ਚਰਾਗ਼
ਪੱਖੋ ਕੈਂਚੀਆਂ 'ਤੇ ਆ ਕੇ ਨਿਹਾਲ ਨੇ ਬੱਸ ਬਦਲਣੀ ਸੀ। ਬੱਦਲਾਂ ਵਿੱਚੋਂ ਤਿੱਖੀ ਧੁੱਪ ਨਿਕਲ ਆਈ। ਹਵਾ ਮਾੜੀ-ਮਾੜੀ ਵਗਦੀ ਸੀ। ਦੁਪਹਿਰ ਢਲ ਚੱਲੀ ਸੀ। ਚਾਹ ਦੀ ਦੁਕਾਨ ਕੋਲ ਖੜ੍ਹੇ ਮਾੜਚੂ ਜਿਹੇ ਤੂਤ ਥੱਲੇ ਚਾਰ-ਪੰਜ ਬੰਦੇ ਇੱਟਾਂ ਹੇਠ ਲੈ ਕੇ ਬੈਠੇ ਹੋਏ ਸਨ। ਪਰ੍ਹਾਂ ਦੂਰ ਤਪੇ ਵਾਲੀ ਸੜਕ 'ਤੇ ਮਲ੍ਹਾ ਬੇਰੀ ਦੀ ਛਾਂ ਵਿੱਚ ਤਿੰਨ ਬੁੜ੍ਹੀਆਂ ਕੋਲ-ਕੋਲ ਘੁਸੜ ਕੇ ਬੈਠੀਆਂ ਗੱਲਾਂ ਕਰ ਰਹੀਆਂ ਸਨ। ਸ਼ਰਾਬ ਦੇ ਠੇਕੇ ਵੱਲ ਛਾਂਗੀਆਂ ਹੋਈਆਂ ਦੋ ਉੱਚੀਆਂ-ਉੱਚੀਆਂ ਟਾਹਲੀਆਂ ਸਨ। ਉਹਨਾਂ ਦੀਆਂ ਜੜ੍ਹਾਂ ਵਿੱਚ ਛਾਂ ਕੋਈ ਨਹੀਂ ਸੀ। ਉਹ ਫਲਾਂ ਵਾਲੇ ਖੋਖੇ ਦੀ ਓਟ ਵਿੱਚ ਬੈਠ ਗਿਆ। ਥੋੜ੍ਹੀ ਜਿਹੀ ਛਾਂ ਵਿੱਚ ਸਿਰ ਤਾਂ ਢੱਕਿਆ ਗਿਆ, ਪਰ ਪੈਰਾਂ ਉੱਤੇ ਧੁੱਪ ਹੀ ਰਹੀ। ਉਹ ਨੂੰ ਦੇਖ ਕੇ ਸ਼ਹਿਣੇ ਦਾ ਹੀ ਇੱਕ ਹੋਰ ਆਦਮੀ ਆਇਆ ਤੇ ਉਹ ਦੇ ਨਾਲ ਲੱਗ ਕੇ ਬੈਠ ਗਿਆ। 'ਤੂੰ......ਚਾਚਾ, ਕਿਧਰ?' ਨਿਹਾਲ ਨੇ ਉਹ ਨੂੰ ਪੁੱਛਿਆ।
'ਮੈਂ ਤਾਂ ਭਤੀਜ ਬੱਧਣੀ ਤਾਈਂ ਚੱਲਿਆਂ। ਛੋਟਾ ਜਿਹਾ ਕੰਮ ਹੈ ਇੱਕ।' ਮੈਂਗਲ ਨੇ ਜਵਾਬ ਦਿੱਤਾ ਤੇ ਪੁੱਛਿਆ- 'ਤੂੰ?'
'ਮੈਂ ਬੁੱਟਰ ਨੂੰ।'
'ਅੱਛਾ, ਅੱਛਾ!' ਇਉਂ ਕਹਿ ਬਈ ਸੁਹਰੀ ਚੱਲਿਐਂ। ਮੈਂਗਲ ਕਰੜ੍ਹ-ਬਰ੍ਹੜੀਆਂ ਮੁੱਛਾਂ ਉੱਤੇ ਹੱਥ ਫੇਰ ਕੇ ਮੁਸਕਰਾਇਆ। ਤੇ ਫੇਰ ਧੀਰਜ ਭਾਅ ਨਾਲ ਪੁੱਛਣ ਲੱਗਿਆ- 'ਸੁੱਖ ਐ?'
ਹਾਂ, ਸੁੱਖ ਨਾਲ ਈ ਚਲਿਆਂ ਚਾਚਾ।' ਨਿਹਾਲ ਅੱਖਾਂ ਵਿੱਚ ਹੀ ਹੱਸਿਆ ਤੇ ਫੇਰ ਆਪ ਹੀ ਦੱਸਣ ਲੱਗਿਆ- 'ਤੇਰੀ ਨੂੰਹ ਨੂੰ ਲੈਣ ਚੱਲਿਆਂ।'
'ਮੈਨੂੰ ਲੱਗਦੈ, ਬਹੂ ਗਈ ਨੂੰ ਤਾਂ ਜਿਵੇਂ ਖਾਸਾ ਚਿਰ ਹੋ ਗਿਆ?'
ਹਾਂ, ਤਿੰਨ ਮਹੀਨੇ ਹੋ ਗਏ।'
'ਹੱਛਾ! ਫੇਰ ਤਾਂ ਬਹੁਤ ਦਿਨ ਲਾ 'ਤੇ ਐਤਕੀਂ ਬਹੂ ਨੇ। ਰੋਟੀ ਫੇਰ?'
'ਭੂਆ ਆਈ ਹੋਈ ਐ।ਉਹ ਲਿਆਂਦੀ ਸੀ ਮਖਿਆ....'
ਅਗਾਂਹ ਜਿਵੇਂ ਦੋਹਾਂ ਨੂੰ ਝਿਜਕ ਪੈ ਗਈ ਹੋਵੇ। ਮੈਂਗਲ ਹੋਰ ਕੁਝ ਪੁੱਛ ਨਹੀਂ ਰਿਹਾ ਸੀ ਤੇ ਨਿਹਾਲ ਹੋਰ ਕੁਝ ਦੱਸ ਨਹੀਂ ਰਿਹਾ ਸੀ। ਦੋਵੇਂ ਹੀ ਚੁੱਪ ਬੈਠੇ ਹੋਏ ਸਨ। ਮੈਂਗਲ ਚੋਰ ਅੱਖੀਂ ਨਿਹਾਲ ਸਿੰਘ ਦਾ ਚਿਹਰਾ ਦੇਖ ਜਾਂਦਾ ਤੇ ਚੋਰ-ਅੱਖੀਂ ਹੀ ਉਹਨੂੰ ਤਾੜਦਾ। ਤੇ ਫੇਰ ਉਹ ਬਰਨਾਲੇ ਤੋਂ ਮੋਗੇ ਨੂੰ ਜਾਣ ਵਾਲੀ ਬੱਸ ਦੀ ਉਡੀਕ ਖੜ੍ਹੇ ਹੋ ਕੇ ਕਰਨ