ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਰੁਪਈਏ ਤਾਂ ਸਾਰੇ ਦਸ ਬਣੇ ਨੇ। ਸਾਡਾ ਖ਼ਰਚ ਈ ਮਸਾਂ ਪੂਰਾ ਹੋਊ।'

'ਰਾਮਪੁਰੇ ਤੋਂ ਚੱਲ ਕੇ ਦਸ ਈ?' ਕਿੰਨੀਆਂ ਸਵਾਰੀਆਂ ਲਈਆਂ?' ਸਿਪਾਹੀ ਰੋਅਬ ਵਿੱਚ ਆਉਣ ਲੱਗਿਆ।

'ਅੱਜ ਤਾਂ ਮੰਦਾ ਈ ਐ।' ਤੇ ਫੇਰ ਡਰਾਈਵਰ ਨੇ ਰਾਜਸਥਾਨੀ ਮੁੰਡੇ ਨੂੰ ਕਿਹਾ- 'ਦੋ ਰੁਪਏ ਦੇ ਦੇ ਓਏ, ਨਬੇੜ ਪਰ੍ਹੇ।'

ਸਿਪਾਹੀ ਕਹਿੰਦਾ- 'ਪੰਜ ਕਰਦੇ। ਬੰਦੇ ਤਾਂ ਦੇਖ। ਇੱਕ-ਇੱਕ ਗਲਾਸ ਤਾਂ ਆਵੇ ਲੱਸੀ ਦਾ। ਛੇਤੀ ਕਰ, ਸਰਦਾਰ ਸੁਣੀਂ ਜਾਂਦੈ।'

'ਓਏ ਚੱਲ, ਪੰਜ ਦੇ ਦੇ ਓਏ।' ਡਰਾਈਵਰ ਨੇ ਕਿਹਾ ਤੇ ਮੁੰਡੇ ਤੋਂ ਪੰਜਾਂ ਦਾ ਨੋਟ ਲੈ ਕੇ ਸਿਪਾਹੀ ਵੱਲ ਵਧਾ ਦਿੱਤਾ।

ਟੈਂਪੂ-ਗੱਡੀ ਤੁਰ ਗਈ।

'ਚੱਲੋ, ਬੈਠੋ ਜੀਪ 'ਚ। ਥਾਣੇਦਾਰ ਨੇ ਗ਼ੁੱਸੇ ਵਿੱਚ ਆਖਿਆ।' 'ਸਰਦਾਰ ਜੀ, ਕਸੂਰ ਤਾਂ ਦੱਸੋ ਸਾਡਾ?' ਮੈਂਗਲ ਨੇ ਹੱਥ ਜੋੜੇ।

'ਸਰਦਾਰ ਜੀ, ਮੈਂ ਤਾਂ ਬੁੱਟਰ ਤਾਈਂ ਜਾਣੈ। ਸਹੁਰੇ ਨੇ ਓਥੇ ਮੇਰੇ।' ਨਿਹਾਲ ਵੀ ਹੱਥ ਬੰਨ੍ਹੀਂ ਖੜ੍ਹਾ ਸੀ।

'ਚੱਲੋ, ਥਾਣੇ ਚੱਲ ਕੇ ਪੁੱਛਦੇ ਆ ਥੋਨੂੰ।' ਥਾਣੇਦਾਰ ਫੇਰ ਆਕੜਿਆ।

ਇੱਕ ਸਿਪਾਹੀ ਨੇ ਮੈਂਗਲ ਦੇ ਮੋਢੇ ਨੂੰ ਹੱਥ ਲਾ ਕੇ ਆਖਿਆ।

'ਕਿਉਂ ਖਾਣੀਆਂ ਨੇ, ਚੁੱਪ ਕਰਕੇ ਬਹਿ ਜਾ ਜੀਪ 'ਚ।'

'ਸਰਦਾਰ ਜੀ, ਤਲਾਸ਼ੀ ਲੈ ਲੋ, ਭੋਰਾ ਨ੍ਹੀਂ ਮੇਰੇ ਕੋਲ ਤਾਂ।' ਮੈਂਗਲ ਨੇ ਪੈਰ ਅੜਾਏ।

ਥਾਣੇਦਾਰ ਸਿਪਾਹੀ ਵੱਲ ਝਾਕਿਆ ਤਾਂ ਉਹਨੇ ਬੈਂਤ ਦਾ ਝੰਡਾ ਮੈਂਗਲ ਦੇ ਮੌਰਾਂ ਉੱਤੇ ਮਾਰਿਆ। ਮੈਂਗਲ ਨੀਵੀਂ ਪਾ ਕੇ ਜੀਪ ਵਿੱਚ ਜਾ ਬੈਠਾ। ਮਗਰ ਹੀ ਨਿਹਾਲ। ਸਿਪਾਹੀ ਉਹਨਾਂ ਦੇ ਪਿੱਛੇ ਉਹਨਾਂ ਦੇ ਨਾਲ ਲੱਗ ਕੇ ਬੈਠ ਗਏ। ਥਾਣੇਦਾਰ ਡਰਾਈਵਰ ਕੋਲ ਬੈਠਾ ਹੋਇਆ ਸੀ। ਜੀਪ ਝਟਕੇ ਨਾਲ ਤੁਰੀ। ਡਰਾਈਵਰ ਥਾਣੇਦਾਰ ਵੱਲ ਝਾਕ ਕੇ ਮੁਸਕਰਾਇਆ ਤੇ ਬੋਲਿਆ, 'ਸਰਦਾਰ ਜੀ, ਕੋਟਾ ਪੂਰਾ ਹੋ ਗਿਆ ਥੋਡਾ ਤਾਂ।'

'ਚੱਲ ਬਦਮਾਸ਼।' ਥਾਣੇਦਾਰ ਨੇ ਡਰਾਈਵਰ ਨੂੰ ਮਿੱਠਾ-ਮਿੱਠਾ ਘੂਰਿਆ।

ਧੂੜ ਦੇ ਬੱਦਲ ਉਡਾਉਂਦੀ ਜੀਪ ਸੜਕ ਉੱਤੇ ਤੇਜ਼ ਭੱਜੀ ਜਾ ਰਹੀ ਸੀ। ਮੈਂਗਲ ਤੇ ਨਿਹਾਲ ਇੱਕ ਦੂਜੇ ਵੱਲ ਚੋਰੀ ਜਿਹਾ ਝਾਕਦੇ ਤੇ ਬੇਬਸ ਹੋ ਕੇ ਰਹਿ ਜਾਂਦੇ। ਉਹ ਕੋਈ ਵੀ ਗੱਲ ਨਹੀਂ ਕਰ ਸਕਦੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਸਹਿਮ ਉਤਰਿਆ ਹੋਇਆ ਸੀ। ਜੀਪ ਕਿਸੇ ਵੀ ਅੱਡੇ ਉੱਤੇ ਨਹੀਂ ਰੁਕੀ। ਰਾਹ ਵਿੱਚ ਇੱਕ ਵਾਰੀ ਮੈਂਗਲ ਨੇ ਭਰੜਾਏ ਜਿਹੇ ਬੋਲ ਵਿੱਚ ਥਾਣੇਦਾਰ ਨੂੰ ਪੁੱਛਿਆ- 'ਸਰਦਾਰ ਜੀ, ਦੱਸ ਤਾਂ ਦਿਓ, ਸਾਨੂੰ ਲਿਜਾ ਕਿਥੇ ਰਹੇ ਓ?'

'ਦੱਸੀਏ? ਖੜ੍ਹਾਅ ਓਏ ਜੀਪ' ਥਾਣੇਦਾਰ ਨੇ ਕਿਹਾ। ਮੈਂਗਲ ਚੁੱਪ ਹੋ ਕੇ ਨੀਵੀਂ ਪਾ ਗਿਆ।

ਅੱਧੇ ਘੰਟੇ ਵਿੱਚ ਜੀਪ ਮੋਗੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਗਈ। ਥਾਣੇਦਾਰ ਨੇ ਅੱਧਾ ਕਿਲੋ ਅਫੀਮ ਦੋਹਾਂ ਨੂੰ ਦਿਖਾ ਕੇ ਆਖਿਆ- 'ਥੋਡੇ ਨਾਉਂ ਪੈ ਜੂ,ਨਹੀਂ ਚਲੋ ਅੰਦਰ।'

38

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ