ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/37

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਿ ਮੋਗੇ ਨੂੰ ਆ ਰਹੀ ਪੰਜਾਬ ਰੋਡਵੇਜ਼ ਦੀ ਇੱਕ ਬੱਸ ਚੀਮੇ-ਜੋਧਪੁਰ ਦੇ ਅੱਡੇ ਤੋਂ ਇੱਕ ਮੀਲ ਉਰ੍ਹਾਂ ਵਿਗੜੀ ਖੜ੍ਹੀ ਹੈ। ਸਵਾਰੀਆਂ ਪਰੇਸ਼ਾਨ ਹਨ। ਉਸ ਸਮੇਂ ਹੀ ਤਪੇ ਵੱਲੋਂ ਖ਼ਾਲੀ ਟੈਂਪੂ ਗੱਡੀ ਆਈ। ਉਹਨੇ ਮੋਗੇ ਪਹੁੰਚਣਾ ਸੀ, ਉਹਦੇ ਵਿੱਚ ਦੋ ਤਿੰਨ ਸਵਾਰੀਆਂ ਮਗਰੋਂ ਹੀ ਕਿਤੋਂ ਬੈਠੀਆਂ ਹੋਈਆਂ ਸਨ। ਕੈਂਚੀਆਂ ਉੱਤੇ ਟੈਂਪੂ-ਗੱਡੀ ਇੱਕ ਮਿੰਟ ਰੁਕੀ ਤਾਂ ਸੱਤ-ਅੱਠ ਸਵਾਰੀਆਂ ਫਟਾ-ਫਟ ਉਹਦੇ ਵਿੱਚ ਚੜ੍ਹ ਗਈਆਂ। ਨਿਹਾਲ ਤੇ ਮੈਂਗਲ ਵੀ। ਕਿੰਨੀਆਂ ਹੀ ਹੋਰ ਸਵਾਰੀਆਂ ਟੈਂਪੂ-ਗੱਡੀ ਨੂੰ ਦੇਖਦੀਆਂ ਖੜ੍ਹੀਆਂ ਰਹਿ ਗਈਆਂ।

ਰਾਹ ਵਿੱਚ ਹਰ ਅੱਡੇ ਉੱਤੇ ਸਵਾਰੀਆਂ ਉਤਰਦੀਆਂ ਤੇ ਹੋਰ ਚੜ੍ਹ ਜਾਂਦੀਆਂ। ਡਰਾਈਵਰ ਦਾ ਸਹਾਇਕ ਲੰਬੂਤਰੇ ਜਿਹੇ ਮੂੰਹ ਵਾਲਾ ਇੱਕ ਰਾਜਸਥਾਨੀ ਮੁੰਡਾ ਸਵਾਰੀਆਂ ਦੇ ਉਤਰਨ ਤੋਂ ਪਹਿਲਾਂ ਹੀ ਕਿਰਾਏ ਦੇ ਪੈਸੇ ਫੜ ਲੈਂਦਾ। ਲੋਕ ਬੱਸ ਜਿੰਨਾ ਕਿਰਾਇਆ ਆਪਣੇ ਆਪ ਹੀ ਦਿੰਦੇ ਜਾ ਰਹੇ ਸਨ। ਜੇਬ ਵਿੱਚ ਪੈਸੇ ਪਾ ਕੇ ਉਹ ਡਰਾਈਵਰ ਕੋਲ ਜਾ ਬੈਠਦਾ ਤੇ ਹਵਾ ਨੂੰ ਚੀਰਦੀ ਜਾ ਰਹੀ ਟੈਂਪੂ-ਗੱਡੀ ਦੇ ਸ਼ੋਰ ਵਿੱਚ ਕੋਈ ਰਾਜਸਥਾਨੀ ਗੀਤ ਗਾਉਣ ਲੱਗਦਾ। ਮਗਰ ਬੈਠੀਆਂ ਸਵਾਰੀਆਂ ਨੂੰ ਉਹਦੀ ਤਿੱਖੀ ਆਵਾਜ਼ ਸੁਣਦੀ। ਸਮਝ ਕਿਸੇ ਨੂੰ ਨਾ ਆਉਂਦੀ। ਨਿਹਾਲ ਦਾ ਮਨ ਬੁੱਟਰ ਜੀਤਾਂ ਕੋਲ ਪਹੁੰਚਿਆ ਹੋਇਆ ਸੀ। ਸੁਪਨੇ ਵਾਂਗ ਉਹਨੂੰ ਲੱਗਦਾ, ਜਿਵੇਂ ਜੀਤਾਂ ਦਾ ਪੇਟ ਵਧ ਗਿਆ ਹੋਵੇ। ਉਹ ਕੱਚੀ ਕੰਧ ਵਿੱਚੋਂ ਖਸਤਾ ਰੋੜ ਕੱਢ-ਕੱਢ ਖਾ ਰਹੀ ਹੋਵੇ।

ਟੈਂਪੂ-ਗੱਡੀ ਬੱਧਣੀ ਦੀ ਹੱਦ ਵਿੱਚ ਦਾਖ਼ਲ ਹੋਈ ਤਾਂ ਉਹਨੂੰ ਇੱਕ ਪੁਲਸ ਜੀਪ ਨੇ ਕਰਾਸ ਕੀਤਾ। ਉਹ ਥੋੜ੍ਹੀ ਦੂਰ ਹੀ ਲੰਘੇ ਹੋਣਗੇ ਕਿ ਉਹ ਜੀਪ ਮਗਰ ਆਉਂਦੀ ਉਹਨਾਂ ਨੂੰ ਦਿਸੀ। ਟੈਂਪੂ-ਗੱਡੀ ਨੂੰ ਕੱਟਦੀ ਜੀਪ ਨੇ ਸੜਕ ਰੋਕ ਲਈ। ਜੀਪ ਰੁਕ ਗਈ। ਟੈਂਪੂ-ਗੱਡੀ ਦਾ ਡਰਾਈਵਰ ਘਬਰਾਹਟ ਵਿੱਚ ਸੀ। ਜੀਪ ਵਿੱਚੋਂ ਉੱਤਰ ਕੇ ਥਾਣੇਦਾਰ ਨੇ ਉਹਨੂੰ ਫੋਕਾ ਜਿਹਾ ਧਮਕਾਇਆ ਤੇ ਫੇਰ ਪੁੱਛਿਆ- 'ਕਿਥੋਂ ਚਲਿਐਂ?'

'ਜੀ, ਰਾਮੁਪਰੇ ਤੋਂ।'

'ਜਾਣਾ ਕਿਥੇ ਐ?'

'ਮੋਗੇ ਜਨਾਬ।'

'ਇਹ ਸਵਾਰੀਆਂ ਕਿਥੋਂ ਚੁੱਕੀਆਂ ਨੇ?'

'ਬੁੜ੍ਹੀਆਂ ਤਾਂ ਤਿੰਨੇ ਜੀ, ਬਲਾਸਪੁਰ ਤੋਂ ਚੜ੍ਹੀਆਂ ਨੇ। ਬੰਦੇ ਦੋਵੇਂ ਪੱਖੋ ਕੈਂਚੀਆਂ ਤੋਂ?'

'ਪੱਖੋ ਕੈਂਚੀਆਂ ਤੋਂ?'

'ਹਾਂ ਜੀ।'

ਡਰਾਈਵਰ ਨੂੰ ਛੱਡ ਕੇ ਥਾਣੇਦਾਰ ਬੰਦਿਆਂ ਵੱਲ ਹੋਇਆ। ਸ਼ੱਕ ਭਰੀਆਂ ਨਿਗਾਹਾਂ ਨਾਲ ਦੇਖਣ ਲੱਗਿਆ। ਤੇ ਫੇਰ ਅੱਖਾਂ ਦੇ ਇਸ਼ਾਰੇ ਨਾਲ ਦੋਵਾਂ ਨੂੰ ਥੱਲੇ ਉਤਾਰ ਲਿਆ। ਡਰਾਇਵਰ ਨੂੰ ਕਿਹਾ, 'ਤੂੰ ਜਾਹ!'

ਡਰਾਈਵਰ ਨੇ ਟੈਂਪੂ-ਗੱਡੀ ਸਟਾਰਟ ਕੀਤੀ ਤਾਂ ਇਕ ਸਿਪਾਹੀ ਉਹਦੇ ਸਟੇਅਰਿੰਗ ਨੂੰ ਹੱਥ ਪਾ ਕੇ ਕਹਿੰਦਾ- 'ਸਾਡੀ ਲੱਸੀ ਭਾਈ ਸਾਅਬ?'

ਚਰਾਗ਼
37