ।

ਸਤਬੀਰ ਕੌਰ ਨੇ ਰਿਸ਼ਤੇਦਾਰਾਂ ਦਾ ਇਕੱਠ ਕਰਕੇ ਸੁਦਾਗਰ ਸਿੰਘ ਦਾ ਜੋ ਕੁਝ ਵੀ ਸੀ, ਅੱਧਾ ਵੰਡਾ ਲਿਆ। ਮਕਾਨ ਤੇ ਦੁਕਾਨ ਦਾ ਅੱਧ ਵੀ। ਬੈਂਕਾਂ ਵਿੱਚ ਵੀ ਉਹਦਾ ਪੈਸਾ ਸੀ। ਅੱਧ ਸ਼ਮਸ਼ੇਰ ਤੇ ਅੱਧ ਪਿਆਰੋ ਨੂੰ ਦਿੱਤਾ ਗਿਆ। ਕੁਝ ਸਾਲ ਤਾਂ ਸ਼ਮਸ਼ੇਰ ਗੁਰਪਿਆਰ ਕੌਰ ਕੋਲ ਰਿਹਾ, ਪੁੱਤਾਂ ਜਿਹਾ ਪਿਆਰ ਲੈਂਦਾ ਰਿਹਾ, ਫੇਰ ਉਹਦੀ ਚਾਲ-ਢਾਲ ਠੀਕ ਨਹੀਂ ਰਹੀ। ਇੱਕ ਦਿਨ ਗੁਰਪਿਆਰ ਕੌਰ ਨੇ ਉਹਨੂੰ ਘਰੋਂ ਕੱਢ ਦਿੱਤਾ। ਆਖਿਆ- 'ਮਕਾਨ ਦੁਕਾਨ ਦਾ ਹਿੱਸਾ ਲੈ ਲੈ ਆਪਣਾ, ਪੈਸਾ ਅੱਧਾ ਦਿੱਤਾ ਤੈਨੂੰ, ਤੂੰ ਮੇਰਾ ਖਹਿੜਾ ਛੱਡ। ਮੈਂ ਇਕੱਲੀ ਰਹਿਣਾ ਚਾਹੁੰਨੀ ਆਂ।'

ਗੁਰਪਿਆਰ ਕੌਰ ਫੇਰ ਤਾਂ ਬਿਲਕੁਲ ਇਕੱਲੀ ਸੀ। ਕਿਸੇ ਦਾ ਚੁਬਾਰਾ ਕਿਰਾਏ ਉੱਤੇ ਲੈ ਕੇ ਰਹਿੰਦੀ। ਮਕਾਨ-ਦੁਕਾਨ ਦਾ ਜੋ ਹਿੱਸਾ ਸੀ, ਉਹਨਾਂ ਦਿਨਾਂ ਵਿੱਚ ਹੀ ਵੇਚ ਦਿੱਤਾ ਸੀ। ਸਰਵਿਸ ਦੌਰਾਨ ਹੀ ਉਹਨੇ ਅੰਗਰੇਜ਼ੀ ਦੀ ਐੱਮ. ਏ. ਕਰ ਲਈ ਸੀ। ਸਿਰ ਦੇ ਵਾਲ਼ ਚਿੱਟੇ ਹੋ ਚੁੱਕੇ ਸਨ। ਮਹਿੰਦੀ ਲਾ ਕੇ ਰੱਖਦੀ। ਦਸਵੀਂ-ਬਾਰ੍ਹਵੀ ਦੀਆਂ ਕੁੜੀਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਟਿਊਸ਼ਨ ਕਰਨਾ ਉਹਦਾ ਮੁੱਖ ਰੁਝੇਵਾਂ ਰਹਿ ਗਿਆ। ਸਰਦੀ ਦੇ ਦਿਨਾਂ ਵਿੱਚ ਸਾਥੀ ਅਧਿਆਪਕਾਂ ਦੇ ਮੁੰਡੇ-ਕੁੜੀਆਂ ਲਈ ਸਵੈਟਰ-ਕੋਟੀਆਂ ਬੁਣ

32

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ